Breaking News
Home / ਮੁੱਖ ਲੇਖ / ਕੀ ਸੁਖਦੇਵ ਸਿੰਘ ਢੀਂਡਸਾ ਬਾਦਲਾਂ ਨੂੰ ਠਿੱਬੀ ਲਾ ਸਕੇਗਾ?

ਕੀ ਸੁਖਦੇਵ ਸਿੰਘ ਢੀਂਡਸਾ ਬਾਦਲਾਂ ਨੂੰ ਠਿੱਬੀ ਲਾ ਸਕੇਗਾ?

ਉਜਾਗਰ ਸਿੰਘ
ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਪਗ 100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿਚ ਧੜੇਬੰਦੀ ਲਗਾਤਾਰ ਜਾਰੀ ਹੈ। ਪਾਰਟੀ ਵਿਚ ਉਤਰਾਅ-ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੋਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ‘ਚ ਇੰਨਾ ਨਿਘਾਰ ਕਦੇ ਵੀ ਨਹੀਂ ਸੀ ਆਇਆ ਜਿੰਨਾ ਇਸ ਵਕਤ ਆਇਆ ਹੋਇਆ ਹੈ। ਹਾਲਾਂਕਿ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਆਪਣੀ ਪਾਰਟੀ ਦੇ ਹੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਰਾਜਪਾਲ ਨੂੰ ਲਿਖ ਕੇ ਦੇ ਦਿੱਤਾ ਸੀ।
ਅਕਾਲੀ ਦਲ ਦਾ ਆਧਾਰ ਮੁੱਖ ਤੌਰ ‘ਤੇ ਧਾਰਮਿਕ ਹੈ ਕਿਉਂਕਿ ਇਹ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਉਦੋਂ ਇਸ ਦਾ ਮੁੱਖ ਕੰਮ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਕਰਨਾ ਸੀ। ਇੱਥੋਂ ਤੱਕ ਕਿ ਪਹਿਲੀ ਚੋਣ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੀ ਸੀ ਕਿਉਂਕਿ ਉਦੋਂ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ‘ਤੇ ਰਜਿਸਟਰ ਹੀ ਨਹੀਂ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੂੰ ਮੋਗਾ ਵਿਖੇ 1998 ਵਿਚ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਕਰ ਪਾਰਟੀ ਆਪਣਾ ਅਕਸ ਧਰਮ ਨਿਰਪੱਖ ਬਣਾਉਣਾ ਚਾਹੁੰਦੀ ਹੈ ਤਾਂ ਇਹ ਕੋਈ ਮਾੜੀ ਗੱਲ ਨਹੀਂ। ਇਸ ਸਮੇਂ ਅਕਾਲੀ ਦਲ ਤਾਂ ਆਪਣੇ ਮੁੱਖ ਮੁੱਦਿਆਂ ਤੋਂ ਹੀ ਪਿੱਛੇ ਖਿਸਕ ਗਿਆ ਜਾਪਦਾ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਨਵਾਂ ਅਕਾਲੀ ਦਲ ਡੈਮੋਕ੍ਰੈਟਿਕ ਬਣਾਉਣ ਨਾਲ ਅਕਾਲੀ ਦਲ ਦੇ ਸਿਆਸੀ ਹਲਕਿਆਂ ਵਿਚ ਇਹ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਦਾ ਤਖ਼ਤਾ ਪਲਟਣ ਵਿਚ ਸਫਲ ਹੋਵੇਗਾ? ਸ਼੍ਰੋਮਣੀ ਅਕਾਲੀ ਦਲ ਜਿਸ ‘ਤੇ ਇਸ ਸਮੇਂ ਬਾਦਲ ਪਰਿਵਾਰ ਦਾ ਕਬਜ਼ਾ ਹੈ, ਉਸ ਨਾਲੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਨੇਤਾ ਵੱਖ ਹੋ ਚੁੱਕੇ ਹਨ ਅਤੇ ਕੁਝ ਸੀਨੀਅਰ ਨੇਤਾਵਾਂ ਨੇ ਹੁਣੇ ਜਿਹੇ ਢੀਂਡਸਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਕ ਗੱਲ ਤਾਂ ਸਪਸ਼ਟ ਹੈ ਕਿ ਬਾਦਲ ਦਲ ਨੂੰ ਵੱਡਾ ਖੋਰਾ ਲੱਗ ਚੁੱਕਾ ਹੈ। ਇਸ ਖੋਰੇ ਦੇ ਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲ਼ੀ ਨਾਲ ਦੋ ਵਿਅਕਤੀਆਂ ਦਾ ਮਾਰੇ ਜਾਣਾ, ਬੇਅਦਬੀ ਦੀ ਅਕਾਲੀ ਰਾਜ ਵਿਚ ਸਹੀ ਪੜਤਾਲ ਨਾ ਹੋਣਾ, ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿਵਾਉਣਾ, ਪਰਿਵਾਰਵਾਦ ਦਾ ਪਾਰਟੀ ‘ਤੇ ਭਾਰੂ ਪੈਣਾ ਅਤੇ ਸੀਨੀਅਰ ਨੇਤਾਵਾਂ ਨੂੰ ਅਣਡਿੱਠ ਕਰਨਾ ਆਦਿ ਹਨ। ਇਸ ਲਈ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਘੁਸਰ-ਮੁਸਰ ਹੋ ਰਹੀ ਸੀ।
ਇਹ ਦੂਜੀ ਵਾਰ ਹੋਇਆ ਹੈ ਕਿ ਬਾਦਲ ਅਕਾਲੀ ਦਲ ਦਾ ਸਭ ਤੋਂ ਸੀਨੀਅਰ ਨੇਤਾ, ਜਿਹੜਾ ਲੰਬਾ ਸਮਾਂ ਬਾਦਲ ਦਾ ਖਾਸਮ-ਖਾਸ ਅਤੇ ਕਈ ਵਾਰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ, ਪੰਜਾਬ ਅਤੇ ਕੇਂਦਰ ਵਿਚ ਵਜ਼ੀਰ ਰਿਹਾ ਹੋਵੇ, ਬਾਦਲ ਪਰਿਵਾਰ ਤੋਂ ਵੱਖ ਹੋਇਆ ਹੋਵੇ। ਇਸ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਵੱਖਰੇ ਹੋ ਕੇ ਆਪਣਾ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ। ਭਾਵੇਂ ਜਥੇਦਾਰ ਟੌਹੜਾ ਦਾ ਸਿਆਸੀ ਕੱਦ-ਬੁੱਤ ਬਹੁਤ ਉੱਚਾ, ਇਮਾਨਦਾਰ ਅਤੇ ਧਾਰਮਿਕ ਵਿਅਕਤੀ ਵਾਲਾ ਸੀ ਤਾਂ ਵੀ ਪੰਜਾਬ ਦੇ ਲੋਕਾਂ ਨੇ ਉਸ ਦਾ ਸਾਥ ਨਹੀਂ ਸੀ ਦਿੱਤਾ ਭਾਵੇਂ ਉਹ ਅਕਾਲੀ ਦਲ ਨੂੰ ਹਰਾਉਣ ਵਿਚ ਸਫਲ ਹੋ ਗਏ ਸਨ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕ੍ਰੈਟਿਕ ਤੋਂ ਪਹਿਲਾਂ ਹੀ ਅਨੇਕ ਅਕਾਲੀ ਦਲ ਬਣੇ ਹੋਏ ਹਨ ਜਿਨ੍ਹਾਂ ਵਿਚ ਯੂਨਾਈਟਿਡ ਅਕਾਲੀ ਦਲ, ਰਵੀਇੰਦਰ ਸਿੰਘ ਦਾ ਅਕਾਲੀ ਦਲ 1920, ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ, ਦਲਜੀਤ ਸਿੰਘ ਬਿੱਟੂ ਦਾ ਅਕਾਲੀ ਦਲ ਅਤੇ ਪੰਥਕ ਅਕਾਲੀ ਦਲ ਆਦਿ ਬਣੇ ਹੋਏ ਹਨ। ਪਰ ਪੰਜਾਬ ਦੀਆਂ ਹੁਣ ਤੱਕ ਦੀਆਂ ਚੋਣਾਂ ਦੀ ਪ੍ਰੰਪਰਾ ਹੈ ਕਿ ਇਨ੍ਹਾਂ ਸਾਰੇ ਅਕਾਲੀ ਦਲਾਂ ਵਿਚੋਂ ਪੰਜਾਬ ਦਾ ਵੋਟਰ ਸਿਰਫ਼ ਇਕ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦਾ ਹੈ। ਲਗਪਗ ਪਿਛਲੇ ਪੰਦਰਾਂ ਸਾਲਾਂ ਤੋਂ ਅਕਾਲੀ ਦਲ ਬਾਦਲ ਨੂੰ ਹੀ ਵੋਟਰ ਵੋਟਾਂ ਪਾਉਂਦੇ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਧੜਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਕਾਲੀ ਦਲ ਅਸਲੀ ਹੈ ਅਤੇ ਉਹ ਆਪਣੇ ਅਕਾਲੀ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਰਜਿਸਟਰ ਕਰਵਾਉਣਗੇ ਪਰ ਜੇਕਰ ਰਜਿਸਟ੍ਰੇਸ਼ਨ ਵਿਚ ਕੋਈ ਦਿੱਕਤ ਆਈ ਤਾਂ ਫਿਰ ਡੈਮੋਕ੍ਰੈਟਿਕ ਸ਼ਬਦ ਜੋੜਿਆ ਜਾਵੇਗਾ।
ਜੇ ਢੀਂਡਸਾ ਦਾ ਅਕਾਲੀ ਦਲ ਇਸੇ ਨਾਂ ‘ਤੇ ਰਜਿਸਟਰ ਹੋ ਗਿਆ ਤਾਂ ਬਾਦਲ ਦਲ ਲਈ ਖ਼ਤਰੇ ਦੀ ਘੰਟੀ ਵੱਜ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਦਾ ਅਕਸ ਸਾਫ਼-ਸੁਥਰਾ ਹੈ। ਉਹ ਨਿਮਰਤਾ, ਸੰਜੀਦਗੀ, ਧਰਮ ਨਿਰਪੱਖ ਅਕਸ ਵਾਲਾ, ਵਰਕਰਾਂ ਵਿਚ ਸਰਬ ਪ੍ਰਵਾਨ ਅਤੇ ਸਿਆਸੀ ਤੌਰ ‘ਤੇ ਸਾਊ ਅਤੇ ਸੂਝਵਾਨ ਗਿਣਿਆ ਜਾਂਦਾ ਹੈ। ਉਸ ਨੇ ਕਦੇ ਵੀ ਟਕਰਾਅ ਦੀ ਸਿਆਸਤ ਨਹੀਂ ਕੀਤੀ। ਇਹ ਪਹਿਲੀ ਵਾਰ ਹੈ ਕਿ ਉਸ ਨੇ ਬਗ਼ਾਵਤ ਵਾਲਾ ਕਦਮ ਚੁੱਕਿਆ ਹੈ। ਉਹ ਸੰਜੀਦਗੀ ਨਾਲ ਸਿਆਸੀ ਨੁਕਤਾਚੀਨੀ ਕਰਦਾ ਹੈ। ਜਦੋਂ ਉਹ ਪਾਰਟੀ ਤੋਂ ਵੱਖ ਹੋਇਆ ਸੀ ਤਾਂ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਕਾਨਫਰੰਸ ਕੀਤੀ ਸੀ ਜਿਸ ਵਿਚ ਉਸ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਅੱਜ ਢੀਂਡਸਾ ਦਾ ਭੋਗ ਪੈ ਗਿਆ ਹੈ। ਅਜਿਹੀ ਬਿਆਨਬਾਜ਼ੀ ਦਾ ਪਾਰਟੀ ਦੇ ਵਰਕਰਾਂ ਨੇ ਵੀ ਬੁਰਾ ਮਨਾਇਆ ਸੀ। ਢੀਂਡਸਾ ਨੇ ਉਦੋਂ ਵੀ ਸੁਖਬੀਰ ਬਾਦਲ ਨੂੰ ਕੋਈ ਅਸੱਭਿਅਕ ਸ਼ਬਦ ਨਹੀਂ ਬੋਲਿਆ ਸੀ। ਉਹ ਅਕਾਲੀ ਦਲ ਵਿਚ ਪੁਰਾਣਾ ਤੇ ਸੀਨੀਅਰ ਹੋਣ ਕਰਕੇ ਅਕਾਲੀ ਦਲ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਰਗ-ਰਗ ਦਾ ਭੇਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਬਹੁਤ ਨੇਤਾ ਢੀਂਡਸਾ ਦਾ ਸਾਥ ਦੇਣ ਲਈ ਅੱਗੇ ਆਉਣਗੇ।
ਜੇਕਰ ਢੀਂਡਸਾ ਅਕਾਲੀ ਦਲ ਵਿਚ ਵੱਡੇ ਪੱਧਰ ‘ਤੇ ਬਗ਼ਾਵਤ ਕਰਵਾਉਣ ਵਿਚ ਸਫਲ ਹੋ ਗਿਆ ਫਿਰ ਤਾਂ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਅਕਾਲੀ ਦਲ ਨੂੰ ਮੁਕਤ ਕਰਵਾ ਸਕਦਾ ਹੈ। ਅਜਿਹਾ ਨਾ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਭਾਵੇਂ ਸਿਆਸੀ ਤੌਰ ‘ਤੇ ਢੀਂਡਸਾ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਉਸ ਨੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਪੁੱਤਰਾਂ ਨੂੰ ਅਹੁਦੇ ਨਿਵਾਜ਼ ਕੇ ਆਪਣੇ ਨਾਲ ਜੋੜਿਆ ਹੋਇਆ ਹੈ। ਇਸ ਲਈ ਅਕਾਲੀ ਦਲ ਦੀ ਨੌਜਵਾਨ ਲੀਡਰਸ਼ਿਪ ਦਾ ਸੁਖਬੀਰ ਬਾਦਲ ਦਾ ਸਾਥ ਦੇਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਜਿਸ ਧੜੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਹੋਵੇ ਉਹੀ ਅਕਾਲੀ ਦਲ ਉਤੇ ਕਾਬਜ਼ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ। ਸੁਖਦੇਵ ਸਿੰਘ ਢੀਂਡਸਾ ਲਈ ਆਉਣ ਵਾਲਾ ਡੇਢ ਸਾਲ ਚੁਣੌਤੀਆਂ ਭਰਪੂਰ ਹੋਵੇਗਾ ਕਿਉਂਕਿ ਇੰਨੇ ਥੋੜ੍ਹੇ ਸਮੇਂ ਵਿਚ ਸਿਆਸੀ ਪਾਰਟੀ ਖੜ੍ਹੀ ਕਰਕੇ ਸਥਾਪਤ ਕਰਨੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਜੇ ਢੀਂਡਸਾ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਤੀਜਾ ਫਰੰਟ ਬਣਾ ਕੇ ਸ਼ਾਮਲ ਕਰਨ ਵਿਚ ਸਫਲ ਹੋ ਜਾਵੇ ਤਾਂ ਫਿਰ ਅਜਿਹੀ ਉਮੀਦ ਬੱਝ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਦੀ ਥਾਂ ਤੀਜੇ ਬਦਲ ਦੀ ਸਰਕਾਰ ਬਣਾਉਣੀ ਚਾਹੁੰਦੇ ਸਨ ਪਰ ਅਰਵਿੰਦ ਕੇਜਰੀਵਾਲ ਦੀ ਹਠ-ਧਰਮੀ ਅਤੇ ਸਥਾਪਤ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਸਿਆਸੀ ਹੱਥਕੰਡਿਆਂ ਕਾਰਨ ਲੋਕ ਸਫਲ ਨਹੀਂ ਹੋ ਸਕੇ। ਸਿਆਸਤ ਵਿਚ ਸਫਲ ਉਹੀ ਹੁੰਦਾ ਹੈ ਜਿਹੜਾ ਤਿਕੜਮਬਾਜ਼ ਹੋਵੇ ਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਵੇ। ਸੁਖਦੇਵ ਸਿੰਘ ਢੀਂਡਸਾ ਭਾਵੇਂ ਹੰਢਿਆ-ਵਰਤਿਆ ਘਾਗ ਸਿਆਸਤਦਾਨ ਹੈ ਪਰ ਉਹ ਤਿਕੜਮਬਾਜ਼ ਨਹੀਂ ਹੈ। ਅੱਜ ਦੇ ਸਿਆਸਤਦਾਨਾਂ ਦੇ ਡਿੱਗੇ ਮਿਆਰ ਕਰ ਕੇ ਪੈਂਤੜੇਬਾਜ਼ ਹੋਣਾ ਬਹੁਤ ਜ਼ਰੂਰੀ ਹੈ।
ਸੁਖਬੀਰ ਦੇ ਅਕਾਲੀ ਦਲ ਨੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਸਿਧਾਂਤ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦਾ ਅਕਾਲੀ ਦਲ ਭਾਜਪਾ ਦੀ ਸਰਕਾਰ ਵਿਚ ਸ਼ਾਮਲ ਹੋਣ ਕਰ ਕੇ ਉਸ ਦੀ ਕੇਂਦਰ ਸਰਕਾਰ ਦੇ ਹਰ ਗ਼ਲਤ ਫ਼ੈਸਲੇ ਦੀ ਤਾਈਦ ਕਰਦਾ ਹੈ। ਖ਼ਾਸ ਤੌਰ ‘ਤੇ ਧਾਰਾ 370, ਨਾਗਰਿਕ ਸੋਧ ਐਕਟ ਅਤੇ ਤਾਜ਼ਾ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸਾਂ ਦੀ ਹਮਾਇਤ ਕਰਕੇ ਪੰਜਾਬ ਦੇ ਕਿਸਾਨਾਂ ਦੇ ਮਨਾਂ ਤੋਂ ਲਹਿ ਗਿਆ ਹੈ। ਇਸ ਕਾਰਨ ਢੀਂਡਸਾ ਦੇ ਅਕਾਲੀ ਦਲ ਦੀ ਲੋਕਾਂ ਵੱਲੋਂ ਇਮਦਾਦ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਕੰਮ ਕਰਨਾ ਹੈ। ਲੋਕ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜੇ ਢੀਂਡਸਾ ਦਾ ਅਕਾਲੀ ਦਲ ਭਾਜਪਾ ਦੀ ਹਮਾਇਤ ਲਵੇਗਾ ਤਾਂ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਾਉਣਗੇ। ਅਗਾਮੀ ਵਿਧਾਨ ਸਭਾ ਚੋਣਾਂ ਵਿਚ ਢੀਂਡਸਾ ਦਾ ਅਕਾਲੀ ਦਲ ਕਿੰਨਾ ਕੁ ਸਫਲ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਕੰਧ ‘ਤੇ ਲਿਖਿਆ ਹੈ ਕਿ ਨਵਾਂ ਅਕਾਲੀ ਦਲ ਬਾਦਲਾਂ ਦੇ ਖੇਮੇ ਵਿਚ ਵੱਡੀ ਸੰਨ੍ਹ ਲਾਵੇਗਾ।
ੲੲੲ

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …