-1.9 C
Toronto
Thursday, December 4, 2025
spot_img
Homeਕੈਨੇਡਾਪਤੀ ਵੱਲੋਂ ਝਾੜੀਆਂ 'ਚ ਸੁੱਟੀ ਬਜ਼ੁਰਗ ਮਾਲਤੀ ਨੂੰ ਕੈਬਨਿਟ ਮੰਤਰੀ ਨੇ ਕੀਤਾ...

ਪਤੀ ਵੱਲੋਂ ਝਾੜੀਆਂ ‘ਚ ਸੁੱਟੀ ਬਜ਼ੁਰਗ ਮਾਲਤੀ ਨੂੰ ਕੈਬਨਿਟ ਮੰਤਰੀ ਨੇ ਕੀਤਾ ਸਨਮਾਨਿਤ

ਪ੍ਰਮਾਤਮਾ ਦੇ ਵੀ ਰੰਗ ਨਿਆਰੇ ਨੇ। ਕਦੇ ਇਹੀ ਮਾਲਤੀ ਮਰਨ ਕਿਨਾਰੇ ਪਤੀ ਨੇ ਸੁੱਟ ਦਿੱਤੀ ਸੀ ਝਾੜੀਆਂ ‘ਚ ਅਤੇ ਅੱਜ ਉਸੇ ਮਾਲਤੀ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਨੇ ਕੀਤਾ ਸਨਮਾਨਿਤ। ਲੁਧਿਆਣਾ ਵਿਖੇ ਗੁਰੂ ਨਾਨਕ ਭਵਨ ਵਿਚ 1 ਅਕਤੂਬਰ 2022 ਨੂੰ ਰਾਜ ਪੱਧਰੀ ਸੀਨੀਅਰ ਸਿਟੀਜ਼ਨ (ਬਜ਼ੁਰਗ) ਦਿਵਸ ਮਨਾਉਂਦਿਆਂ ਸਮਾਗਮ ਦੌਰਾਨ ਪੰਜਾਬ ਦੀ ਕੈਬਨਿਟ ਮੰਤਰੀ ਸ੍ਰੀਮਤੀ ਡਾ. ਬਲਜੀਤ ਕੌਰ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ਦੇ ਦੋ ਹੋਰ ਬਜ਼ੁਰਗਾਂ ਸਮੇਤ ਮਾਲਤੀ ਨੂੰ ਵੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਉਹੀ ਬਜ਼ੁਰਗ ਮਾਲਤੀ ਸੀ ਜਿਸ ਨੂੰ ਦਸੰਬਰ 2018 ਦੇ ਅਖੀਰਲੇ ਹਫ਼ਤੇ ਅਧਰੰਗ ਦਾ ਦੌਰਾ ਪੈ ਗਿਆ ਸੀ। ਪਰ ਮਜ਼ਦੂਰੀ ਕਰਨ ਵਾਲਾ ਇਸ ਦਾ ਪਤੀ ਇਲਾਜ ਕਰਵਾਉਣ ਦੀ ਬਜਾਏ ਮਾਲਤੀ ਨੂੰ ਲੁਧਿਆਣਾ ਦੇ ਕੰਗਣਵਾਲ ਪਿੰਡ ਦੇ ਨਜ਼ਦੀਕ ਝਾੜੀਆਂ ‘ਚ ਸੁੱਟ ਗਿਆ ਸੀ ਅਤੇ ਮੁੜ ਕੇ ਨੀਂ ਆਇਆ। ਦੋ-ਤਿੰਨ ਦਿਨਾਂ ਬਾਅਦ ਕੁੱਝ ਦਇਆਵਾਨ ਨੌਜਵਾਨਾਂ ਨੇ ਇਸ ਨੂੰ ਝਾੜੀਆਂ ‘ਚੋਂ ਚੁੱਕ ਕੇ ਸਿਵਲ ਹਸਪਤਾਲ ਵਿਚੋਂ ਦਵਾਈ ਆਦਿ ਦੁਆ ਕੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ‘ਚ ਦਾਖਲ ਕਰਵਾਇਆ। ਆਸ਼ਰਮ ਵਿਚ ਇਸ ਦਾ ਲਗਾਤਰ ਇਲਾਜ ਹੋਣ ਤੋਂ ਤਿੰਨ ਕੁ ਮਹੀਨੇ ਬਾਅਦ ਮਾਲਤੀ ਮੰਜੇ ਤੋਂ ਉੱਠ ਕੇ ਸਹਾਰੇ ਨਾਲ ਤੁਰਨ ਲੱਗ ਪਈ। ਜੋ ਕਿ ਅੱਜ ਕੱਲ੍ਹ ਆਸ਼ਰਮ ਵਿੱਚ ਥੋੜ੍ਹੀ ਬਹੁਤੀ ਸੇਵਾ ਵੀ ਕਰਦੀ ਹੈ। ਇਸੇ ਮਾਲਤੀ ਨੇ ਲੁਧਿਆਣਾ ਵਿਖੇ ਸੀਨੀਅਰ ਸਿਟੀਜ਼ਨ (ਬਜ਼ੁਰਗ) ਦਿਵਸ ਸਮਾਗਮ ਦੌਰਾਨ ਬਜ਼ੁਰਗਾਂ ਵੱਲੋਂ ਕਰਵਾਈਆਂ ਗਈਆਂ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਸ਼ੀਲਡ ਜਿੱਤੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਸ ਨੂੰ ਭਰੇ ਸਮਾਗਮ ਦੌਰਾਨ ਇਹ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਬਿਮਾਰੀਆਂ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਮਰੀਜ਼ ਰਹਿੰਦੇ ਹਨ। ਸਵਾ ਸੌ ਦੇ ਕਰੀਬ ਮਰੀਜ਼ ਅਜਿਹੇ ਹਨ ਜਿਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਅੱਸੀ ਦੇ ਕਰੀਬ ਮਰੀਜ਼ ਹਨ ਜਿਹੜੇ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿਚ ਹੀ ਕਰਦੇ ਹਨ। ਬਹੁਤ ਸਾਰੇ ਮਰੀਜ਼ ਆਪਣਾ ਨਾਉਂ ਤੇ ਪਰਿਵਾਰ ਵਾਰੇ ਦੱਸਣ ਤੋਂ ਵੀ ਅਸਮਰੱਥ ਹਨ। ਆਸ਼ਰਮ ਵਿਚ ਹੋ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਡਾ. ਨੌਰੰਗ ਸਿੰਘ ਮਾਂਗਟ ਨੂੰ 8 ਅਕਤੂਬਰ ਸਵੇਰ ਤੋਂ 11 ਅਕਤੂਬਰ ਦੁਪਹਿਰ ਤੱਕ ਸਿੰਘ ਸਭਾ ਗੁਰਦਵਾਰਾ ਮਾਲਟਨ ਵਿਖੇ ਮਿਲਿਆ ਜਾ ਸਕਦਾ ਹੈ। ਡਾ. ਮਾਂਗਟ ਦਾ ਸੰਪਰਕ: ਕੈਨੇਡਾ: 403-401-8787; ਇੰਡੀਆ:95018-42506

 

RELATED ARTICLES
POPULAR POSTS