Breaking News
Home / ਮੁੱਖ ਲੇਖ / ਕੋਰੋਨਾ ਸੰਕਟ ਦੌਰਾਨ ਖਾਮੋਸ਼ ਕਿਉਂ ਹੈ ਦੇਸ਼ ਦੀ ਸੰਸਦ?

ਕੋਰੋਨਾ ਸੰਕਟ ਦੌਰਾਨ ਖਾਮੋਸ਼ ਕਿਉਂ ਹੈ ਦੇਸ਼ ਦੀ ਸੰਸਦ?

ਅਨਿਲ ਜੈਨ
ਕੋਰੋਨਾ ਮਹਾਂਮਾਰੀ ਦੇ ਇਸ ਵਿਸ਼ਵ ਸੰਕਟ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸੰਸਦਾਂ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੀਆਂ ਹਨ। ਤਾਲਾਬੰਦੀ ਦੀਆਂ ਹਦਾਇਤਾਂ ਅਤੇ ਸਰੀਰਕ ਦੂਰੀ ਦਾ ਪਾਲਣ ਕਰਦਿਆਂ ਕਈ ਦੇਸ਼ਾਂ ਵਿਚ ਸੰਸਦ ਮੈਂਬਰਾਂ ਦੀ ਸੀਮਤ ਮੌਜੂਦਗੀ ਵਾਲੇ ਇਜਲਾਸਾਂ ਦਾ ਜਾਂ ਵੀਡੀਓ ਕਾਨਫ਼ਰੰਸ ਦਾ ਸਹਾਰਾ ਲੈ ਕੇ ਸੰਸਦ ਦਾ ਕੰਮਕਾਜ ਚਲਾਇਆ ਜਾ ਰਿਹਾ ਹੈ, ਤਾਂ ਕੁਝ ਦੇਸ਼ਾਂ ਵਿਚ ਸੰਸਦੀ ਕਮੇਟੀਆਂ ਦੀਆਂ ਬੈਠਕਾਂ ਹੋ ਰਹੀਆਂ ਹਨ। ਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ ਸਰਕਾਰ ਦੀ ਜਵਾਬਦੇਹੀ ਨੂੰ ਤੈਅ ਕਰਨ ਵਾਲੀ ਸੰਸਦ ਅਜੇ ਤੱਕ ਚੁੱਪ ਹੈ।
ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦਾ ਫ਼ੈਸਲਾ ਸਿਰਫ਼ ਅਤੇ ਸਿਰਫ਼ ਸਰਕਾਰ ਅਤੇ ਨੌਕਰਸ਼ਾਹ ਕਰ ਰਹੇ ਹਨ। ਜੋ ਕੋਈ ਵੀ ਅਰਥ-ਵਿਵਸਥਾ, ਸੰਵੇਦਨਹੀਣਤਾ, ਪ੍ਰੇਸ਼ਾਨ ਲੋਕਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਹ ਨਸੀਹਤ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮੁੱਦੇ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਮੋਦੀ ਦੀ ਮਮਤਾ ਤੋਂ ਦੂਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਹਫ਼ਤੇ ਚੱਕਰਵਰਤੀ ਤੂਫ਼ਾਨ ਅਮਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹਿਲਾਂ ਪੱਛਮੀ ਬੰਗਾਲ ਅਤੇ ਫਿਰ ਓਡੀਸ਼ਾ ਗਏ। ਕੋਲਕਾਤਾ ਹਵਾਈ ਅੱਡੇ ‘ਤੇ ਮਮਤਾ ਬੈਨਰਜੀ ਨੇ ਉਨਾਂ ਦਾ ਸਵਾਗਤ ਕੀਤਾ ਅਤੇ ਉਨਾਂ ਦੇ ਨਾਲ ਹਵਾਈ ਜਹਾਜ਼ ਰਾਹੀਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ। ਬਾਅਦ ਵਿਚ ਦੋਵਾਂ ਨੇ ਇਕੱਠਿਆਂ ਬਿਆਨ ਵੀ ਜਾਰੀ ਕੀਤਾ। ਇਸ ਪੂਰੀ ਪ੍ਰਕਿਰਿਆ ਵਿਚ ਦੋਵਾਂ ਵਿਚਲਾ ਤਣਾਅ ਵਾਲਾ ਰਿਸ਼ਤਾ ਸਾਫ਼ ਦਿਖਾਈ ਦਿੱਤਾ। ਹਵਾਈ ਅੱਡੇ ‘ਤੇ ਜਦੋਂ ਮੋਦੀ ਜਹਾਜ਼ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਮਮਤਾ ਉਨਾਂ ਨੂੰ ਨਜ਼ਰਅੰਦਾਜ਼ ਕਰਕੇ ਇਕ ਕਾਗਜ਼ ਪੜਨ ਲੱਗੀ। ਪਤਾ ਨਹੀਂ ਇਸ ਨੂੰ ਪ੍ਰਧਾਨ ਮੰਤਰੀ ਦਾ ਅਪਮਾਨ ਮੰਨਿਆ ਜਾਵੇਗਾ ਜਾਂ ਨਹੀਂ ਪਰ ਸਵਾਗਤ ਤੋਂ ਲੈ ਕੇ ਹਵਾਈ ਸਰਵੇਖਣ ਦੌਰਾਨ ਅਤੇ ਸਾਂਝਾ ਬਿਆਨ ਜਾਰੀ ਕਰਦਿਆਂ ਦੋਵਾਂ ਦੀ ਇਕ ਵੀ ਅਜਿਹੀ ਤਸਵੀਰ ਨਹੀਂ ਹੈ, ਜਦੋਂ ਦੋਵੇਂ ਇਕ-ਦੂਜੇ ਨੂੰ ਵੇਖ ਰਹੇ ਹੋਣ ਜਾਂ ਅੱਖਾਂ ਮਿਲਾ ਕੇ ਗੱਲ ਕਰ ਰਹੇ ਹਨ। ਇਸ ਤੋਂ ਉਲਟ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਾਲ ਪ੍ਰਧਾਨ ਮੰਤਰੀ ਨੇ ਖੁੱਲ ਕੇ ਗੱਲਬਾਤ ਕੀਤੀ। ਸਵਾਗਤ ਵਿਚ ਵੀ ਸਰੀਰਕ ਦੂਰੀ ਦੇ ਬਾਵਜੂਦ ਗਰਮਜੋਸ਼ੀ ਸੀ ਅਤੇ ਹਵਾਈ ਸਰਵੇਖਣ ਦੌਰਾਨ ਵੀ ਦੋਵੇਂ ਸਹਿਜ ਰੂਪ ਨਾਲ ਬੈਠੇ ਸਨ। ਵੈਸੇ ਵੀ ਨਵੀਨ ਪਟਨਾਇਕ ਦੀ ਪਾਰਟੀ ਸੰਸਦ ਵਿਚ ਵੀ ਭਾਜਪਾ ਦਾ ਸਾਥ ਦਿੰਦੀ ਹੈ। ਜਦੋਂ ਕਿ ਮਮਤਾ ਬੈਨਰਜੀ ਦਾ ਭਾਜਪਾ ਅਤੇ ਕੇਂਦਰ ਸਰਕਾਰ ਨਾਲ ਸਿਆਸੀ ਟਕਰਾਅ ਹੈ।
‘ਟੀਮ ਨੱਢਾ’ ਬਣਨ ਦਾ ਇੰਤਜ਼ਾਰ : ਭਾਜਪਾ ਪ੍ਰਧਾਨ ਬਣਿਆਂ ਜੇ.ਪੀ. ਨੱਢਾ ਨੂੰ 4 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਪਰ ਅਜੇ ਤੱਕ ਉਨਾਂ ਦੀ ਟੀਮ ਗਠਿਤ ਨਹੀਂ ਹੋਈ ਹੈ। ਉਨਾਂ ਨੂੰ ਅਜੇ ਵੀ ਅਮਿਤ ਸ਼ਾਹ ਦੀ ਟੀਮ ਨਾਲ ਕੰਮ ਚਲਾਉਣਾ ਪੈ ਰਿਹਾ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਜੂਨ ਦੇ ਦੂਜੇ ਹਫ਼ਤੇ ਤੱਕ ਨੱਢਾ ਦੀ ਟੀਮ ਆ ਜਾਵੇਗੀ। ਇਸੇ ਸਾਲ ਦੇ ਅੰਤ ਵਿਚ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਹਨ। ਉਸ ਤੋਂ ਬਾਅਦ 2021 ਵਿਚ ਬੰਗਾਲ, ਤਾਮਿਲਨਾਡੂ, ਕੇਰਲ ਤੇ ਆਸਾਮ ਆਦਿ ਰਾਜਾਂ ਵਿਚ ਚੋਣਾਂ ਹਨ। ਕਿਹਾ ਜਾ ਰਿਹਾ ਹੈ ਕਿ ਇਨਾਂ ਰਾਜਾਂ ਵਿਚ ਚੋਣਾਂ ਦੌਰਾਨ ਪਾਰਟੀ ਵਰਕਰਾਂ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਨੱਢਾ ਦੀ ਟੀਮ ਕਰੇਗੀ। ਦਿਲਚਸਪ ਗੱਲ ਇਹ ਹੈ ਕਿ ਸੰਸਦੀ ਬੋਰਡ ਵਿਚ ਸੁਸ਼ਮਾ ਸਵਰਾਜ, ਅਰੁਣ ਜੇਤਲੀ ਅਤੇ ਅਨੰਤ ਕੁਮਾਰ ਦੀ ਥਾਂ ਕੌਣ ਲਵੇਗਾ, ਇਹ ਅਜੇ ਤੱਕ ਤੈਅ ਨਹੀਂ ਹੋਇਆ।
ਸ਼ਿਵਰਾਜ ਦਾ ਐਲਾਨ : ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲ ਹੀ ਵਿਚ ਇਕ ਹੈਰਾਨ ਕਰਨ ਵਾਲਾ ਕਦਮ ਚੁੱਕਦਿਆਂ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਫ਼ੈਸਲਿਆਂ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਵੈਸੇ ਤਾਂ ਇਸ ਤਰਾਂ ਦੀ ਜਾਂਚ ‘ਤੇ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਸਿਆਸਤ ਵਿਚ ਇਹ ਇਕ ਪੁਰਾਣੀ ਰਵਾਇਤ ਹੈ। ਪਰ ਮੱਧ ਪ੍ਰਦੇਸ਼ ਵਿਚ ਇਸ ਫ਼ੈਸਲੇ ‘ਤੇ ਸਿਆਸੀ ਗਲਿਆਰਿਆਂ ‘ਚ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਹੈ। ਵਜਾ ਇਹ ਹੈ ਕਿ ਕਮਲਨਾਥ ਸਰਕਾਰ ਨੂੰ ਡੇਗ ਕੇ ਜਯੋਤੀਰਾਦਿਤਿਆ ਸਿੰਧੀਆ ਦੇ ਨਾਲ ਕਾਂਗਰਸ ਦੇ ਜੋ 22 ਵਿਧਾਇਕ ਭਾਜਪਾ ਵਿਚ ਸ਼ਾਮਿਲ ਹੋਏ, ਉਨਾਂ ਵਿਚ ਤਤਕਾਲੀ ਕਮਲਨਾਥ ਸਰਕਾਰ ਦੇ 6 ਮੰਤਰੀ ਵੀ ਸ਼ਾਮਿਲ ਹਨ। ਜ਼ਾਹਿਰ ਹੈ ਕਿ ਉਹ ਵੀ ਜਾਂਚ ਦੇ ਦਾਇਰੇ ਵਿਚ ਆਉਣਗੇ। ਹੁਣ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਸਿੰਧੀਆ ਨਾਲ ਆਏ ਸਾਬਕਾ ਵਿਧਾਇਕਾਂ ਨੇ ਭਾਜਪਾ ਵਿਚ ਆਪਣੇ ਲਈ ਜੋ ਦਬਾਅ ਦੀ ਸਿਆਸਤ ਸ਼ੁਰੂ ਕੀਤੀ ਹੈ, ਕਿਤੇ ਉਸ ਦੀ ਹਵਾ ਕੱਢਣ ਲਈ ਤਾਂ ਸ਼ਿਵਰਾਜ ਨੇ ਇਹ ਫ਼ੈਸਲਾ ਨਹੀਂ ਕੀਤਾ।
ਆਈ.ਪੀ.ਐਲ. ਦਾ ਰਸਤਾ ਸਾਫ਼ : ਕੇਂਦਰ ਸਰਕਾਰ ਨੇ ਤਾਲਾਬੰਦੀ ਦੇ ਪੰਜਵੇਂ ਪੜਾਅ ਭਾਵ 1 ਜੂਨ ਤੋਂ ਲੈ ਕੇ 30 ਜੂਨ ਤੱਕ ਦੇ ਲਈ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉਸ ਨਾਲ ਦੇਸ਼ ਵਿਚ ਹੋਣ ਵਾਲੇ ਕ੍ਰਿਕਟ ਦੇ ਸਭ ਤੋਂ ਵੱਡੇ ਤਮਾਸ਼ੇ ਆਈ.ਪੀ.ਐਲ. ਦਾ ਰਸਤਾ ਸਾਫ਼ ਹੋ ਗਿਆ ਹੈ। ਸਰਕਾਰ ਨੇ ਸਟੇਡੀਅਮ ਅਤੇ ਖੇਡ ਕੰਪਲੈਕਸ ਖੋਲਣ ਦੇ ਨਾਲ ਹੀ ਇਹ ਇਜਾਜ਼ਤ ਵੀ ਦੇ ਦਿੱਤੀ ਹੈ ਕਿ ਬਿਨਾ ਦਰਸ਼ਕਾਂ ਦੇ ਸਟੇਡੀਅਮ ਵਿਚ ਮੈਚ ਕਰਵਾਇਆ ਜਾ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਕਾਫੀ ਸਮੇਂ ਤੋਂ ਇਹੀ ਚਾਹੁੰਦੇ ਸਨ। ਆਖਿਰ ਸਾਰੀ ਕਮਾਈ ਤਾਂ ਮੈਚ ਦੇ ਟੈਲੀਵਿਜ਼ਨ ਪ੍ਰਸਾਰਨ ਅਤੇ ਆਨਲਾਈਨ ਸਟਰੀਮਿੰਗ ਨਾਲ ਹੁੰਦੀ ਹੈ। ਇਸ ਲਈ ਲੱਗ ਰਿਹਾ ਹੈ ਕਿ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਆਈ.ਪੀ.ਐਲ. ਮੁਕਾਬਲੇ ਹੋ ਸਕਦੇ ਹਨ।
ਚਲਦੇ-ਚਲਦੇ : ਜਯੋਤੀਰਾਦਿੱਤਿਆ ਸਿੰਧੀਆ ਦੇ ਨਾਲ ਭਾਜਪਾ ਵਿਚ ਭਰਤੀ ਹੋ ਕੇ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਗਵਾਉਣ ਵਾਲੇ ਕਈ ਨੇਤਾ ਇਨੀਂ ਦਿਨੀਂ ਭਾਜਪਾ ਵਿਚ ਆਪਣੇ ਨੇਤਾ ਭਾਵ ਸਿੰਧੀਆ ਨੂੰ ਲੋੜੀਂਦਾ ਮਹੱਤਵ ਨਾ ਮਿਲਣ ਤੋਂ ਪ੍ਰੇਸ਼ਾਨ ਹਨ। ਇਹ ਲੋਕ ਨਿੱਜੀ ਗੱਲਬਾਤ ਵਿਚ ਕਹਿਣ ਲੱਗੇ ਹਨ ਕਿ ਭਾਜਪਾ ਵਿਚ ਆ ਕੇ ਸਿੰਧੀਆ ਜਵਾਨੀ ਵਿਚ ਹੀ ‘ਅਡਵਾਨੀ’ ਬਣ ਗਏ। ਇਸ ਨਾਲੋਂ ਤਾਂ ਚੰਗਾ ਸੀ ਕਾਂਗਰਸ ਵਿਚ ਹੀ ਰਹਿੰਦੇ, ਉਥੇ ਘੱਟੋ-ਘੱਟ ‘ਸਿੰਧੀਆ’ ਤਾਂ ਬਣੇ ਰਹਿੰਦੇ।
ੲੲੲ

Check Also

ਸਿਆਸੀ ਖ਼ਿਲਾਅ ਵਿਚ ਜੀਅ ਰਿਹਾ ਪੰਜਾਬ

ਗੁਰਮੀਤ ਸਿੰਘ ਪਲਾਹੀ ਪੰਜਾਬ ਦੇ ਮੰਤਰੀਆਂ ਨਾਲ ਉਲਝੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ …