Breaking News
Home / ਹਫ਼ਤਾਵਾਰੀ ਫੇਰੀ / ਪੁਲਿਸ ਦੇ ਵਹਿਸ਼ੀਪੁਣੇ ਖਿਲਾਫ਼ ਅਮਰੀਕਾ

ਪੁਲਿਸ ਦੇ ਵਹਿਸ਼ੀਪੁਣੇ ਖਿਲਾਫ਼ ਅਮਰੀਕਾ

‘ਚ 10 ਦਿਨਾਂ ਤੋਂ ਜਾਰੀ ਹੈ ਹਿੰਸਕ ਪ੍ਰਦਰਸ਼ਨ
ਕਰੋਨਾ ਮਹਾਂਮਾਰੀ ਦੇ ਦਰਮਿਆਨ ਹੀ ਅਮਰੀਕਾ ਵਿਚ ਪੁਲਿਸ ਦੇ ਵਹਿਸ਼ੀਪੁਣੇ ਦੀ ਬਦੌਲਤ ਜਾਨ ਗੁਆ ਚੁੱਕੇ ਜਾਰਜ ਫਲਾਇਡ ਦੀ ਮੌਤ ਦੇ ਖਿਲਾਫ਼ ਹਿੰਸਕ ਪ੍ਰਦਰਸ਼ਨ 10 ਦਿਨਾਂ ਤੋਂ ਲਗਾਤਾਰ ਜਾਰੀ ਹਨ। ਅਮਰੀਕਾ ਦੇ 40 ਸ਼ਹਿਰਾਂ ‘ਚ ਕਰਫਿਊ ਲਗਾਉਣਾ ਪਿਆ ਹੈ। ਨਿਊਯਾਰਕ ਵਿਚ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ। ਕਰਫਿਊ ਦੇ ਬਾਵਜੂਦ ਹਜ਼ਾਰਾਂ ਲੋਕ ਸੜਕਾਂ ‘ਤੇ ਹਨ। ਵਾਸ਼ਿੰਗਟਨ ਵਿਚ ਫੌਜ ਤੱਕ ਲਗਾਉਣੀ ਪਈ ਹੈ। ਇਕ ਵਾਰ ਤਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਉਸਦੇ ਪਰਿਵਾਰ ਨੂੰ ਭੌਰੇ ਵਿਚ ਲਿਜਾਣਾ ਪੈ ਗਿਆ ਸੀ। ਇਨ੍ਹਾਂ ਪ੍ਰਦਰਸ਼ਨਾਂ ਦਾ ਅਸਰ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦਰਮਿਆਨ ਵੀ ਨਜ਼ਰ ਆਵੇਗਾ।
… ਕਾਸ਼ ਇਹ 30 ਮਿੰਟ ਅਮਰੀਕੀ ਇਤਿਹਾਸ ‘ਚੋਂ ਮਨਫ਼ੀ ਹੋ ਜਾਣ
ਪਰਵਾਸੀ ਬਿਊਰੋ : ਕੋਰੋਨਾ ਵਰਗੀ ਮਹਾਮਾਰੀ ਦੌਰਾਨ ਲੋਕ ਸੜਕਾਂ ਉੱਤੇ ਆ ਜਾਣਗੇ ਅਤੇ ਉਨ੍ਹਾਂ ਦੇ ਰੋਹ ਦੀ ਅੱਗ 75 ਅਮਰੀਕੀ ਸ਼ਹਿਰਾਂ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ। ਇਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇਹੀ ਨਹੀਂ 40 ਸ਼ਹਿਰਾਂ ਵਿਚ ਕਰਫਿਊ ਲਗਾਏ ਜਾਣ ਦੇ ਬਾਵਜੂਦ ਘਰਾਂ ਤੋਂ ਬਾਹਰ ਆ ਰਹੇ ਅਤੇ ਭੰਨਤੋੜ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਫੌਜ ਦੀ ਤੈਨਾਤੀ ਬਾਰੇ ਸੋਚਣਾ ਪਵੇਗਾ ਇਹ ਵੀ ਕਿਸੇ ਦੇ ਚਿਤ-ਚੇਤੇ ਵਿਚ ਨਹੀਂ ਹੋਵੇਗਾ। ਪਰ, ਅਫ਼ਸੋਸ ਇਹ ਸਭ ਕੁਝ ਇੱਕ ਹਫ਼ਤੇ ਤੋਂ ਵਾਪਰ ਰਿਹਾ ਹੈ। ਦੁਨੀਆਂ ਉੱਤੇ ਥਾਣੇਦਾਰੀ ਕਰਨ ਵਾਲਾ ਅਮਰੀਕੀ ਪ੍ਰਸਾਸ਼ਨ ਆਪਣੇ ਹੀ ਲੋਕਾਂ ਅੱਗੇ ਬੇਵਸ ਤੇ ਲਾਚਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕੀ-ਕੀ ਵਾਪਰ ਰਿਹਾ ਹੈ ਅਤੇ ਸਰਕਾਰ ਕੀ ਕੁਝ ਕਰ ਰਹੀ ਹੈ, ਇਸ ਦੀ ਖ਼ਬਰ ਤਾਂ ਤੁਹਾਨੂੰ ਪਲ਼-ਪਲ਼ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀ ਮਿਲ ਰਹੀ ਹੋਵੇਗੀ। ਪਰ ਅਸੀਂ ਤੁਹਾਨੂੰ ਉਨ੍ਹਾਂ 30 ਮਿੰਟਾਂ ਦਾ ਵੇਰਵਾ ਦਿੰਦੇ ਹਾਂ। ਜੇਕਰ ਉਹ ਅਮਰੀਕੀ ਇਤਿਹਾਸ ਵਿਚੋਂ ਮਨਫ਼ੀ ਹੋ ਜਾਣ ਤਾਂ ਸ਼ਾਇਦ ਹਾਲਾਤ ਇਹ ਨਾ ਬਣਦੇ।
30 ਮਿੰਟਾਂ ਦਾ ਪਲ਼ ਪਲ਼ : ਅਫ਼ਰੀਕੀ ਮੂਲ ਦੇ -ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਤੱਕ ਫ਼ੈਲ ਗਏ ਹਨ। 46 ਸਾਲ ਦੇ ਜੌਰਜ ਫਲਾਇਡ ਨੂੰ ਮਿਨੀਆਪੋਲਿਸ, ਮਿਨੇਸੋਟਾ ਦੀ ਇੱਕ ਦੁਕਾਨ ਦੇ ਬਾਹਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਕ ਵੀਡੀਓ ਕਲਿੱਪ ਵਿੱਚ ਇੱਕ ਪੁਲਿਸ ਅਧਿਕਾਰੀ ਜੌਰਜ ਫਲਾਇਡ ਨਾਮ ਦੇ ਇੱਕ ਨਿਹੱਥੇ ਆਦਮੀ ਦੇ ਗਲ਼ੇ ‘ਤੇ ਗੋਡਾ ਧਰਦਿਆਂ ਦੇਖਿਆ ਗਿਆ। ਇਹ ਵੀਡੀਓ 25 ਮਈ ਦੀ ਹੈ। 44 ਸਾਲਾ ਸਾਬਕਾ ਪੁਲਿਸ ਮੁਲਾਜ਼ਮ ਡੈਰੇਕ ਸ਼ਾਵਿਨ ‘ਤੇ ਫਲਾਇਡ ਦੇ ਕਤਲ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਫਲਾਇਡ ਦੀ ਮੌਤ ਲਗਭਗ 3 ਮਿੰਟਾਂ ਵਿੱਚ ਹੋਈ। ਚਸ਼ਮਦੀਦਾਂ, ਵੀਡੀਓ ਤੇ ਅਧਿਕਾਰੀਆਂ ਦੇ ਬਿਆਨ ਮਗਰੋਂ ਫਲਾਇਡ ਦੀ ਮੌਤ ਦੇ ਕੁਝ ਤੱਥ ਸਾਹਮਣੇ ਆਏ ਹਨ।
ਸੋਮਵਾਰ ਨੂੰ ਪੁਲਿਸ ਨੂੰ ਇੱਕ ਜਨਰਲ ਸਟੋਰ ਤੋਂ ਫ਼ੋਨ ਆਇਆ ਕਿ ਜੌਰਜ ਫਲਾਇਡ ਨੇ 20 ਡਾਲਰ ਦਾ ਨਕਲੀ ਨੋਟ ਦਿੱਤਾ ਹੈ। ਫਲਾਇਡ ਨੇ 25 ਮਈ ਨੂੰ ਕੱਪ ਫੂਡਜ਼ ਨਾਂ ਦੇ ਇਸ ਸਟੋਰ ਤੋਂ ਸਿਗਰੇਟ ਖਰੀਦੀ ਸੀ।
ਫਲਾਇਡ ਮਿਨੀਆਪੋਲਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ। ਪਰ ਉਹ ਹਿਊਸਟਨ ਦੇ ਮੂਲ ਵਾਸੀ ਸਨ। ਉਹ ਸ਼ਹਿਰ ਵਿੱਚ ਇੱਕ ਬਾਊਂਸਰ ਵਜੋਂ ਨੌਕਰੀ ਕਰ ਰਹੇ ਸਨ। ਪਰ ਕੋਰੋਨਾਵਾਇਰਸ ਕਾਰਨ ਲੱਖਾਂ ਅਮਰੀਕੀਆਂ ਦੀ ਨੌਕਰੀ ਚਲੀ ਗਈ ਤੇ ਫਲਾਇਡ ਵੀ ਇਨ੍ਹਾਂ ਲੋਕਾਂ ਵਿੱਚੋਂ ਇੱਕ ਸਨ। ਫਲਾਇਡ ਕੱਪ ਫੂਡਜ਼ ਨਾਂ ਦੇ ਇਸ ਸਟੋਰ ਵਿੱਚ ਅਕਸਰ ਆਉਂਦੇ ਰਹਿੰਦੇ ਸਨ। ਸਟੋਰ ਦੇ ਮਾਲਕ ਮਾਇਕ ਅਬੂਮਾਇਆਲੇਹ ਨੇ ਅਮਰੀਕਾ ਦੇ NBC ਨੈੱਟਵਰਕ ਨੂੰ ਦੱਸਿਆ ਕਿ ਫਲਾਇਡ ਇੱਕ ਚੰਗੇ ਗਾਹਕ ਸਨ, ਜਿਨ੍ਹਾਂ ਨੇ ਕਦੇ ਵੀ ਸਟੋਰ ਵਿੱਚ ਖਰੀਦਦਾਰੀ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕੀਤੀ। ਪਰ ਜਿਸ ਦਿਨ ਇਹ ਹਾਦਸਾ ਵਾਪਰਿਆ, ਅਬੂਮਾਇਆਲੇਹ ਕੰਮ ‘ਤੇ ਮੌਜੂਦ ਨਹੀਂ ਸਨ। ਫਲਾਇਡ ਦੁਆਰਾ ਦਿੱਤੇ ਗਏ ਪੈਸਿਆਂ ‘ਤੇ ਸ਼ੱਕ ਹੋਣ ‘ਤੇ ਪੁਲਿਸ ਨੂੰ ਰਿਪੋਰਟ ਕਰਕੇ, ਅਬੂਮਾਇਆਲੇਹ ਦੇ ਅਲ੍ਹੜ ਉਮਰ ਦੇ ਕਰਮਚਾਰੀ ਨੇ ਮਹਿਜ਼ ਨਿਯਮਾਂ ਦੀ ਪਾਲਣਾ ਕੀਤੀ ਸੀ।
ਕੀ ਹਨ ਮੌਜੂਦਾ ਹਾਲਾਤ
ਨਿਊਯਾਰਕ ਅਤੇ ਵਾਸ਼ਿੰਗਟਨ ਸਣੇ ਮਹਾਨਗਰਾਂ ਵਿਚ ਮੁਜ਼ਾਹਰੇ ਜ਼ਿਆਦਾਤਰ ਸ਼ਾਂਤਮਈ ਹਨ। ਜੌਰਜ ਫਲਾਇਡ ਦੇ ਪਰਿਵਾਰ ਸਣੇ ਹਜ਼ਾਰਾਂ ਲੋਕ ਪਿਛਲੇ 9 ਦਿਨਾਂ ਤੋਂ ਹਿਊਸਨ, ਟੈਕਸਸ ਵਰਗੇ ਸ਼ਹਿਰਾਂ ਵਿਚ ਕਰਫਿਊ ਦੀ ਉਲੰਘਣਾ ਕਰਕੇ ਮਾਰਚ ਕਰ ਰਹੇ ਹਨ। ਵਾਸ਼ਿੰਗਟਨ ਡੀਸੀ ਵਿਚ ਕਰੀਬ 1600 ਐਕਟਿਵ ਪੁਲਿਸ ਮੁਲਾਜ਼ਮ ਸਿਟੀ ਬੇਸ ਵਿਚ ਭੇਜੇ ਗਏ ਹਨ।ਰਾਸ਼ਟਰਪਤੀ ਟਰੰਪ ਇਸ ਤੋਂ ਪਹਿਲਾ ਕਹਿ ਚੁੱਕੇ ਹਨ ਕਿ ਜੇ ਸਿਟੀਜ਼ ਜਾਂ ਸਟੇਟ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਮਸਲੇ ਦਾ ਹੱਲ ਕਰਨ ਵਿਚ ਸਫ਼ਲ ਨਹੀਂ ਹੁੰਦੇ ਤਾਂ ਉਹ ਫੌਜ ਤੈਨਾਤ ਕਰ ਸਕਦੇ ਹਨ।
ਵਾਇਰਲ ਵੀਡੀਓ ਦੱਸ ਰਹੀ ਹੈ ਕਿ ਸਾਹ ਵੀ ਨਹੀਂ ਲੈਣ ਦਿੱਤਾ
ਇਸ ਮੌਕੇ ‘ਤੇ ਚਸ਼ਮਦੀਦਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਵੀਡੀਓ ਕਈ ਮੋਬਾਇਲ ਫੋਨਾਂ ‘ਤੇ ਬਣਾਈ ਗਈ ਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਈ।ਫਲਾਇਡ ਨੂੰ ਪੁਲਿਸ ਵਾਲਿਆਂ ਨੇ ਫੜ੍ਹਿਆ ਹੋਇਆ ਸੀ। ਵੀਡੀਓ ਵਿੱਚ ਸ਼ਾਵਿਨ ਨੇ ਫਲਾਇਡ ਦੇ ਗਲ਼ੇ ‘ਤੇ ਗੋਡਾ ਧਰਿਆ ਹੋਇਆ ਹੈ ਤੇ ਫਲਾਇਡ ਕਹਿ ਰਿਹਾ ਹੈ, ”ਮੈਨੂੰ ਸਾਹ ਨਹੀਂ ਆ ਰਿਹਾ”,”ਮੈਨੂੰ ਨਾ ਮਾਰੋ”” ”ਪਲੀਜ਼, ਪਲੀਜ਼” ਰਿਪੋਰਟ ਮੁਤਾਬਕ ਸ਼ਾਵਿਨ ਨੇ ਫਲਾਇਡ ਦੇ ਗਲੇ ‘ਤੇ 8 ਮਿੰਟ 46 ਸਕਿੰਟ ਲਈ ਆਪਣਾ ਗੋਡਾ ਰੱਖਿਆ ਸੀ। ਇਸ ਦੌਰਾਨ ਲਗਭਗ 6 ਮਿੰਟਾਂ ਲਈ ਫਲਾਇਡ ਬਿਲਕੁਲ ਨਹੀਂ ਹਿੱਲਿਆ। ਉੱਥੇ ਮੌਜੂਦ ਇੱਕ ਪੁਲਿਸ ਅਧਿਕਾਰੀ ਜੇ.ਏ. ਕੁਇੰਗ ਨੇ ਫਲਾਇਡ ਦੀ ਨਬਜ਼ ਚੈੱਕ ਕੀਤੀ ਪਰ ਉਸਨੂੰ ਕੁਝ ਮਹਿਸੂਸ ਨਹੀਂ ਹੋਇਆ, ਫਲਾਇਡ ਸਾਹ ਨਹੀਂ ਲੈ ਰਹੇ ਸੀ। ਇਸ ਦੇ ਬਾਵਜੂਦ ਅਧਿਕਾਰੀ ਉੱਥੋਂ ਨਹੀਂ ਹਿੱਲੇ। 20:27 ‘ਤੇ ਸ਼ਾਵਿਨ ਨੇ ਜਦੋਂ ਆਪਣਾ ਗੋਡਾ ਚੁੱਕਿਆ ਤਾਂ ਫਲਾਇਡ ਬਿਲਕੁਲ ਨਹੀਂ ਹਿਲ ਰਹੇ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਫਲਾਇਡ ਨੂੰ ਐਂਬੂਲੈਂਸ ਵਿੱਚ ਹੇਨੇਪਿਨ ਕਾਊਂਟੀ ਮੈਡੀਕਲ ਸੈਂਟਰ ਲਿਜਾਇਆ ਗਿਆ। ਇੱਕ ਘੰਟੇ ਬਾਅਦ ਉਸ ਨੂੰ ਮਰਿਆ ਹੋਇਆ ਕਰਾਰ ਕਰ ਦਿੱਤਾ ਗਿਆ। ਫਲਾਇਡ ਦੀ ਮੌਤ ਤੋਂ ਇੱਕ ਰਾਤ ਪਹਿਲਾਂ ਉਨ੍ਹਾਂ ਨੇ ਆਪਣੇ ਦੋਸਤ ਕ੍ਰਿਸਟੋਫਰ ਹੈਰਿਸ ਨਾਲ ਗੱਲ ਕੀਤੀ ਸੀ। ਉਨ੍ਹਾਂ ਦੇ ਦੋਸਤ ਨੇ ਫਲਾਇਡ ਨੂੰ ਇੱਕ ਨੌਕਰੀਆਂ ਵਾਲੀ ਏਜੰਸੀ ਨਾਲ ਸੰਪਰਕ ਕਰਨ ਨੂੰ ਕਿਹਾ ਸੀ। ਹੈਰਿਸ ਦਾ ਕਹਿਣਾ ਹੈ ਕਿ ਫਲਾਇਡ ਕਦੇ ਧੋਖਾ-ਧੜੀ ਨਹੀਂ ਕਰ ਸਕਦਾ। ਹੈਰਿਸ ਕਹਿੰਦੇ ਹਨ, ”ਉਸ ਦੀ ਮੌਤ ਜਿਸ ਤਰ੍ਹਾਂ ਹੋਈ, ਬੇਵਕੂਫੀ ਸੀ। ਉਸਨੇ ਆਪਣੀ ਜਾਨ ਲਈ ਹੱਥ ਵੀ ਜੋੜੇ ਸਨ, ਮਿੰਨਤਾਂ ਕੀਤੀਆਂ ਸੀ।” ”ਜਦੋਂ ਤੁਸੀਂ ਕਦੇ ਕਿਸੇ ਸਿਸਟਮ ਵਿੱਚ ਵਿਸ਼ਵਾਸ ਰੱਖਦੇ ਹੋ, ਉਸ ਸਿਸਟਮ ਵਿੱਚ ਜੋ ਤੁਹਾਡੇ ਲਈ ਨਹੀਂ ਬਣਿਆ ਤੇ ਕਾਨੂੰਨ ਅਨੁਸਾਰ ਨਿਆਂ ਦੀ ਕੋਸ਼ਿਸ਼ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਨਿਆਂ ਨਹੀਂ ਮਿਲਦਾ। ਤਾਂ ਤੁਸੀਂ ਆਪਣੇ ਹੱਥ ਵਿੱਚ ਕਾਨੂੰਨ ਲੈ ਲੈਂਦੇ ਹੋ।”
ਟਰੰਪ ਦੀ ਛੋਟੀ ਧੀ ਵੀ ਅੰਦੋਲਨ ‘ਚ ਉਤਰੀ
ਰਾਸ਼ਟਰਪਤੀ ਟਰੰਪ ਦੀ ਛੋਟੀ ਧੀ ਟਿਫਨੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਅੰਦੋਲਨਕਾਰੀਆਂ ਦਾ ਸਮਰਥਨ ਕੀਤਾ। ਨਾਲ ਹੀ ਉਸ ਨੇ ਜ਼ਿਕਰ ਕੀਤਾ ਕਿ ਜੇ ਮਿਲ ਕੇ ਸੰਘਰਸ਼ ਕਰਾਂਗੇ ਤਾਂ ਆਪਾਂ ਸਫ਼ਲਤਾ ਹਾਸਲ ਕਰਾਂਗੇ।
ਪੁਲਿਸ ਅਫ਼ਸਰ ਦੀ ਜਨਾਨੀ ਨੇ ਮੰਗਿਆ ਤਲਾਕ
ਆਰੋਪੀ ਪੁਲਿਸ ਅਫ਼ਸਰ ਡੇਰੇਕ ਚੋਵਿਨ ਦੀ ਪਤਨੀ ਕੈਲੀ ਨੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ ਹੈ। ਕੈਲੀ ਜੌਰਜ ਦੀ ਹੱਤਿਆ ਤੋਂ ਬੇਹੱਦ ਦੁਖੀ ਹੈ ਤੇ ਉਸ ਨੇ ਕਿਹਾ ਕਿ ਮੈਨੂੰ ਤਲਾਕ ਦੇ ਬਦਲੇ ਡੇਰੇਕ ਤੋਂ ਫੁੱਟੀ ਕੌਡੀ ਵੀ ਨਹੀਂ ਚਾਹੀਦੀ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …