Breaking News
Home / ਕੈਨੇਡਾ / ਸੀਨੀਅਰਾਂ ਤੇ ਨੌਜਵਾਨਾਂ ਵੱਲੋਂ ਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਭਰਵਾਂ ਹੁੰਗਾਰਾ

ਸੀਨੀਅਰਾਂ ਤੇ ਨੌਜਵਾਨਾਂ ਵੱਲੋਂ ਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਭਰਵਾਂ ਹੁੰਗਾਰਾ

ਬਰੈਂਪਟਨ ਦੀ ਸਿਆਸਤ ਦੇ ‘ਬਾਬਾ ਬੋਹੜ’ ਗੁਰਬਖ਼ਸ਼ ਸਿੰਘ ਮੱਲ੍ਹੀ ਵੱਲੋਂ ਮਿਲਿਆ ਅਸ਼ੀਰਵਾਦ
ਕੈਲੇਡਨ/ਡਾ. ਝੰਡ : ਕੈਲੇਡਨ ਦੇ ਵਾਰਡ ਨੰਬਰ 2 ਤੋਂ ਸਿਟੀ ਕੌਂਸਲਰ ਲਈ ਚੋਣ ਲੜ ਰਹੇ ਹੁਨਰ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਬਰੈਂਪਟਨ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ‘ਸਿਆਸਤ ਦੇ ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਗੁਰਬਖ਼ਸ਼ ਸਿੰਘ ਮੱਲ੍ਹੀ, ਜਿਨ੍ਹਾਂ ਨੇ 1993 ਵਿਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਆਗੂ ਵਜੋਂ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਬਣ ਕੇ ਇੱਥੇ ਸਿਆਸਤ ਦਾ ਨਵਾਂ ਇਤਿਹਾਸ ਸਿਰਜਿਆ, ਲੰਘੇ ਮੰਗਲਵਾਰ 4 ਅਕਤੂਬਰ ਨੂੰ ਕੈਲੇਡਨ ਦੇ ਵਾਰਡ ਨੰਬਰ-2 ਤੋਂ ਕੌਂਸਲਰ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਉਮੀਦਵਾਰ ਹੁਨਰ ਕਾਹਲੋਂ ਦੀ ਹਮਾਇਤ ਕਰਨ ਲਈ ਉਚੇਚੇ ਤੌਰ ‘ਤੇ ਕੈਲੇਡਨ ਪਹੁੰਚੇ। ਪਾਠਕਾਂ ਨੂੰ ਭਲੀਭਾਂਤ ਯਾਦ ਹੋਵੇਗਾ ਕਿ ਮੱਲ੍ਹੀ ਸਾਹਿਬ ਛੇ ਵਾਰ ਲਗਾਤਾਰ ਇਸ ਅਹੁਦੇ ‘ਤੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਾਰਲੀਮੈਂਟ ਵਿਚ ਆਉਣ ‘ਤੇ ਕੈਨੇਡਾ ਦੇ ਸੰਵਿਧਾਨ ਵਿਚ ਲੋੜੀਂਦੀ ਸੋਧ ਉਪਰੰਤ ਪਾਰਲੀਮੈਂਟ ਮੈਂਬਰਾਂ ਨੂੰ ਆਪੋ ਆਪਣੇ ਅਕੀਦੇ ਅਨੁਸਾਰ ਧਾਰਮਿਕ ਨਿਸ਼ਾਨ ਪਹਿਨਣ ਦੀ ਆਗਿਆ ਮਿਲੀ ਸੀ।
ਉਨ੍ਹਾਂ ਨੂੰ ਨਾ ਕੇਵਲ ਪੰਜਾਬੀ ਕਮਿਊਨਿਟੀ ਵਿਚ ਹੀ, ਸਗੋਂ ਸਾਰੀਆਂ ਹੀ ਕਮਿਊਨਿਟੀਆਂ ਵਿਚ ਕਾਫ਼ੀ ਮਾਣ-ਸਤਿਕਾਰ ਹਾਸਲ ਹੈ। ਕੈਲੇਡਨ ਵਿਖੇ ਆਯੋਜਿਤ ਕੀਤੀ ਗਈ ਇਸ ਸੰਖੇਪ ਇਕੱਤਰਤਾ ਵਿਚ ਪਹੁੰਚਣ ‘ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਉੱਘੇ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਵੱਲੋਂ ਉਨ੍ਹਾਂ ਦਾ ਸੁਆਗ਼ਤ ਕਰਦਿਆਂ ਉਨ੍ਹਾਂ ਨੂੰ ਨਿੱਘੀ ‘ਜੀ ਆਇਆਂ’ ਕਹੀ ਗਈ। ਹੁਨਰ ਕਾਹਲੋਂ ਦੇ ਪਿਤਾ ਜੀ ਮਲੂਕ ਸਿੰਘ ਕਾਹਲੋਂ ਵੱਲੋਂ ਵੀ ਬੜੇ ਭਾਵਪੂਰਤ ਸ਼ਬਦਾਂ ਵਿਚ ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਹਾਰਦਿਕ ਸੁਆਗਤ ਕੀਤਾ ਗਿਆ।
ਉਪਰੰਤ, ਕੈਲੇਡਨ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਵਿੱਤ ਅਨੁਸਾਰ ਆਪਣੇ ਸਮੇਂ ਕੈਨੇਡਾ ਦੀ ਸਿਆਸਤ ਵਿਚ ਬਣਦਾ ਯੋਗਦਾਨ ਪਾਇਆ ਹੈ ਅਤੇ ਹੁਣ ਕੈਨੇਡਾ ਦੀ ਸਿਆਸਤ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿਚ ਹੈ।
ਉਨ੍ਹਾਂ ਕਿਹਾ ਕਿ ਬੜੀ ਚੰਗੀ ਗੱਲ ਹੈ ਕਿ ਆਪਣੀ ਪੰਜਾਬੀ ਕਮਿਊਨਿਟੀ ਵਿੱਚੋਂ ਵੀ ਨੌਜਵਾਨ ਲੜਕੇ ਲੜਕੀਆਂ ਇਸ ਦੇ ਲਈ ਅੱਗੇ ਆ ਰਹੇ ਹਨ ਅਤੇ ਸਾਡਾ ਨੌਜਵਾਨ ਹੁਨਰ ਕਾਹਲੋਂ ਉਨ੍ਹਾਂ ਵਿੱਚੋਂ ਇਕ ਹੈ। ਸਾਨੂੰ ਸਾਰਿਆਂ ਨੂੰ ਪੂਰਾ ਜ਼ੋਰ ਲਾ ਕੇ ਉਸ ਨੂੰ ਕਾਮਯਾਬ ਕਰਨਾ ਬਣਦਾ ਹੈ ਅਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ 24 ਅਕਤੂਬਰ ਵਾਲੇ ਦਿਨ ਪੋਲਿੰਗ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਵੋਟਰ ਘਰੇ ਬੈਠਾ ਨਹੀਂ ਰਹਿਣਾ ਚਾਹੀਦਾ। ਬੀਬੀਆਂ ਦੀਆਂ ਵੋਟਾਂ ਵੱਧ ਤੋਂ ਵੱਧ ਪੋਲ ਹੋਣੀਆਂ ਚਾਹੀਦੀਆਂ ਹਨ। ਸਾਡੇ ਵਾਲੰਟੀਅਰਾਂ ਨੂੰ ਸਾਰੇ ਹੀ ਵੋਟਰਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਵੋਟ ਪਾਉਣ ਲਈ ਕਹਿਣਾ ਚਾਹੀਦਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਘਰਾਂ ਦੇ ਅੱਗੇ ਵਿਰੋਧੀ ਉਮੀਦਵਾਰਾਂ ਦੇ ਸਾਈਨ ਲੱਗੇ ਹੋਏ ਹਨ, ਉਨ੍ਹਾਂ ਨੂੰ ਵੀ ਬੜੀ ਹਲੀਮੀ ਨਾਲ ਆਪਣੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਨਾ ਚਾਹੀਦਾ ਹੈ।
ਵਾਰਡ ਨੰਬਰ-2 ਦੇ ਕੌਸਲਰ ਉਮੀਦਵਾਰ ਹੁਨਰ ਕਾਹਲੋਂ ਵੱਲੋਂ ਗੁਰਬਖ਼ਸ਼ ਸਿੰਘ ਮੱਲ੍ਹੀ ਅਤੇ ਹਾਜ਼ਰ ਸਾਰੇ ਪਤਵੰਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਵਾਲੰਟੀਅਰ ਸਾਥੀ ਘਰੋ-ਘਰੀਂ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਲਈ ਬੇਨਤੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਾਰਿਆਂ ਵੱਲੋਂ ਭਰਪੂਰ ਸਮੱਰਥਨ ਮਿਲਣ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੌਂਸਲਰ ਵਜੋਂ ਕੈਲੇਡਨ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਪੂਰੀ ਤਨਦੇਹੀ ਨਾਲ ਇਹ ਸੇਵਾ ਨਿਭਾਉਣਗੇ ਅਤੇ ਇਸ ਨੂੰ ਵਿਕਸਿਤ ਕਰਨ ਲਈ ਆਪਣਾ ਪੂਰਾ ਟਿੱਲ ਲਾਉਣਗੇ। ਇਸ ਮੌਕੇ ਇਸ ਇਕੱਤਰਤਾ ਵਿਚ ਡਾ. ਗੁਰਮੁੱਖ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਬਲਜੀਤ ਸਿੰਘ ਗਿੱਲ, ਸੁਰਜੀਤ ਸਿੰਘ ਵਿਰਕ, ਸਰਬਜੀਤ ਸਿੰਘ ਦੁੱਲੇ, ਪਰਮਜੀਤ ਸਿੰਘ ਕਾਹਲੋਂ, ਪਿਆਰਾ ਸਿੰਘ, ਡਾ. ਅਨੂਪ ਸਿੰਘ, ਮਾਸਟਰ ਬਲਤੇਜ ਸਿੰਘ ਬਰਾੜ, ਗੁਰਦੇਵ ਸਿੰਘ ਸੇਖੋਂ, ਧਰਮ ਸਿੰਘ ਭੰਗੂ, ਅਮਰਜੀਤ ਸਿੰਘ, ਕੁਲਭੂਸ਼ਨ ਕੌੜਾ, ਜਰਨੈਲ ਸਿੰਘ ਕਰਨਾਲ, ਅਮਿਤ ਜੋਸ਼ੀ, ਹਿੰਮਤ ਸਿੰਘ ਸੰਧੂ, ਗਗਨ ਸੰਧੂ, ਇੰਦਰ ਮਾਵੀ, ਹਰਲਿਵਲੀਨ ਕਾਹਲੋਂ, ਮੋਹਿੰਦਰ ਕੌਰ, ਕੁਲਵੰਤ ਕੌਰ, ਜਗਦੀਸ਼ ਕੌਰ, ਅਵਨੀਤ ਕੌਰ ਤੇ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …