Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਤੇ ਕੈਨੇਡਾ ਡੇਅ ਪ੍ਰੋਗਰਾਮ ਲਈ ਭਾਰੀ ਉਤਸ਼ਾਹ

ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਤੇ ਕੈਨੇਡਾ ਡੇਅ ਪ੍ਰੋਗਰਾਮ ਲਈ ਭਾਰੀ ਉਤਸ਼ਾਹ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ 11:30 ਵਜੇ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਹੇ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ ਦੀ ਤਿਆਰੀ ਸਬੰਧੀ ਪਰਮਜੀਤ ਬੜਿੰਗ, ਨਿਰਮਲ ਸੰਧੂ, ਹਰਦਿਆਲ ਸਿੰਘ ਸੰਧੂ, ਗੁਰਮੇਲ ਸਿੰਘ ਸੱਗੂ ਅਤੇ ਵਤਨ ਸਿੰਘ ਗਿੱਲ ਦੇ ਪ੍ਰਧਾਨਗੀ ਮੰਡਲ ਹੇਠ ਹੋਈ 9 ਜੂਨ ਦੀ ਜਨਰਲ ਬਾਡੀ ਮਿਿਟੰਗ ਵਿੱਚ ਪਰਮਜੀਤ ਸਿੰਘ ਬੜਿੰਗ ਨੇ ਇਸ ਪ੍ਰੋਗਰਾਮ ਦੀ ਹੁਣ ਤੱਕ ਹੋਈ ਤਿਆਰੀ ਦੀ ਰਿਪੋਰਟ ਸਾਂਝੀ ਕੀਤੀ। ਇਸ ਉਪਰੰਤ ਸ਼ਾਮਲ ਕਲੱਬਾਂ ਦੇ ਪ੍ਰਧਾਨਾਂ ਨੇ ਪ੍ਰੋਗਰਾਮ ਲਈ ਕੀਤੀ ਜਾ ਤਿਆਰੀ ਬਾਰੇ ਦੱਸਿਆ ਕਿ ਉਹਨਾਂ ਦੇ ਕਲੱਬਾਂ ਦੇ ਮੈਂਬਰਾਂ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ। ਬਹੁਤ ਸਾਰੇ ਕਲੱਬ ਪ੍ਰਧਾਨਾਂ ਅਤੇ ਮੈਂਬਰਾਂ ਨੇ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕੀਮਤੀ ਸੁਝਾਅ ਦਿੱਤੇ। ਇਸ ਪ੍ਰੋਗਰਾਮ ਲਈ ਕਈ ਮੈਂਬਰਾਂ ਨੇ ਮੌਕੇ ‘ਤੇ ਹੀ ਨਿਜੀ ਤੌਰ ‘ਤੇ ਮਾਇਕ ਸਹਾਇਤਾ ਵੀ ਦਿੱਤੀ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਦੇ ਮੈਂਬਰਾਂ ਨਾਲ ਡਿਉਟੀਆਂ ਸਬੰਧੀ ਵਿਚਾਰ ਕੀਤਾ ਗਿਆ। ਡਿਕਸੀ ਅਤੇ ਸੈਂਡਲਵੁੱਡ ਦੇ ਕਾਰਨਰ ‘ਤੇ ਸਥਿਤ ਬਰੈਂਪਟਨ ਸ਼ੌਕਰ ਸੈਂਟਰ ਵਿੱਚ 23 ਜਾਂ 18 ਨੰਬਰ ਬੱਸਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੀਨੀਅਰਜ਼ ਮਾਮਲਿਆਂ ਬਾਰੇ ਫੈਡਰਲ ਮੰਤਰੀ ਦੀਪਿਕਾ ਡਮੇਰਲਾ ਹੋਣਗੇ। ਉਹਨਾਂ ਤੋਂ ਬਿਨਾਂ ਬਹੁਤ ਸਾਰੇ ਫੈਡਰਲ, ਪਰੋਵਿੰਸ ਅਤੇ ਸਿਟੀ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਬਹੁਤ ਸਾਰੀਆਂ ਸਾਹਿਤਕ ਅਤੇ ਕਲਚਰਲ ਸੰਸਥਾਵਾਂ ਜਿਨ੍ਹਾਂ ਵਿੱਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ, ਪੰਜਾਬੀ ਆਰਟਸ ਐਸੋਸੀਏਸ਼ਨ, ਕਲਮਾਂ ਦਾ ਕਾਫਲਾ, ਚੇਤਨਾ ਕਲਚਰਲ ਸੈਂਟਰ, ਹੈਟਸ ਅੱਪ, ਅਦਾਰਾ ਸਰੋਕਾਰਾਂ ਦੀ ਆਵਾਜ, ਪਰਵਾਸੀ ਪੰਜਾਬ ਪੈਨਸਨਰਜ਼ ਐਸੋਸੀਏਸ਼ਨ ਅਤੇ ਡਿਸਟਰਿਕਟ ਬਰਨਾਲਾ ਫੈਮਲੀਜ਼ ਐਸੋਸੀਏਸ਼ਨ ਆਦਿ ਤੋਂ ਬਿਨਾਂ ਬਹੁਤ ਸਾਰੇ ਮੀਡੀਆਕਾਰ ਪਹੁੰਚ ਰਹੇ ਹਨ। ਸਰੋਤਿਆਂ ਦੇ ਮਨੋਰੰਜਨ ਲਈ ਗੀਤ, ਪੰਜਾਬੀ ਲੋਕ ਨਾਚ ਗਿੱਧਾ, ਜਾਗੋ, ਗੁਜਰਾਤੀ ਲੋਕ ਨਾਚ ਡਾਂਡੀਆ, ਭੰਡਾਂ ਦੀ ਆਇਟਮ, ਕਵਿਤਾਵਾਂ, ਉਰਦੂ ਸ਼ਾਇਰੀ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪਰਦਰਸ਼ਨੀ ਅਤੇ ਸਰੋਕਾਰਾਂ ਦੀ ਅਵਾਜ ਵਲੋਂ  ”ਕਾਮਾਗਾਟਾਮਾਰੂ ਦੀ ਇਤਿਹਾਸਕ ਯਾਤਰਾ” ਪੁਸਤਕ ਦੀ ਪ੍ਰਦਰਸ਼ਨੀ ਲਾਈ ਜਾਵੇਗੀ।  ਇਸ ਮੀਟਿੰਗ ਦੌਰਾਨ ਸੁਖਮੰਦਰ ਰਾਮਪੁਰੀ ਨੇ ਬਹੁਤ ਹੀ ਭਾਵਪੂਰਤ ਗੀਤ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਚੈਨਲ ਪੰਜਾਬੀ ਮੀਡੀਆ ਵਲੋਂ ਮੀਟਿੰਗ ਦੀ ਕਾਰਵਾਈ ਨੂੰ ਪ੍ਰੋ: ਜੰਗੀਰ ਕਾਹਲੋਂ, ਚਮਕੌਰ ਮਾਛੀਕੇ ਅਤੇ ਰਾਜਬੀਰ ਸਿੰਘ ਅਧਾਰਿਤ ਟੀਮ ਨੇ ਰਿਕਾਰਡ ਕੀਤਾ। ਐਸੋਸੀਏਸ਼ਨ ਵਲੋਂ ਉਨ੍ਹਾਂ ਕਲੱਬਾਂ ਦੇ ਮੈਂਬਰਾਂ ਨੂੰ ਵੀ ਜੋ ਅਜੇ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਇਸ ਪਰੋਗਰਾਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਨਿਰਮਲ ਸੰਧੂ 416-970-5153, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਸਿੰਘ ਬਰਾੜ 647-855-0880, ਪ੍ਰੋ: ਨਿਰਮਲ ਸਿੰਘ ਧਾਰਨੀ 416-670-5174, ਕਰਤਾਰ ਸਿੰਘ ਚਾਹਲ  647-854-8746 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …