ਬਰੈਂਪਟਨ/ਬਿਊਰੋ ਨਿਊਜ਼ : ਕਾਰਾਂ ਦੀ ਚੋਰੀ ਨੂੰ ਨੱਥ ਪਾਉਣ ਹਿਤ ਕੈਨੇਡਾ ਸਰਕਾਰ ਵੱਲੋਂ ਨੈਸ਼ਨਲ ਐੱਕਸ਼ਨ ਪਲੈਨ ਅਧੀਨ ਹੋਈ ਪ੍ਰਗਤੀ ਉੱਪਰ ਪਿਛਲੇ ਹਫ਼ਤੇ ਬਿਆਨ ਜਾਰੀ ਕੀਤਾ ਗਿਆ। ਇਹ ਐੱਕਸ਼ਨ ਪਲੈਨ ਜੋ ਕਿ ਕਾਰਾਂ ਦੀ ਚੋਰੀ ਨੂੰ ਰੋਕਣ ਲਈ ਕੌਮੀ ਪੱਧਰ ‘ਤੇ ਹੋਏ ਸੰਮੇਲਨ ਦੌਰਾਨ ਹੋਂਦ ਵਿਚ ਆਇਆ ਸੀ, ਵਿੱਚ ਆਰਗੇਨਾਈਜ਼ਡ ਗਰੁੱਪਾਂ ਵੱਲੋਂ ਕੀਤੇ ਜਾਂਦੇ ਵਾਹਨ ਚੋਰੀਆਂ ਦੇ ਕੀਤੇ ਜਾਂਦੇ ਅਪਰਾਧਾਂ ਨੂੰ ਰੋਕਣਾ ਅਤੇ ਉਨ੍ਹਾਂ ਗਰੁੱਪਾਂ ਨੂੰ ਖਦੇੜਨਾ ਸ਼ਾਮਲ ਹੈ। ਇਹ ਪਲੈਨ ‘ਤਿੰਨ-ਧਿਰੀ ਥੰਮ੍ਹਾਂ’ ਦੇ ਆਧਾਰਿਤ ਹੈ – ਇੰਟੈਲੀਜੈਂਸ ਤੇ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ, ਇਨ੍ਹਾਂ ਗਰੁੱਪਾਂ ਵਿਚ ਸੰਨ੍ਹ ਲਾਉਣੀ ਅਤੇ ਵਾਹਨ ਚੋਰੀ ਅਪਰਾਧ ਰੋਕਣ ਲਈ ਲੋੜੀਂਦਾ ਕਾਨੂੰਨ ਬਨਾਉਣਾ।
ਇਸ ਸਾਲ ਚੋਰੀ ਹੋਏ 1900 ਕਾਰਾਂ ਦੀ ਮੁੜ-ਵਾਪਸੀ ਹੋਈ ਹੈ ਜੋ ਪਿਛਲੇ ਸਾਲ ਨਾਲੋਂ ਵਧੇਰੇ ਹੈ। ਸਾਲ 2024 ਦੇ ਪਹਿਲੇ ਅੱਧ ਵਿਚ ਕਾਰ ਚੋਰੀ ਵਿਚ ਹੋਈ 19% ਕਮੀ ਇਸ ਐਕਸ਼ਨ ਪਲੈਨ ਦਾ ਮੂੰਹੋਂ-ਬੋਲਦਾ ਨਤੀਜਾ ਹੈ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐੱਸ.ਏ) ਇਸ ਸਫਲਤਾ ਲਈ ਮੁੱਖ ਧਿਰ ਹੈ। ਇਸ ਯੋਜਨਾ ਤਹਿਤ ਇਸ ਦੇ ਪਹਿਲੇ ਕੁੱਝ ਮਹੀਨਿਆਂ ਵਿੱਚ ਹੀ ਇਸ ਏਜੰਸੀ ਨੂੰ ਭਾਰੀ ਕਾਮਯਾਬੀ ਮਿਲੀ ਹੈ।
ਇਸ ਐੱਕਸ਼ਨ ਪਲੈਨ ਰਾਹੀਂ ਘਰੇਲੂ ਤੇ ਅੰਤਰਰਾਸ਼ਟਰੀ ਭਾਈਵਾਲਾਂ ਜਿਨ੍ਹਾਂ ਵਿਚ ਕੈਨੇਡਾ ਦੇ ਪ੍ਰੋਵਿੰਸ ਤੇ ਟੈਰੀਟਰੀਆਂ, ਵੱਖ-ਵੱਖ ਮਿਉਂਨਿਸਿਪਲੈਟੀਆਂ, ਉਦਯੋਗਕ ਇਕਾਈਆਂ ਅਤੇ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਸ਼ਾਮਲ ਸਨ, ਦੇ ਸਹਿਯੋਗ ਨਾਲ ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਨੇ ਚੰਗੇ ਨਤੀਜੇ ਵਿਖਾਏ ਹਨ। ਇੰਸ਼ੋਅਰੈਂਸ ਬਿਓਰੋ ਆਫ਼ ਕੈਨੇਡਾ ਅਨੁਸਾਰ ਸਾਲ 2024 ਦੇ ਪਹਿਲੇ ਅੱਧ ਦੌਰਾਨ ਪਿਛਲੇ ਸਾਲ ਦੇ ਏਸੇ ਸਮੇਂ ਨਾਲੋਂ ਕਾਰਾਂ ਦੀ ਚੋਰੀ ਵਿਚ 19% ਕਮੀ ਆਈ ਹੈ। ਏਸੇ ਤਰ੍ਹਾਂ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ (ਸੀਬੀਐੱਸਏ) ਦੇ ਕਹਿਣ ਮੁਤਾਬਿਕ ਉਸ ਨੇ ਰੇਲਵੇ ਯਾਰਡਾਂ ਅਤੇ ਸਮੁੰਦਰੀ ਬੰਦਰਗਾਹਾਂ ਤੋਂ ਚੋਰੀ ਦੇ 1,900 ਵਾਹਨ ਬਰਾਮਦ ਕੀਤੇ ਹਨ ਜੋ ਪਿਛਲੇ ਸਾਲ ਨਾਲੋਂ ਕਿਤੇ ਵਧੇਰੇ ਹਨ। ਇਕੱਲੇ ਗਰੇਟਰ ਟੋਰਾਂਟੋ ਏਰੀਏ (ਜੀਟੀਏ) ਵਿੱਚ ਹੀ ਇਸ ਸਾਲ 2024 ਵਿਚ ਹੁਣ ਤੱਕ 620 ਚੋਰੀ ਦੇ ਵਾਹਨ ਵਾਹਨ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਐਕਸ਼ਨ ਪਲੈਨ ਦੁਆਰਾ ਕੀਤੇ ਗਏ ਯਤਨਾਂ ਨਾਲ ਹੁਣ ਤੱਕ ਇਹ ਪ੍ਰਾਪਤੀਆਂ ਹੋਈਆਂ ਹਨ :
*ਕਰਿਮੀਨਲ ਕੋਡ ਵਿੱਚ ਤਬਦੀਲੀਆਂ ਕਰਕੇ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਇਲੈੱਕਟ੍ਰਾਨਿਕ ਸਾਧਨਾ ਸਮੇਤ ਹੋਰ ਕਈ ਸਾਧਨ ਮੁਹੱਈਆ ਕਰਵਾ ਕੇ ਵਾਹਨ ਚੋਰੀ ਨੂੰ ਰੋਕਣ ਲਈ ਸਾਰਥਿਕ ਯਤਨ ਕੀਤੇ ਗਏ ਹਨ। ਇਨ੍ਹਾਂ ਤਬਦੀਲੀਆਂ ਨਾਲ ਪਹਿਲਾਂ ਮੌਜੂਦ ਫ਼ਰੇਮਵਰਕ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਮਿਲੀ ਹੈ।
*ਇੰਟੈਲੀਜੈਸ ਵਿਚ ਵਾਧਾ ਹੋਇਆ ਹੈ ਅਤੇ ਮਿਉਂਨਿਸਿਪਲ, ਪ੍ਰੋਵਿੰਸਾਂ ਤੇ ਟੈਰੀਟਰੀਆਂ, ਫ਼ੈੱਡਰਲ, ਅੰਤਰਰਾਸ਼ਟਰੀ ਪੋਲੀਸ ਅਤੇ ਕਸਟਮ ਵਿਭਾਗ ਵਿਚਕਾਰ ਸੂਚਨਾ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਬੇਹਤਰ ਹੋਇਆ ਹੈ। * ਸਕਰੀਨਿੰਗ ਟੈੱਕਨਾਲੌਜੀ ਅਤੇ ਡਾਟਾ ਅਨੈਲੇਸਿਜ਼ ਦਾ ਵਿਸਥਾਰ, ਸ਼ਿਪਿੰਗ ਕੰਨਟੇਨਰਾਂ ਦੀ ਪਰਖ਼-ਪੜਚੋਲ ਵਿਚ ਵਾਧਾ ਕੀਤਾ ਗਿਆ ਹੈ ਜਿਸ ਵਿਚ ਜੀਟੀਏ ਵਿਚ ਹੋਰ ਵਧੇਰੇ ਸਕਰੀਨਿੰਗ ਮੁਹੱਈਆ ਕਰਨਾ ਸ਼ਾਮਲ ਹੈ।
* ਕੈਨੇਡੀਅਨ ਪੋਲੀਸ ਕਾਲਜ ਵੱਲੋਂ ਲਾਅ ਇਨਫ਼ੋਰਸਮੈਂਟ ਨੂੰ ਵਾਹਨ ਚੋਰੀ ਰੋਕਣ ਦੀਆਂ ਆਧੁਨਿਕ ਤਕਨੀਕਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।
* ਵਾਹਨ ਚੋਰੀ ਨੂੰ ਰੋਕਣ ਲਈ ਰੇਡੀਓ ਕਮਿਊਨੀਕੇਸ਼ਨ ਯੰਤਰਾਂ ਦੀ ਵਰਤੋਂ ਕਰਨ ਲਈ ‘ਰੇਡੀਓ ਕਮਿਊਨੀਕੇਸ਼ਨ ਐਕਟ’ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।
* ਵਾਹਨ ਚੋਰੀ ਅਤੇ ਟਰਾਂਸਨੈਸ਼ਨਲ ਆਰਗੇਨਾਈਜ਼ਡ ਕਰਾਈਮ ਨੂੰ ਰੋਕਣ ਲਈ ਮੌਜੂਦਾ ਕੰਮ-ਕਾਜ ਵਿਚ ਹੋ ਰਹੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਹੋਰ ਨਵੇਂ ਉਪਰਾਲੇ ਕਰਨ ਲਈ ‘ਨੈਸ਼ਨਲ ਇੰਟਰਾਵਰਨਮੈਂਟਲ ਗਰੁੱਪ’ ਦੀ ਸਥਾਪਨਾ ਕੀਤੀ ਗਈ ਹੈ ਜੋ ਇਸ ਸਾਰੇ ਕਾਰਜ ਸੰਪੰਨ ਕਰੇਗਾ।
* ਅਰਲੀ-ਸਟੇਜ, ਪ੍ਰੀ-ਕਮਰਸ਼ਲ ਅਤੇ ਐਂਟੀ ਥੈੱਫ਼ਟ ਟੈਕਨਾਲੌਜੀਆਂ ਦੇ ਵਿਕਾਸ ਲਈ ਸਰਕਾਰ ਵੱਲੋਂ ਹੋਰ ਵਧੇਰੇ ਸਹਿਯੋਗ ਦਿੱਤਾ ਜਾਏਗਾ।
ਇਸ ਕਾਰਜ ਲਈ ਸਬੰਧਿਤ ਸਮੂਹ ਅਦਾਰਿਆਂ ਅਤੇ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਆਪਸੀ ਸਹਿਯੋਗ ਅਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਸਰਕਾਰ ਕੈਨੇਡਾ-ਵਾਸੀਆਂ ਨੂੰ ਯਕੀਨ ਦਿਵਾਉਂਦੀ ਹੈ ਕਿ ਭਵਿੱਖ ਵਿੱਚ ਉਹ ਅਤੇ ਲਾਅ ਇਨਫ਼ੋਰਸਮੈਂਟ ਏਜੰਸੀਆਂ ਇਸ ਸਬੰਧੀ ਹੋਰ ਵੀ ਚੌਕਸੀ ਨਾਲ ਕੰਮ ਕਰਨਗੀਆਂ।
ਰਾਇਲ ਕੈਨੇਡੀਅਨ ਮਾਊਂਟਿਡ ਪੋਲੀਸ ਦੇ ਕਮਿਸ਼ਨਰ ਮਾਈਕਲ ਡੁਹੀਮ ਦਾ ਇਸ ਦੇ ਬਾਰੇ ਕਿਹਾ, ”ਸਾਡਾ ਸਾਰਿਆਂ ਦਾ ਸਾਂਝਾ ਨਿਸ਼ਾਨਾ ਕਾਰ ਚੋਰੀ ਅਤੇ ਆਰਗੇਨਾਈਜ਼ ਕਰਾਈਮ ਨੂੰ ਰੋਕਣ, ਲਾਅ ਇਨਫ਼ਰਸਮੈਂਟ ਏਜੰਸੀਆਂ ਨੂੰ ਮਜ਼ਬੂਤ ਕਰਨ ਅਤੇ ਕੈਨੇਡਾ-ਵਾਸੀਆਂ ਨੂੰ ਸੁਰੱਖ਼ਿਅਤ ਰੱਖਣ ਦਾ ਹੈ। ਆਰ.ਸੀ.ਐੱਮ.ਪੀ. ਹਰੇਕ ਪੱਧਰ ‘ਤੇ ਕੈਨੇਡਾ ਦੀਆਂ ਅਤੇ ਅੰਤਰਰਾਸ਼ਟਰੀ ਲਾਅ ਇਨਫ਼ੋਰਸਮੈਂਟ ਏਜੰਸੀਆਂ ਨਾਲ ਆਧੁਨਿਕ ਤਕਨਾਲੌਜੀ ਤੇ ਸਿਖਲਾਈ ਨਾਲ ਸਬੰਧਿਤ ਲੋੜੀਂਦੀਆਂ ਸੂਚਨਾਵਾਂ ਸਾਂਝੀਆਂ ਕਰਦੀ ਰਹਿੰਦੀ ਹੈ।”
ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਦੇ ਪ੍ਰੈਜ਼ੀਡੈਂਟ ਐਰਿਨ ਓ. ਗੌਰਮਿਨ ਦਾ ਇਸ ਬਾਰੇ ਕਹਿਣਾ ਸੀ, ”ਕਾਰਾਂ ਦੀ ਚੋਰੀ ਨੂੰ ਰੋਕਣਾ ਅਤੇ ਆਰਗੇਨਾਈਜ਼ਡ ਕਰਾਈਮ ਨੂੰ ਘੱਟ ਕਰਨਾ ਸੀਬੀਐੱਸਏ ਲਈ ਪਹਿਲ ਦੇ ਆਧਾਰ ‘ਤੇ ਕਰਨ ਵਾਲੇ ਕੰਮ ਹਨ ਅਤੇ ਉਹ ਇਹ ਜ਼ਿੰਮੇਵਾਰੀ ਪੂਰੀ ਦਿੜ੍ਹਤਾ ਨਾਲ ਨਿਭਾ ਰਹੀ ਹੈ। ਸੀਬੀਐੱਸ ਨੇ ਇਸ ਸਾਲ 2024 ਵਿੱਚ ਹੁਣ ਤੱਕ 1,000 ਚੋਰੀ ਦੇ ਵਾਹਨ ਫੜੇ ਹਨ ਜੋ ਪਿਛਲੇ ਸਾਰੇ ਸਾਲ ਨਾਲੋਂ ਵਧੇਰੇ ਹਨ। ਅਸੀਂ ਜੀਟੀਏ ਵਿਚ ਸਕਰੀਨਿਨੰਗ ਟੈਕਨਾਲੌਜੀ ਦੀ ਵਰਤੋਂ ਨੂੰ ਵਧਾਇਆ ਅਤੇ ਮਜ਼ਬੂਤ ਕੀਤਾ ਹੈ। ਇਸ ਤੋਂ ਵਧੇਰੇ ਅਸੀਂ ਐਨਫੋਰਸਮੈਂਟ ਅਤੇ ਹੋਰ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਨਾਲ 100% ਕਾਮਯਾਬੀ ਨਾਲ ਆਪਣੇ ਮਕਸਦ ਵਿਚ ਅੱਗੇ ਵੱਧ ਰਹੇ ਹਾਂ। ਇਸ ਨੈਸ਼ਨਲ ਐਕਸ਼ਨ ਪਲੈਨ ਨਾਲ ਜਿੱਥੇ ਅਸੀਂ ਹੁਣ ਕਾਫ਼ੀ ਸਫ਼ਲ ਹੋਏ ਹਾਂ, ਉੱਥੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਬਾਕੀ ਹੈ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …