ਬੀਰ ਦਵਿੰਦਰ ਸਿੰਘ
ਪਿਛਲੇ ਦਿਨੀਂ ਇਜ਼ਰਾਈਲ ਦੇ ਇਤਿਹਾਸਕਾਰ ਯੁਵਾਲ ਨੌਅਵਾ ਹਰਾਰੀ ਦਾ ਇਕ ਲੇਖ ‘ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ’ ਲੰਡਨ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਫਾਈਨਾਂਸ਼ੀਅਲ ਟਾਈਮ’ ਵਿਚ ਪੜ੍ਹਿਆ। ਹਰਾਰੀ ਵੱਲੋਂ ਇਸ ਲੇਖ ਵਿਚ ਦਿੱਤੀ ਜਾਣਕਾਰੀ ਬੇਹੱਦ ਅਰਥ ਭਰਪੂਰ ਤੇ ਹੈਰਾਨ ਕਰ ਦੇਣ ਵਾਲੀ ਸੀ। ਇਹ ਮਜ਼ਮੂਨ ਪੜ੍ਹਨ ਤੋਂ ਬਾਅਦ ਮੈਂ ਸੋਚਿਆ ਕਿਉਂ ਨਾ ਇਹ ਸਾਰੀਆਂ ਨਵੀਆਂ ਜਾਣਕਾਰੀਆਂ ਸੁਚੇਤ ਪੰਜਾਬੀ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣ।
ਅੱਜ ਪੂਰੇ ਵਿਸ਼ਵ ਵਿਚ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਤੋਂ ਪੀੜਤ ਲੋਕਾਂ ਦੀ ਗਿਣਤੀ 7 ਲੱਖ ਨੂੰ ਪਾਰ ਕਰ ਗਈ ਹੈ। ਇਹ ਠੀਕ ਹੈ ਕਿ ਇਸ ਭਿਆਨਕ ਝੱਖੜ ਨੇ ਏਥੇ ਸਦਾ ਨਹੀਂ ਬਣੇ ਰਹਿਣਾ। ਦੇਰ-ਸਵੇਰ ਆਖਿਰ ਇਹ ਬਿਪਤਾ ਦਾ ਸਮਾਂ ਵੀ ਗੁਜ਼ਰ ਜਾਏਗਾ, ਪਰ ਇਹ ਮਹਾਂਮਾਰੀ ਜਾਂਦੇ-ਜਾਂਦੇ ਵੀ ਸਾਡੇ ਵਿਚੋਂ ਬਹੁਤਿਆਂ ਨੂੰ ਸਦਾ ਲਈ ਸਮੇਟ ਕੇ ਨਾਲ ਲੈ ਜਾਵੇਗੀ, ਜੋ ਲੋਕ ਬਚ ਜਾਣਗੇ, ਉਨ੍ਹਾਂ ਲਈ ਜ਼ਿੰਦਗੀ ਨਵੇਂ ਅਨੁਭਵਾਂ ਦੀ ਇਕ ਕਠਿਨ ਪ੍ਰੀਖਿਆ ਬਣ ਕੇ ਆਵੇਗੀ। ਮੁਕੰਮਲ ਤੌਰ ‘ਤੇ ਬਦਲੇ ਹੋਏ ਹਾਲਾਤ ਵਿਚ ਬਦਲਿਆ ਹੋਇਆ ਮਨੁੱਖ ਇਕ ਦੂਸਰੇ ਦੇ ਰੂਬਰੂ ਖੜ੍ਹਾ ਨਜ਼ਰ ਆਵੇਗਾ। ਬਦਲੀ ਹੋਈ ਜੀਵਨ-ਜਾਚ ਪੁਨਰ ਤਰਤੀਬੀ ਦੀ ਮੰਗ ਕਰੇਗੀ, ਜਿਸਦੀ ਤਰਕੀਬ ਬੇਹੱਦ ਦੁਸ਼ਵਾਰੀਆਂ ਭਰੀ ਹੋਵੇਗੀ। ਇਸ ਮਹਾਂਮਾਰੀ ਕਾਰਨ ਸਮੂਹ ਵਿਵਸਥਾਵਾਂ ਖੇਰੂੰ-ਖੇਰੂੰ ਹੋ ਕੇ ਰਹਿ ਜਾਣਗੀਆਂ। ਸਭ ਕੁਝ ਉੱਖੜਿਆ ਤੇ ਹਟਵਾਂ ਨਜ਼ਰ ਆਵੇਗਾ। ਜਨ-ਜੀਵਨ, ਹਕੂਮਤੀ ਸ਼ਾਸਨ ਤੇ ਪ੍ਰਸ਼ਾਸਨ, ਪ੍ਰਸ਼ਾਸਨਿਕ ਲੋੜਾਂ ਅਤੇ ਵਿਵਸਥਾਵਾਂ ਦੀਆਂ ਸਮੂਹ ਪੱਧਤੀਆਂ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਮੁੜ ਢਾਲਣਾ ਹੋਵੇਗਾ। ਵਿਸਥਾਪਤ ਪ੍ਰਣਾਲੀਆਂ ਦੀ ਪੁਨਰ ਸਥਾਪਨਾ ਜੋਖਮ ਭਰਿਆ ਕਾਰਜ ਹੋਵੇਗਾ। ਇਸ ਪ੍ਰਸੰਗ ਵਿਚ ਵਿਸ਼ਵ-ਜੁਗਤ ਨੂੰ ਇਕ ਨਵੀਂ ਤਰਤੀਬ ਵਿਚ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਅਜਿਹੀ ਨੈਤਿਕ ਅਤੇ ਅਧਿਆਤਮਕ ਪ੍ਰਣਾਲੀ ਦੀ ਉਸਾਰੀ ਲਈ ਇਕ ਦੂਸਰੇ ਦੇ ਹਿੱਤਾਂ ਨਾਲ ਮੇਲ ਖਾਂਦੀ, ਮਾਨਸਿਕ ਤੌਰ ‘ਤੇ ਗ੍ਰਹਿਣ ਕਰਨਯੋਗ ਅਤੇ ਸਮਝਣਯੋਗ ਸਮਾਨ ਰਚਨਾ ਦਾ ਢੁਕਵਾਂ ਖਾਕਾ ਤਿਆਰ ਕਰਕੇ ਉਸਦਾ ਮੁੱਢੋਂ ਨਿਰਮਾਣ ਕਰਨਾ ਵਿਸ਼ਵ ਦੇ ਸਮਰੱਥ ਆਗੂਆਂ ਦੀ ਦਾਨਾਈ ‘ਤੇ ਨਿਰਭਰ ਕਰੇਗਾ। ਪੂਰੇ ਵਿਸ਼ਵ ਦੀ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਵਿਵਸਥਾਵਾਂ ਨੂੰ ਬਦਲੀਆਂ ਪ੍ਰਸਥਿਤੀਆਂ ਅਨੁਸਾਰ ਪੁਨਰ ਪ੍ਰਭਾਸ਼ਿਤ ਕਰਨਾ ਆਸਾਨ ਨਹੀਂ ਹੋਵੇਗਾ। ਚੀਨ, ਰੂਸ, ਉੱਤਰੀ-ਕੋਰੀਆ ਤੇ ਇਸਰਾਈਲ ਨੂੰ ਛੱਡ ਕੇ ਲਗਪਗ ਸਾਰੀ ਦੁਨੀਆਂ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਅੰਤਰਰਾਸ਼ਟਰੀ ਆਰਥਿਕ ਮੰਦੀ ਦੇ ਦੌਰ ਵਿਚ ਵਿਸ਼ਵੀ ਅਰਥਚਾਰਾ ਸੁੰਗੜਿਆ ਤੇ ਹਰ ਪੱਖੋਂ ਪਿੱਛੇ ਹਟਦਾ ਨਜ਼ਰ ਆਵੇਗਾ। ਹਰ ਪ੍ਰਭਾਵਿਤ ਦੇਸ਼ ਇਕ ਅਜੀਬ ਸੰਕੋਚ ‘ਤੇ ਸਿਮਟਣ ਦੀ ਪਰਿਕਿਰਿਆ ਵਿਚੋਂ ਗੁਜ਼ਰ ਰਿਹਾ ਨਜ਼ਰ ਆਵੇਗਾ। ਨਵੇਂ ਆਰੰਭ ਅਤੇ ਨਵੇਂ ਕਦਮ ਅਣਮਿੱਥੇ ਸਮੇਂ ਲਈ ਵਿਰਾਮ ਅਵਸਥਾ ਵਿਚ ਚਲੇ ਜਾਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੀ ਅਰਥ ਵਿਵਸਥਾ ਨੂੰ 50 ਖਰਬ ਤਕ ਲੈ ਜਾਣ ਦੇ ਦਾਅਵੇ ਵੀ ਮਹਾਂਮਾਰੀ ਦੇ ਕਹਿਰ ਕਾਰਨ ਢਹਿ-ਢੇਰੀ ਹੋ ਜਾਣਗੇ। ਇਹ ਵੀ ਸੰਭਵ ਹੈ ਕਿ ਕਰੋਨਾਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਭਾਰਤ ਦੀ ਅਰਥ ਵਿਵਸਥਾ ਨੂੰ ਮੁੜ ਲੀਹ ‘ਤੇ ਪਾਉਣ ਲਈ ਭਾਰਤ ਸਰਕਾਰ ਵੱਲੋਂ ਵਿੱਤੀ ਐਮਰਜੈਂਸੀ ਲਾਗੂ ਕਰ ਦਿੱਤੀ ਜਾਵੇ ਜੋ ਬੇਹੱਦ ਕਠਿਨ ਪਾਬੰਦੀਆਂ ਵਾਲਾ ਵਿੱਤੀ ਨਿਜ਼ਾਮ ਹੋਵੇਗਾ। ਇਸ ਨਿਜ਼ਾਮ ਅਧੀਨ ਸਰਕਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਲੈ ਕੇ ਅਰਦਲੀਆਂ ਤੇ ਚਪੜਾਸੀਆਂ ਤਕ ਦੀ ਤਨਖਾਹ ਨੂੰ ਆਪਣੀ ਮਰਜ਼ੀ ਅਨੁਸਾਰ ਕਾਂਟ-ਛਾਂਟ ਕਰਕੇ ਘਟਾ ਸਕਦੀ ਹੈ। ਅਜਿਹਾ ਹੀ ਵਰਤਾਰਾ ਦੇਸ਼ ਅਤੇ ਦੇਸ਼ ਦੇ ਸਾਰੇ ਰਾਜਾਂ ਦੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਵਿਚ ਹੋ ਸਕਦਾ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਦੇ ਖਾਤੇ ਪੂਰਨ ਤੌਰ ‘ਤੇ ਜਾਂ ਆਂਸ਼ਕ ਰੂਪ ਵਿਚ ਸੀਲ ਕੀਤੇ ਜਾ ਸਕਦੇ ਹਨ। ਬੈਂਕ ਖਾਤਿਆਂ ਵਿਚ ਜਮ੍ਹਾਂ ਪਈ ਰਾਖਵੀਂ ਮੁਦਰਾ ਦੀ ਇਕੋ-ਜਿਹੀ ਵੰਡ ਵੀ ਇਸ ਨਵੇਂ ਨਿਜ਼ਾਮ ਅਨੁਸਾਰ ਕੀਤੀ ਜਾ ਸਕਦੀ ਹੈ। ਪਰ ਮੈਨੂੰ ਜਾਪਦਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੀ ਇੱਛਾ ਅਨੁਸਾਰ ਚੱਲਣ ਵਾਲਾ ਪ੍ਰਧਾਨ ਮੰਤਰੀ ਅਜਿਹੀ ਜ਼ੋਰਦਾਰ ਤੇ ਧੱਕੜ ਵਿਵਸਥਾ ਨੂੰ ਲਾਗੂ ਨਹੀਂ ਕਰ ਸਕੇਗਾ। ਇਸ ਲਈ ਦੇਸ਼ ਦੇ ਧੜੰਮ ਕਰ ਕੇ ਡਿੱਗ ਚੁੱਕੇ ਅਰਥਚਾਰੇ ਦੀ ਵੱਡੀ ਮਾਰ ਵੀ ਆਖ਼ਰ ਨੂੰ ਗ਼ਰੀਬ, ਮੱਧ ਵਰਗ ਅਤੇ ਸਰਕਾਰ ਦੇ ਖ਼ਦਮੁਖ਼ਤਿਆਰ ਵਰਗ ਭਾਵ ਮੁਲਾਜ਼ਮ ਵਰਗ ਨੂੰ ਹੀ ਸਹਿਣੀ ਪਵੇਗੀ।
ਇੱਥੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਬ੍ਰਹਿਮੰਡੀ-ਨਿਜ਼ਾਮ ਅਤੇ ਵਿਸ਼ਵ-ਵਿਆਪੀ ਕੌਮਾਂਤਰੀ ਸੰਸਥਾਵਾਂ ਵਿਸ਼ਵ ਵਿਆਪੀ ਮਹਾਂਮਾਰੀ ਦੀ ਇਸ ਔਖੀ ਘੜੀ ਵਿਚ ਕੋਈ ਵੀ ਸਾਰਥਕ ਭੂਮਿਕਾ ਨਿਭਾਉਣ ਵਿਚ ਨਾਕਾਮ ਸਾਬਤ ਹੋਈਆਂ ਹਨ। ਇਸ ਲਈ ਭਵਿੱਖ ਵਿਚ ਬ੍ਰਹਿਮੰਡੀ-ਨਿਜ਼ਾਮ ਅਤੇ ਵਿਸ਼ਵ-ਵਿਆਪੀ ਕੌਮਾਂਤਰੀ ਸੰਸਥਾਵਾਂ ਦੀ ਕਾਰਜਸ਼ੈਲੀ ਅਤੇ ਭੂਮਿਕਾ ਵੀ ਵੱਡੀ ਬਹਿਸ ਦਾ ਵਿਸ਼ਾ ਰਹੇਗਾ। ਇੰਜ ਜਾਪ ਰਿਹਾ ਹੈ ਜਿਵੇਂ ਬ੍ਰਹਿਮੰਡੀ-ਨਿਜ਼ਾਮ ਅਤੇ ਕੌਮਾਂਤਰੀ ਭਾਈਚਾਰੇ ਦੇ ਸੰਕਲਪ ਤਾਂ ਸਾਡੇ ਸਰੋਕਾਰਾਂ ਵਿਚੋਂ ਮਨਫ਼ੀ ਹੋ ਗਏ ਹਨ। ਇਸ ਬਿਪਤਾਕਾਲ ਵਿਚ ਹਰ ਦੇਸ਼ ਤੇ ਹਰ ਮਨੁੱਖ ਆਪਣੇ-ਆਪ ਤਕ ਸਿਮਟ ਕੇ ਰਹਿ ਗਿਆ ਹੈ। ਮੇਰੀ ਉਦਾਸ ਬਿਰਤੀ ‘ਤੇ ਇਹ ਗੀਤ ਮੱਲੋ-ਮੱਲੀ ਇਕ ਅਹਿਸਾਸ ਬਣ ਕੇ ਮੇਰੇ ਬੁੱਲ੍ਹਾਂ ‘ਤੇ ਆ ਗਿਆ ਹੈ;
ਕੋਈ ਕਿਸੀ ਕਾ ਨਹੀਂ, ਯੇਹ ਝੂਠੇ
ਨਾਤੇ ਹੈਂ, ਨਾਤੋਂ ਕਾ ਕਿਆ।
ਕਸਮੇਂ ਵਾਅਦੇ ਪਿਆਰ ਵਫ਼ਾ ਸਬ,ઠ
ਬਾਤੇਂ ਹੈਂ, ਬਾਤੋਂ ਕਾ ਕਿਆ।
ਸੰਯੁਕਤ ਰਾਸ਼ਟਰ ਸੰਘ ਦੀ ਇਸ ਕਹਿਰ ਦੇ ਸਮੇਂ ਵਿਚ ਖਾਮੋਸ਼ੀ ਅਤੇ ਵਿਸ਼ਵ ਸਿਹਤ ਸੰਸਥਾ ਦਾ ਇਸ ਭਿਆਨਕ ਮਹਾਂਮਾਰੀ ਦੇ ਦੌਰ ਵਿਚ ਆਪਣੀ ਬਣਦੀ ਚੌਕਸ ਨਿਗਰਾਨੀ, ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਖੁੰਝ ਜਾਣਾ ਉੱਚ ਪੱਧਰੀ ਅੰਤਰਰਾਸ਼ਟਰੀ ਪੜਤਾਲਾਂ ਦਾ ਵਿਸ਼ਾ ਬਣੇਗਾ। ਸੰਯੁਕਤ ਰਾਸ਼ਟਰ ਸੰਘ ਅਤੇ ਕੌਮਾਂਤਰੀ ਨਿਆਂ ਅਦਾਲਤ ਉੱਤੇ ਰਾਸ਼ਟਰਾਂ ਦੇ ਵੱਡੇ ਸਮੂਹ ਵੱਲੋਂ ਇਹ ਜ਼ੋਰ ਪਾਇਆ ਜਾਵੇਗਾ ਕਿ ਚੀਨ ਦੇ ਵੂਹਾਨ ਸ਼ਹਿਰ ਤੋਂ ਉਤਪੰਨ ਹੋਏ ਇਸ ਵਾਇਰਸ ਦੀ ਅੰਤਰਰਾਸ਼ਟਰੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਪੜਤਾਲ ਕਰਵਾ ਕੇ ਇਸ ਮਹਾਂਮਾਰੀ ਦਾ ਸੱਚ ਕੌਮਾਂਤਰੀ ਸਮੁਦਾਏ ਅੱਗੇ ਰੱਖਿਆ ਜਾਵੇ। ਅਜਿਹੇ ਵਿਚ ਚੀਨ ਦੇ ਵਿਦਰੋਹੀ ਸੁਰ ਇਕ ਨਵੀਂ ਸਥਿਤੀ ਪੈਦਾ ਕਰਨ ਦੀ ਸੰਭਾਵਨਾ ਰੱਖਦੇ ਹਨ। ਇਸ ਪ੍ਰਸੰਗ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਰਾਸ਼ਟਰਾਂ ਦੀ ਮੁੜ ਕਤਾਰਬੰਦੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨਵੀਂ ਕਤਾਰਬੰਦੀ ‘ਚੋਂ ਉਤਪੰਨ ਹੋਏ ਅੰਤਰ-ਵਿਰੋਧੀ ਤੇ ਅਸੰਗਤ ਤਰਕ ਵਿਸ਼ਵ ਵਿਚ ਅਜਿਹਾ ਤਣਾਅਪੂਰਨ ਮਾਹੌਲ ਪੈਦਾ ਕਰ ਸਕਦੇ ਹਨ, ਜਿਸ ਵਿਚ ਨਿਊਕਲੀਅਰ ਯੁੱਧ ਦੇ ਤੌਖਲੇ ਵੀ ਕੁਥਾਂ ਨਹੀਂ ਜਾਪਣਗੇ।
ਅੱਜ ਸਾਰੀ ਦੁਨੀਆਂ ਕਰੋਨਾਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਹੀ ਹੈ। ਕੰਪਿਊਟਰਾਂ ਦੇ ਵਿਸ਼ਵਵਿਆਪੀ ਤਾਣੇ-ਬਾਣੇ ਦੀ ਮਦਦ ਨਾਲ ਪੂਰੀ ਦੁਨੀਆਂ ਵਿਚ ਸੂਚਨਾਵਾਂ ਅਤੇ ਸੱਜਰੀਆਂ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਹਰ ਜਾਗਰੂਕ ਮਨੁੱਖ ਦੇ ਮਨ ਵਿਚ ਨਵੀਆਂ ਜਾਣਕਾਰੀਆਂ ਦੀ ਉਤਸੁਕਤਾ ਬਣੀ ਰਹਿੰਦੀ ਹੈ। ਬੌਧਿਕ ਪੱਖੋਂ ਸੁਚੇਤ ਮਨੁੱਖ ਦੇ ਮਨ ਵਿਚ ਨਵੀਆਂ ਜਾਣਕਾਰੀਆਂ ਦੀ ਭੁੱਖ ਵਧੇਰੇ ਪ੍ਰਬਲ ਹੁੰਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਪੂਰੇ ਵਿਸ਼ਵ ਤੇ ਮਨੁੱਖੀ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਹਰ ਨਵੀਂ ਜਾਣਕਾਰੀ ਉਸ ਦੇ ਜ਼ਿਹਨ ਵਿਚ ਹੋਣੀ ਚਾਹੀਦੀ ਹੈ। ਜਾਣਕਾਰੀਆਂ ਦੇ ਪ੍ਰਵਾਹਿਤ ਹੋਣ ਦੀ ਨਿਰੰਤਰਤਾ ਕਦੇ ਵੀ ਨਾ ਟੁੱਟਣ ਵਾਲੀ ਲੜੀ ਹੈ। ਗਿਆਨ ਆਧਾਰਿਤ ਜਾਣਕਾਰੀਆਂ ਦੀ ਨਵੀਨਤਾ ਤੇ ਸੱਜਰਪੁਣੇ ਦੀ ਸਮਾਂ-ਸੀਮਾ, ਇਸ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਹੁਣ ਕੁਝ ਵੀ ਨਹੀਂ ਰਹਿ ਗਈ। ਜੋ ਜਾਣਕਾਰੀਆਂ ਅਸੀਂ ਕੱਲ੍ਹ ਪ੍ਰਾਪਤ ਕੀਤੀਆਂ ਹਨ, ਉਹ ਅੱਜ ਪੁਰਾਣੀਆਂ ਹੋ ਗਈਆਂ ਕਿਉਂਕਿ ਜਾਣਕਾਰੀਆਂ ਦੇ ਖੇਤਰ ਵਿਚ ਅੱਜ ਹੋਰ ਨਵੀਆਂ ਜਾਣਕਾਰੀਆਂ ਦਾ ਇਜ਼ਾਫ਼ਾ ਹੋ ਗਿਆ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਖੋਜ ਤੇ ਤੱਤ ਨਿਰੀਖਣ ਕਦੇ ਨਾ ਮੁੱਕਣ ਵਾਲਾ ਵਿਆਪਕ ਅਮਲ ਹੈ। ਇਸ ਲਈ ਜੋ ਕੁਝ ਵੀ ਅਸੀਂ ਅੱਜ ਜਾਣਿਆ ਹੈ, ਹੋ ਸਕਦਾ ਹੈ ਕਿ ਮਨੁੱਖ ਦੀ ਨਵੀਂ ਖੋਜ ਅਨੁਸਾਰ ਕੱਲ੍ਹ ਨੂੰ ਅਪ੍ਰਚੱਲਿਤ, ਅਵਿਵਹਾਰਕ ਤੇ ਪੁਰਾਣਾ ਜਾਪਣ ਲੱਗੇ।
ਕਰੋਨਾ ਮਹਾਂਮਾਰੀ ਕਾਰਨ ਪੂਰੇ ਸੰਸਾਰ ਵਿਚ ਗਹਿਰ ਦੇ ਬੱਦਲ ਛਾਏ ਹੋਏ ਹਨ। ਇੰਜ ਜਾਪ ਰਿਹਾ ਹੈ ਜਿਵੇਂ ਵਿਗਿਆਨ ਅਤੇ ਵਿਗਿਆਨਕ ਖੋਜ ਕੁਦਰਤ ਦੀ ਕਰੋਪੀ ਅੱਗੇ ਹਾਰ ਗਏ ਹਨ। ਇਸੇ ਕਰਕੇ ਟਰੰਪ ਤੋਂ ਮੋਦੀ ਤੀਕਰ ਸਾਰੇ ਹੀ ਇਲਾਜ ਨਾਲੋਂ ਰੋਕਥਾਮ ਨਿਵਾਰਕ ਅਮਲਾਂ ਦੀ ਅਪੀਲ ਕਰ ਰਹੇ ਹਨ। ਕੁਦਰਤ ਦਾ ਕ੍ਰਿਸ਼ਮਾ ਵੇਖੋ ! ਜੋ ਮਨੁੱਖ ਸਦੀਆਂ ਤੋਂ ਆਪਣੀ ਖ਼ੁਸ਼ੀ ਲਈ ਪੰਛੀਆਂ ਨੂੰ ਪਿੰਜਰਿਆਂ ਵਿਚ ਬੰਦ ਕਰਕੇ ਆਨੰਦ ਲੈ ਰਿਹਾ ਸੀ, ਅੱਜ ਮਨੁੱਖ ਆਪਣੇ ਹੱਥੀ ਬਣਾਏ ਪਿੰਜਰਿਆਂ ਵਿਚ ਭਾਵ ਆਪਣੇ ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਕੈਦ ਹੈ। ਜਿਉਣ ਦੀ ਲਾਲਸਾ ਤੇ ਮੌਤ ਦੇ ਭੈਅ ਨੇ ਮਨੁੱਖ ਨੂੰ ਇਸ ਭਿਆਨਕ ਮਹਾਂਮਾਰੀ ਅੱਗੇ ਅਪਾਹਜ ਬਣਾ ਛੱਡਿਆ ਹੈ। ਇਸ ਨੂੰ ਵਕਤ ਦੀ ਸਿਤਮ-ਜਰੀਫ਼ੀ ਕਹੋ ਜਾਂ ਅਜੀਬ ਇਤਫ਼ਾਕ ਕਿ ਸਮਾਂ ਅਜਿਹਾ ਆ ਢੁੱਕਾ ਹੈ ਕਿ ਨਾ ਮਨੁੱਖ ਦੀ ਮਈਅਤ ਨੂੰ ਮੋਢਾ ਦੇਣ ਲਈ ਚਾਰ ਬੰਦੇ ਲੱਭਦੇ ਹਨ ਤੇ ਨਾ ਸ਼ਮਸ਼ਾਨ।
ਜੇ ਸ਼ਮਸ਼ਾਨਾਂ ਦੇ ਬੂਹੇ ਵੀ ਮ੍ਰਿਤਕ ਸਰੀਰਾਂ ਲਈ ਬੰਦ ਹੋ ਜਾਣ ਤਾਂ ਫੇਰ ਮਨੁੱਖਤਾ ਲਈ ਇਸ ਤੋਂ ਵੱਡੀ ਨਮੋਸ਼ੀ ਤੇ ਸਰਾਪ ਹੋਰ ਕੀ ਹੋ ਸਕਦਾ ਹੈ? ਰਾਨਾ ਸ਼ਹਿਰੀ ਦਾ ਇਹ ਸ਼ੇਅਰ ਕਿੰਨਾ ਸੱਚ ਹੋ ਨਿਬੜਿਆ ਹੈ;
ਕੋਈ ਦੋਸਤ ਹੈ ਨਾ ਰਕੀਬ ਹੈ,ઠ
ਤੇਰਾ ਸ਼ਹਿਰ ਕਿਤਨਾ ਅਜੀਬ ਹੈ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …