Breaking News
Home / ਪੰਜਾਬ / ਸੁਨਾਮ ਰੇਲਵੇ ਸਟੇਸ਼ਨ ਦਾ ਨਾਂ ਹੁਣ ਹੋਇਆ ‘ਸੁਨਾਮ ਊਧਮ ਸਿੰਘ ਵਾਲਾ’

ਸੁਨਾਮ ਰੇਲਵੇ ਸਟੇਸ਼ਨ ਦਾ ਨਾਂ ਹੁਣ ਹੋਇਆ ‘ਸੁਨਾਮ ਊਧਮ ਸਿੰਘ ਵਾਲਾ’

ਸੁਨਾਮ /ਬਿਊਰੋ ਨਿਊਜ਼ : ਕੌਮੀ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ਦੇ ਲੋਕਾਂ ਦੀ ਲੰਮੀ ਉਡੀਕ ਆਖ਼ਰਕਾਰ ਖ਼ਤਮ ਹੋ ਗਈ ਹੈ, ਸੁਨਾਮ ਰੇਲਵੇ ਸਟੇਸ਼ਨ ਦਾ ਨਾਂ ਹੁਣ ਸੁਨਾਮ ਊਧਮ ਸਿੰਘ ਵਾਲਾ ਹੋ ਹੀ ਗਿਆ ਤੇ ਸੁਨਾਮ ਰੇਲਵੇ ਸਟੇਸ਼ਨ ‘ਤੇ ਅਗਲੇ ਕੁਝ ਦਿਨਾਂ ਵਿਚ ਹੀ ਸੁਨਾਮ ਊਧਮ ਸਿੰਘ ਵਾਲਾ ਲਿਖ ਦਿੱਤਾ ਜਾਵੇਗਾ। ਪਿਛਲੇ ਲੰਮੇ ਸਮੇਂ ਤੋਂ ਸੁਨਾਮ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਰੇਲਵੇ ਵਿਭਾਗ ਨੇ ਇਸ ਸਬੰਧੀ ਪੱਤਰ ਜਾਰੀ ਕਰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਰੇਲਵੇ ਵਿਭਾਗ ਨੂੰ 20 ਨਵੰਬਰ 2013 ਨੂੰ ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਕਰਨ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ‘ਤੇ ਅਮਲ ਕਰਦਿਆਂ ਰੇਲਵੇ ਵਿਭਾਗ ਨੇ 8 ਨਵੰਬਰ 2017 ਨੂੰ ਇਕ ਪੱਤਰ ਜਾਰੀ ਕਰਕੇ ਰੇਲਵੇ ਸਟੇਸ਼ਨ ਦਾ ਨਾਂ ਸੁਨਾਮ ਊਧਮ ਸਿੰਘ ਵਾਲਾ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਨਾਲ ਇਸ ਦਾ ਕੋਡ ਵੀ ਬਦਲ ਕੇ ਐਸ. ਐਫ.ਐਮ.ਦੀ ਜਗ੍ਹਾ ਐਸ. ਐਫ.ਐਮ.ਯੂ. ਕਰ ਦਿੱਤਾ ਗਿਆ ਹੈ।

ਦੇਰ ਨਾਲ ਲਿਆ ਗਿਆ ਸਹੀ ਫੈਸਲਾ : ਪਰਿਵਾਰ

ਰੇਲਵੇ ਸਟੇਸ਼ਨ ‘ਤੇ ਸ਼ਹੀਦ ਦਾ ਨਾਂ ਲਿਖਣ ਦੀ ਮਨਜੂਰੀ ਮਿਲਣ ਦੀ ਸੂਚਨਾ ਨਾਲ ਸ਼ਹੀਦ ਦੇ ਪਰਿਵਾਰ ਵਾਲਿਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤਰੇ ਜੀਤ ਸਿੰਘ ਨੇ ਕਿਹਾ ਕਿ ਇਹ ਦਰੁਸਤ ਫੈਸਲਾ ਹੈ। ਭਾਵੇਂ ਹੀ ਸਰਕਾਰ ਨੇ ਦੇਰ ਕਰ ਦਿੱਤੀ, ਰੇਲਵੇ ਸਟੇਸ਼ਨ ਨੂੰ ਸ਼ਹੀਦ ਦੇ ਨਾਂ ਦੀ ਪਛਾਣ ਮਿਲਣ ਨਾਲ ਉਨ੍ਹਾਂ ਨੂੰ ਭਾਰੀ ਸਕੂਨ ਮਿਲਿਆ ਹੈ।

 

Check Also

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਇੱਕੋ ਬੈੱਡ ‘ਤੇ ਪਏ ਰਹੇ ਮਰੀਜ਼ ਤੇ ਲਾਸ਼

ਵਿਰੋਧੀ ਧਿਰਾਂ ਦੇ ਸਵਾਲ ਚੁੱਕਣ ਤੋਂ ਬਾਅਦ ਹਰਕਤ ਵਿੱਚ ਆਇਆ ਪ੍ਰਸ਼ਾਸਨ ਲੁਧਿਆਣਾ/ਬਿਊਰੋ ਨਿਊਜ਼ : ਪਹਿਲਾਂ …