ਫਾਸਟਵੇਅ ਮੁਕਾਬਲੇ ਨਵੀਆਂ ਤਰਜੀਹਾਂ ਬੱਝਣ ਦੀ ਆਸ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬੀ ਚੈਨਲ ਨੂੰ ਕੇਬਲ ਨੈਟਵਰਕ ਤੋਂ ਬਲੈਕਆਊਟ ਕਰਨ ਤੋਂ ਬਾਅਦ ਫਾਸਟਵੇਅ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਟੀਮ ਇਨਸਾਫ਼ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹੁਣ ਦੋ ਨਵੇਂ ਕੇਬਲ ਨੈਟਵਰਕਾਂ ਰਾਹੀਂ ਸੂਬੇ ਵਿੱਚ ਵਿਸਤਾਰ ਲਈ ਹੱਥ ਮਿਲਾਇਆ ਹੈ। ਗਾਡਫਾਦਰ ਕਮਿਊਨਿਕੇਸ਼ਨ ਅਤੇ ਨਿਊ ਐਮਸੀ ਟਰਾਂਸ਼ਮਿਸ਼ਨ ਕੇਬਲ ਦੇ ਪ੍ਰਤੀਨਿਧੀਆਂ ਨੇ ਟੀਮ ਇਨਸਾਫ ਦੇ ਦਫ਼ਤਰ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ।
ਕੇਬਲ ਨੈਟਵਰਕ ਵਾਲਿਆਂ ਨੇ ਵਿਧਾਇਕ ਬੈਂਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੂਬੇ ਵਿੱਚ ਕੇਬਲ ਚਲਾਉਣ ਦਾ ਲਾਈਸੈਂਸ ਹੈ, ਪਰ ਸਿਆਸੀ ਪਾਰਟੀ ਦੇ ਦਬਾਅ ਵਾਲੇ ਕੇਬਲ ਨੈਟਵਰਕ ਹੋਣ ਕਾਰਨ ਉਨ੍ਹਾਂ ਨੂੰ ਵਿਸਤਾਰ ਨਹੀਂ ਕਰਨ ਦਿੱਤਾ ਜਾ ਰਿਹਾ। ਫਾਸਟਵੇਅ ਖ਼ਿਲਾਫ਼ ਜਦੋਂ ਉਨ੍ਹਾਂ ਨੇ ਮੋਰਚਾ ਖੋਲ੍ਹਿਆ ਤਾਂ ਹੁਣ ਉਨ੍ਹਾਂ ਨੇ ਟੀਮ ਇਨਸਾਫ਼ ਦੇ ਨਾਲ ਮਿਲ ਕੇ ਇਨ੍ਹਾਂ ਕੇਬਲ ਨੈਟਵਰਕ ਨੂੰ ਅੱਗੇ ਲਿਆਉਣ ਲਈ ਕਿਹਾ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਵਿੱਚ ਚੰਗੀ ਪੱਧਰ ‘ਤੇ ਕੇਬਲ ਨੈਟਵਰਕ ਚਲਾਇਆ ਜਾ ਰਿਹਾ ਹੈ। ਹੁਣ ਲੋਕ ਸੱਚ ਦੇਖਣ ਅਤੇ ਸੁਨਣ ਲਈ ਬਦਲ ਵੱਜੋਂ ਕਿਸੇ ਹੋਰ ਕੇਬਲ ਨੈਟਵਰਕ ਜਾਂ ਡਿਸ਼ ਸੇਵਾਵਾਂ ਨੂੰ ਅਪਨਾਉਣਾ ਚਾਹੁੰਦੇ ਹਨ। ਪਰ ਫਾਸਟਵੇਅ ਕੇਬਲ ਨੈਟਵਰਕ ਦੇ ਦਬਾਅ ਕਾਰਨ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਫਾਸਟਵੇਅ ਦੇ ਅਸਲ ਮਾਲਕ ਸਰਕਾਰ ਹੀ ਹੈ। ਫਾਸਟਵੇਅ ਨੇ ਸ਼ੁਰੂਆਤ ਵਿੱਚ ਹੀ ਕੇਬਲ ਆਪਰੇਟਰਾਂ ‘ਤੇ ਝੂਠੇ ਪਰਚੇ ਦਰਜ ਕਰਵਾਏ ਸੀ। ਜੋ ਕਿ ਹਾਈਕੋਰਟ ਵਿੱਚ ਵਿਚਾਰਾਧੀਨ ਹਨ। ਬੈਂਸ ਨੇ ਦਾਅਵਾ ਕੀਤਾ ਕਿ ਅਜਿਹੇ ਕਈ ਕੇਬਲ ਆਪਰੇਟਰ ਮੋਗਾ, ਜਲੰਧਰ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਉਨ੍ਹਾਂ ਨੂੰ ਲਗਾਤਾਰ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੱਚ ਅਤੇ ਝੂਠ ਦੀ ਇਸ ਲੜਾਈ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ। ਡਿਸ਼ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ : ਵਿਧਾਇਕ ਬੈਂਸ ਨੇ ਦੱਸਿਆ ਕਿ ਕੇਬਲ ਨੈਟਵਰਕ ਦੇ ਵਿਸਤਾਰ ਦੇ ਯਤਨ ਤਾਂ ਉਹ ਕਰ ਹੀ ਰਹੇ ਹਨ, ਪਰ ਇਸ ਤੋਂ ਪਹਿਲਾਂ ਫਾਸਟਵੇਅ ਖ਼ਿਲਾਫ਼ ਛੇੜੀ ਗਈ ਮੁਹਿੰਮ ਦੌਰਾਨ ਕੇਬਲ ਕੱਟ ਕੇ ਡਿਸ਼ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਲੁਧਿਆਣਾ ਦੇ ਨਾਲ-ਨਾਲ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਹੀ ਹੁੰਗਾਰਾ ਮਿਲ ਰਿਹਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …