Home / ਮੁੱਖ ਲੇਖ / ਸ਼ਿਲੌਂਗ ਵਿਚੋਂ ਸਿੱਖਾਂ ਨੂੰ ਕਿਉਂ ਕੱਢਿਆ ਜਾ ਰਿਹੈ ਬਾਹਰ?

ਸ਼ਿਲੌਂਗ ਵਿਚੋਂ ਸਿੱਖਾਂ ਨੂੰ ਕਿਉਂ ਕੱਢਿਆ ਜਾ ਰਿਹੈ ਬਾਹਰ?

ਕੈਪਟਨ ਇਕਬਾਲ ਸਿੰਘ ਵਿਰਕ
ਭਾਰਤ ਦੇ ਸੂਬੇ ਮੇਘਾਲਿਆ ਦੀ ਸਰਕਾਰ ਵੱਲੋਂ ਇਸ ਦੀ ਰਾਜਧਾਨੀ ਦੇ ਸ਼ਹਿਰ ਸ਼ਿਲੌਂਗ ਵਿੱਚੋਂ ਸਿੱਖਾਂ ਨੂੰ ਬਾਹਰ ਕੱਢੇ ਜਾਣ ਦੀਆਂ ਖ਼ਬਰਾਂ ਅੱਜ ਕੱਲ੍ਹ ਮੀਡੀਆ ਦੀਆਂ ਸੁਰਖੀਆਂ ਵਿਚ ਹਨ। ਬੀਤੇ ਦਿਨੀਂ ਮੇਘਾਲਿਆ ਦੇ ਮੰਤਰੀ-ਮੰਡਲ ਵੱਲੋਂ ਬਣਾਈ ਗਈ ਉੱਚ-ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਬਣਾ ਕੇ ਇਕ ਮਤਾ ਇਸ ਰਾਜ ਦੀ ਵਿਧਾਨ ਸਭਾ ਵਿੱਚੋਂ ਪਾਸ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪਿਛਲੇ ਲੱਗਭੱਗ 150 ਸਾਲਾਂ ਤੋਂ ਸ਼ਿਲੌਂਗ ਵਿਚ ਵੱਸਦੇ ਸਿੱਖਾਂ ਨੂੰ ਇਸ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤਾ ਜਾਏਗਾ। ਇਸਦਾ ਮੁੱਖ ਕਾਰਨ ਇਸ ਸ਼ਹਿਰ ਵਿਚਲੀ ਜ਼ਮੀਨ ਦਾ ਸਮੇਂ ਨਾਲ ਮਹਿੰਗੇ ਹੋ ਜਾਣਾ ਅਤੇ ਭੂਮੀ-ਮਾਫ਼ੀਆ ਵੱਲੋਂ ਇਸ ਉੱਪਰ ਕਬਜ਼ਾ ਕਰਨ ਲਈ ਸਰਕਾਰ ਉੱਪਰ ਜ਼ੋਰ ਪਾਉਣਾ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਨਾਲ ਕਈ ਹੋਰ ਸਮਾਜਿਕ ਅਤੇ ਰਾਜਨੀਤਕ ਕਾਰਨ ਵੀ ਹੋ ਸਕਦੇ ਹਨ। ਮੇਘਾਲਿਆ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਸਰਕਾਰ ਹੈ ਅਤੇ ਇਸ ਪਾਰਟੀ ਵੱਲੋਂ ਭਾਰਤ ਦੇ ਕਈ ਸੂਬਿਆਂ ਵਿਚ ਰਾਜਨੀਤਕ ਹਿੱਲਜੁਲ ਕੀਤੀ ਜਾ ਰਹੀ ਹੈ। ਰਾਜ ਸਰਕਾਰ ਦਾ ਇਹ ਕਦਮ ਬੀਜੇਪੀ ਦੀ ਕਿਸੇ ਰਾਜਸੀ ਪਹਿਲਕਦਮੀ ਦਾ ਹਿੱਸਾ ਵੀ ਹੋ ਸਕਦਾ ਹੈ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਸਿੱਖ ਪਰਿਵਾਰਾਂ ਦੇ ਵਡੇਰਿਆਂ ਨੂੰ ਡੇਢ ਕੁ ਸੌ ਸਾਲ ਪਹਿਲਾਂ ਉੱਥੋਂ ਦੇ ਮਹਾਰਾਜੇ ਨੇ ਅੰਮ੍ਰਿਤਸਰ ਤੋਂ ਲਿਆ ਕੇ ਇੱਥੇ ਸ਼ਿਲੌਂਗ ਵਿਚ ਵਸਾਇਆ ਸੀ। ਉਹ ਕੋਈ ਅਮੀਰ ਸਿੱਖ ਨਹੀਂ ਸਨ, ਸਗੋਂ ਉਹ ਆਮ ਜਿਹੇ ਸਧਾਰਨ ਪਰਿਵਾਰਾਂ ਦੇ ਗਰੀਬੜੇ ਜਿਹੇ ਇਨਸਾਨ ਸਨ ਜਿਨ੍ਹਾਂ ਨੂੰ ਸਫ਼ਾਈ ਵਗ਼ੈਰਾ ਦੇ ਕੰਮਾਂ ਲਈ ਉੱਥੇ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਸ਼ਿਲੌਂਗ ਵਿਚ ਛੋਟੇ-ਛੋਟੇ ਘਰ ਬਣਾ ਕੇ ਦਿੱਤੇ ਗਏ ਸਨ ਅਤੇ ਹੋਰ ਕਈ ਹੋਰ ਜ਼ਰੂਰੀ ਸਹੂਲਤਾਂ ਵੀ ਦਿੱਤੀਆਂ ਗਈਆਂ। ਅਜੇ ਵੀ ਉੱਥੇ ਉਨ੍ਹਾਂ ਦੇ ਘਰ ਛੋਟੇ-ਛੋਟੇ ਹੀ ਹਨ ਅਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੁੜਿਆ ਇਕ ਗੁਰਦੁਆਰਾ ਵੀ ਬਣਾਇਆ ਹੋਇਆ ਹੈ ਅਤੇ ਇੱਥੇ ਉਹ ਆਪਣੀ ਧਾਰਮਿਕ ਆਸਥਾ ਨੂੰ ਪੂਿਰਆਂ ਕਰਦੇ ਹਨ।
ਭਾਰਤੀ ਫ਼ੌਜ ਵਿਚ ਨੌਕਰੀ ਦੌਰਾਨ ਮੈਨੂੰ ਸ਼ਿਲੌਂਗ ਵਿਚ ਕਈ ਵਾਰ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਉੱਥੋਂ ਦੇ ਵਸਨੀਕਾਂ ਨੂੰ ਕਈ ਵਾਰ ਮਿਲਿਆ ਹਾਂ। 1979, 1980 ਅਤੇ 1981 ਵਿਚ ਮੈਂ ਹਰ ਤੀਸਰੇ ਮਹੀਨੇ ਸ਼ਿਲੌਂਗ ਵਿੱਚੋਂ ਲੰਘ ਕੇ ਜਾਂਦਾ ਸੀ, ਕਿਉਂਕਿ ਅਸੀਂ ਆਪਣੀਆਂ ਫ਼ੌਜੀ ਗੱਡੀਆਂ ਵਿਚ ਸਿਲਚਰ ਜੋ ਕਿ ਆਸਾਮ ਵਿਚ ਹੈ, ਤੋਂ ਚੱਲ ਕੇ ਸ਼ਿਲੌਂਗ ਵਿਚ ਦੀ ਹੋ ਕੇ ਗੋਹਾਟੀ ਤੋਂ ਆਪਣੀ ਯੂਨਿਟ ਲਈ ਹਰ ਤਿੰਨ ਮਹੀਨੇ ਬਾਅਦ ਸਮਾਨ ਵਗ਼ੈਰਾ ਲੈਣ ਲਈ ਜਾਂਦੇ ਸੀ। ਸਿਲਚਰ ਤੋਂ ਗੋਹਾਟੀ ਤਕਰੀਬਨ 350 ਕਿਲੋਮੀਟਰ ਦੂਰ ਹੈ ਅਤੇ ਅਸੀਂ ਜਾਦਿਆਂ ਤੇ ਆਉਂਦਿਆਂ ਦੋਵੇਂ ਵਾਰ ਹੀ ਸ਼ਿਲੌਂਗ ਠਹਿਰਦੇ ਸੀ। ਕਾਰਨ ਸਾਫ਼ ਸੀ ਕਿ ਰਸਤਾ ਲੰਮਾਂ ਹੋਣ ਕਰਕੇ ਉੱਥੋਂ ‘ਥਰੀ-ਟਨ’ ਵੱਡੀ ਗੱਡੀ ਲਈ ਡੀਜ਼ਲ ਅਤੇ ਅੱਗੋਂ ਗੋਹਾਟੀ ਜਾਣ ਲਈ ਦੁਪਹਿਰ ਦਾ ਖਾਣਾ ਆਦਿ ਵੀ ਲੈਣਾ ਹੁੰਦਾ ਸੀ। ਸਾਡੀਆਂ ਗੱਡੀਆਂ ਦੇ ਨਾਲ ਹਮੇਸ਼ਾ ਈ.ਐੱਮ.ਈ. ਦਾ ਮਕੈਨਿਕ ਹੁੰਦਾ ਸੀ ਤਾਂ ਜੋ ਰਸਤੇ ਵਿਚ ਕਿਸੇ ਗੱਡੀ ਵਿਚ ਆਈ ਮਕੈਨੀਕਲ ਖ਼ਰਾਬੀ ਨੂੰ ਦੂਰ ਕੀਤਾ ਜਾ ਸਕੇ। ਉਸ ਨੇ ਆਪਣੇ ਨਾਲ ਲੋੜੀਂਦੇ ਸਪੇਅਰ-ਪਾਰਟਸ ਵੀ ਰੱਖੇ ਹੁੰਦੇ ਸਨ। ਸ਼ਿਲੌਂਗ ਵਿਚ ਆਪਣੀ ਕੁਝ ਘੰਟਿਆਂ ਜਾਂ ਇਕ-ਅੱਧੇ ਦਿਨ ਦੀ ਠਾਹਰ ਸਮੇਂ ਮੈਂ ਉੱਥੇ ਬਣੇ ਗੁਰਦੁਆਰਾ ਸਾਹਿਬ ਵਿਚ ਜ਼ਰੂਰ ਜਾਂਦਾ ਸੀ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਅਕਸਰ ਹੀ ਗੱਲਬਾਤ ਕਰਦਾ ਸੀ।
ਸਾਡੇ ਠਹਿਰਨ ਦੀ ਜਗ੍ਹਾ ਗੁਰਦੁਆਰਾ ਸਾਹਿਬ ਤੋਂ ਮਹਿਜ਼ ਦੋ-ਢਾਈ ਹਜ਼ਾਰ ਗਜ਼ ਹੀ ਦੂਰ ਸੀ ਅਤੇ ਉਸ ਦੇ ਨੇੜੇ ਹੀ ਸਪਲਾਈ-ਡੀਪੂ ਸੀ। ਉੱਥੇ ਕੁਝ ਸਿੱਖ ਵੀ ਕੰਮ ਕਰਦੇ ਸਨ। 1947 ਤੋਂ ਬਾਅਦ ਉੱਥੇ ਅੰਮ੍ਰਿਤਸਰ ਨਾਲ ਸਬੰਧਿਤ ਇਕ ਸਿੱਖ ਕਰਨਲ ਸੀ ਜਿਸ ਨੇ ਉਨ੍ਹਾਂ ਨੂੰ ਉੱਥੇ ਕੰਮਾਂ ‘ਤੇ ਲਵਾਇਆ ਸੀ, ਕਿਉਂਕਿ ਸਪਲਾਈ-ਡੀਪੂ ਵਿਚ ਸਿਵਲ ਕਾਮਿਆਂ ਦੀ ਅਕਸਰ ਹੀ ਜ਼ਰੂਰਤ ਪੈਂਦੀ ਹੈ। ਉਥੋਂ ਦੇ ਖਾਸੀ ਜਾਤੀ ਦੇ ਲੋਕ ਸਰੀਰਕ ਪੱਖੋਂ ਏਨੇ ਤਾਕਤਵਰ ਨਹੀਂ ਸਨ ਕਿ ਉਹ ਇਕ ਕਵਿੰਟਲ ਦੀ ਬੋਰੀ ਨੂੰ ਆਪਣੀ ਪਿੱਠ ਪਿੱਛੇ ਚੁੱਕ ਸਕਦੇ, ਅਤੇ ਦੂਸਰੇ ਪਾਸੇ ਪੰਜਾਬੀ ਪਿਛੋਕੜ ਦੇ ਨੌਜਵਾਨ ਇਸ ਕੰਮ ਲਈ ਫ਼ੌਜੀ ਅਫ਼ਸਰਾਂ ਨੂੰ ਵਧੇਰੇ ਯੋਗ ਲੱਗਦੇ ਸਨ। ਕੁਝ ਸਿੱਖ ਉੱਥੇ ਸਫ਼ਾਈ ਵਗ਼ੈਰਾ ਦਾ ਵੀ ਕੰਮ ਕਰਦੇ ਸਨ। ਦੂਸਰਾ ਕਾਰਨ ਇਹ ਵੀ ਸੀ ਕਿ ਉਸ ਕਰਨਲ ਸਾਹਿਬ ਨੂੰ ਇਹ ਪਤਾ ਸੀ ਇਨ੍ਹਾਂ ਲੋਕਾਂ ਦਾ ਪਿਛੋਕੜ ਵੀ ਅੰਮ੍ਰਿਤਸਰ ਦਾ ਹੈ ਅਤੇ ਉਹ ਆਪ ਵੀ ਅੰਮ੍ਰਿਤਸਰ ਨਾਲ ਸਬੰਧਿਤ ਸੀ। ਇਸ ਲਈ ਵੀ ਉਹ ਉਨ੍ਹਾਂ ਨੂੰ ਬਾਕੀਆਂ ਨਾਲੋਂ ਤਰਜੀਹ ਦਿੰਦੇ ਸਨ। ਇਹ ਉਹ ਲੋਕ ਸਨ ਜਿਹੜੇ ਪੰਜਾਬ ਵਿਚ ਕਿਸਾਨਾਂ ਦੇ ਨਾਲ ਕਿਸੇ ਸਮੇਂ ਸੀਰੀ ਦੇ ਤੌਰ ‘ઑਤੇ ਕੰਮ ਕਰਦੇ ਰਹੇ ਸਨ ਅਤੇ ਉਹ ਹਰ ਤਰ੍ਹਾਂ ਦਾ ਹੌਲਾ-ਭਾਰਾ ਕੰਮ ਕਰ ਸਕਦੇ ਸਨ।
ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਸ਼ਿਲੌਂਗ ਆਉਂਦੇ ਅਤੇ ਜਾਂਦੇ ਸਮੇਂ ਮੈਂ ਅਕਸਰ ਉੱਥੋਂ ਗੁਰਦੁਆਰਾ ਸਾਹਿਬ ਜਾਂਦਾ ਸੀ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਇਹ ਗੁਰਦੁਆਰਾ ਸਾਹਿਬ ਵੀ ਉਦੋਂ ਛੋਟਾ ਜਿਹਾ ਹੀ ਸੀ ਅਤੇ ਇਸ ਵਿਚ ਮਸਾਂ ਤਿੰਨ ਕੁ ਸੌ ਸ਼ਰਧਾਲੂ ਹੀ ਇਕ ਸਮੇਂ ਬੈਠ ਸਕਦੇ ਸਨ। ਗੁਰਦੁਆਰੇ ਦੀ ਇਮਾਰਤ ਨੂੰ ਵੇਖ ਕੇ ਪਤਾ ਲੱਗਦਾ ਸੀ ਕਿ ਇਹ ਗ਼ਰੀਬ ਸਿੱਖਾਂ ਵੱਲੋਂ ਉਸ ਮਾਲਕ ਪ੍ਰਮਾਤਮਾ ਨੂੰ ਯਾਦ ਕਰਨ ਲਈ ਗੁਜ਼ਾਰੇ ਮੁਆਫ਼ਕ ਸਾਧਨ ਬਣਾਇਆ ਗਿਆ ਹੈ। ਇਮਾਰਤ ਦੇ ਉੱਪਰ ਕੋਈ ਗੁੰਬਦ ਵਗ਼ੈਰਾ ਨਹੀਂ ਸਨ ਅਤੇ ਇਹ ਕੇਵਲ ਆਮ ਛੋਟਾ ਜਿਹਾ ਸਧਾਰਨ ਹਾਲ ਹੀ ਸੀ। ਉਨ੍ਹਾਂ ਲੋਕਾਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਵਿੱਚੋਂ ਕੋਈ ਵੀ ਏਨਾ ਅਮੀਰ ਨਹੀਂ ਸੀ। ਉਨ੍ਹਾਂ ਦੇ ਘਰ ਛੋਟੇ-ਛੋਟੇ ਹਨ ਅਤੇ ਘਰਾਂ ਦੇ ਨੇੜੇ ਹੀ ਇਕ ਭੀੜਾ ਜਿਹਾ ਬਾਜ਼ਾਰ ਸੀ ਜਿਸ ਵਿਚ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਦੁਕਾਨਾਂ ਸਨ। ਪਹਾੜੀ ਇਲਾਕਾ ਹੋਣ ਕਰਕੇ ਬਾਜ਼ਾਰ ਪੱਧਰਾ ਨਹੀਂ ਸੀ, ਸਗੋਂ ਬਹੁਤ ਉੱਚਾ-ਨੀਵਾਂ ਸੀ ਅਤੇ ਉਸ ਵਿਚ ਕਿਧਰੇ ਚੜ੍ਹਾਈ ਤੇ ਕਿਧਰੇ ਉਤਰਾਈ ਆਉਂਦੀ ਸੀ। ਇਕ ਹੋਰ ਵੱਡਾ ਬਾਜ਼ਾਰ ਵੀ ਸੀ ਜੋ ਕਾਫ਼ੀ ਖੁੱਲ੍ਹਾ ਸੀ। ਇੱਥੇ ਵੀ ਕੁਝ ਸਿੱਖ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ। ਹੁਣ ਇਸ ਦੀ ਕੀ ਹਾਲਤ ਹੋਵੇਗੀ, ਇਸ ਦੇ ਬਾਰੇ ਕੁਝ ਕਹਿਣਾ ਮੁਸ਼ਕਲ ਹੈ।
ਸਿੱਖਾਂ ਦੇ ਵਿਰੁੱਧ ਇਸ ਅਨਿਆਂ ਦੇ ਖ਼ਿਲਾਫ਼ ਸਿੱਖ-ਹਲਕਿਆਂ ਵੱਲੋਂ ਕਾਫ਼ੀ ਆਵਾਜ਼ ਉਠਾਈ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਵੱਲੋਂ ਇਸ ਸਬੰਧੀ ਚਿੱਠੀਆਂ ਕੇਂਦਰ ਸਰਕਾਰ ਅਤੇ ਮੇਘਾਲਿਆ ਦੀ ਸਰਕਾਰ ਨੂੰ ਭੇਜੀਆਂ ਗਈਆਂ ਹਨ। ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਸਰਕਾਰ ਵੱਲੋਂ ਮੇਘਾਲਿਆ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਇਕ ਲੰਮੀ-ਚੌੜੀ ਚਿੱਠੀ ਮੇਘਾਲਿਆ ਦੇ ਮੁੱਖ-ਮੰਤਰੀ ਨੂੰ ਲਿਖੀ ਹੈ।
ਮੇਘਾਲਿਆ ਦੇ ਗਵਰਨਰ ਸੱਤਿਆ ਪਾਲ ਮਲਿਕ ਕਾਫ਼ੀ ਇਨਸਾਫ਼-ਪਸੰਦ ਵਿਅੱਕਤੀ ਲੱਗਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਸਲਾਹ ਦਿੱਤੀ ਸੀ। ਹੋ ਸਕਦਾ ਹੈ ਕਿ ਉਹ ਵੀ ਸ਼ਿਲੌਂਗ ਦੇ ਸਿੱਖ ਪਰਿਵਾਰਾਂ ਦੇ ਇਸ ਗੰਭੀਰ ਮਸਲੇ ਪ੍ਰਤੀ ਗੰਭੀਰਤਾ ਅਤੇ ਨਰਮੀ ਵਾਲਾ ਰਵੱਈਆ ਅਪਨਾਉਣ ਅਤੇ ਆਪਣੀ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ। ਪਰ ਜੇਕਰ ਮੇਘਾਲਿਆ ਦੀ ਬੀਜੇਪੀ ਸਰਕਾਰ ਵੱਲੋਂ ਕਿਸੇ ਸਾਜਿਸ਼ ਅਧੀਨ ਇਹ ਕਾਰਵਾਈ ਕੀਤੀ ਜਾ ਰਹੀ ਹੋਵੇ ਤਾਂ ਫਿਰ ਕੁਝ ਕਹਿਣਾ ਮੁਸ਼ਕਲ ਹੈ, ਕਿਉਂਕਿ ਇਸ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਲਖੀਮਪਰ ਜ਼ਿਲੇ ਦੇ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਪਿਛਲੇ ਦਿਨਾਂ ਵਿਚ ਲਖੀਮਪੁਰ ਦੇ ਪੰਜਾਬੀ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਸੀ ਜਿਸ ਵਿਚ ਉਨ੍ਹਾਂ ਨੂੰ ਉੱਥੋਂ ਜ਼ਮੀਨਾਂ ਛੱਡ ਕੇ ਜਾਣ ਦੀ ਧਮਕੀ ਵੀ ਸ਼ਾਮਲ ਸੀ। ਉਸ ਦਾ ਪੁੱਤਰ ਅਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਮਿਸ਼ਰਾ 3 ਅਕਤੂਬਰ ਨੂੰ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਕਤਲਾਂ ਦੇ ਦੋਸ਼ ਵਿਚ ਆਪਣੇ ਦੋ ਸਾਥੀਆਂ ਨਾਲ ਗ੍ਰਿਫ਼ਤਾਰ ਹੋ ਚੁੱਕਾ ਹੈ।
ਇਸ ਦੇ ਨਾਲ ਹੀ ਰਾਜਸਥਾਨ ਦੇ ਗੰਗਾਨਗਰ ਤੇ ਕੱਛ ਇਲਾਕੇ ਵਿਚ ਵੀ ਕਈ ਵਾਰ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਛੱਡ ਕੇ ਪੰਜਾਬ ਵਾਪਸ ਜਾਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਅਤੇ ਮੱਧ ਪ੍ਰਦੇਸ਼ ਵਿਚ ਵੀ ਪੰਜਾਬੀਆਂ ਦੇ ਘਰ ਢਾਹੇ ਗਏ ਹਨ। ਬੀਜੇਪੀ ਦੀਆਂ ਸਰਕਾਰਾਂ ਵਾਲੇ ਰਾਜਾਂ ਵਿਚ ਜੇਕਰ ਲੋਕਾਂ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਹਨ ਤਾਂ ਇਸ ਨੂੰ ਕੇਂਦਰ ਵਿਚ ਰਾਜ ਕਰ ਰਹੀ ਇਸ ਪਾਰਟੀ ਦੀ ਕੋਈ ਗੂੜ੍ਹੀ ਸਾਜਿਸ਼ ਵੀ ਕਿਹਾ ਜਾ ਸਕਦਾ ਹੈ ਅਤੇ ਭਵਿੱਖ ਵਿਚ ਜੇਕਰ ਕੁਝ ਅਣਸੁਖਾਵਾਂ ਵਾਪਰਦਾ ਹੈ ਤਾਂ ਦੇਸ਼ ਵਿਚ ਖ਼ਲਬਲੀ ਵਾਲੀ ਹਾਲਤ ਪੈਦਾ ਹੋ ਸਕਦੀ ਹੈ। ਇਸ ਸਮੇਂ ਪਿਛਲੇ ਲੱਗਭੱਗ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਹਾਲਾਤ ਪਹਿਲਾਂ ਹੀ ਗੜਬੜੀ ਵਾਲੇ ਚੱਲ ਰਹੇ ਹਨ। ਮੇਘਾਲਿਆ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਦਿਆਂ ਹੋਇਆਂ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਗੰਭੀਰ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ,
ਫ਼ੋਨ: 647-567-9128)

Check Also

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ઑਸ਼ਬਦਾਂ ਦੇ ਖਿਡਾਰੀ਼

ਪੂਰਨ ਸਿੰਘ ਪਾਂਧੀ ਪੰਜਾਬੀ ਖੇਡ ਸਾਹਿਤ ਵਿਚ ਪ੍ਰਿੰ. ਸਰਵਣ ਸਿੰਘ ਦਾ ਵੱਡਾ ਨਾਂ ਹੈ। ਉਹ …