ਸਤਨਾਮ ਸਿੰਘ
ਅਮਰੀਕਾ ‘ਚ ਪੜ੍ਹਾਈ ਕਰਨ ਤੇ ਸਕਾਲਰਸ਼ਿਪ ਜਿੱਤਣ ਤੋਂ ਬਾਅਦ ਮਾਰਕ ਕਾਰਨੀ 2008 ਦੇ ਵਿੱਤੀ ਸੰਕਟ ਦੌਰਾਨ ਬੈਂਕ ਆਫ਼ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਹਨ ਤੇ ਨਾਲ ਹੀ ਬ੍ਰੈਕਸਿਟ ਸਮੇਂ ਬੈਂਕ ਆਫ਼ ਇੰਗਲੈਂਡ ਦੀ ਅਗਵਾਈ ਵੀ ਕਰ ਚੁੱਕੇ ਹਨ। ਕੈਨੇਡਾ – ਕੈਨੇਡਾ ‘ਚ ਫੈਡਰਲ ਚੋਣਾਂ ਅਤੇ ਪ੍ਰਚਾਰ ਮੁਹਿੰਮ ਜ਼ੋਰ ਫੜ ਚੁੱਕੀ ਹੈ ਤੇ ਇਸ ਸਮੇਂ ਦੀਆਂ ਚੋਣਾਂ ਪਹਿਲੀਆਂ ਚੋਣਾਂ ਨਾਲੋਂ ਕਿਤੇ ਅਲੱਗ ਹਨ ਕਿਉਂਕਿ ਇਸ ਵਾਰ ਕੈਨੇਡੀਅਨਾਂ ‘ਤੇ ਟਰੰਪ ਦੇ ਟੈਰਿਫਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗੁਆਂਢੀ ਮੁਲਕਾਂ ਕੈਨੇਡਾ ਤੇ ਮੈਕਸੀਕੋ ਦੇ ਨਾਲ ਪੂਰੇ ਵਿਸ਼ਵ ਭਰ ‘ਤੇ ਟੈਰਿਫ ਲਗਾਏ ਜਾ ਰਹੇ ਹਨ। ਟਰੰਪ ਵੱਲੋਂ ਕੈਨੇਡਾ ਦੇ ਆਟੋ ਸੈਕਟਰ ਤੇ ਖੇਤੀਬਾੜੀ ਤੋਂ ਇਲਾਵਾ ਅਜੇ ਹੋਰਨਾਂ ਉਦਯੋਗਾਂ ‘ਤੇ ਭਾਵੇਂ ਟੈਰਿਫ ਲੱਗਣ ‘ਚ ਅਜੇ ਦੇਰੀ ਹੈ ਪਰ ਇਸ ਕਾਰਨ ਕੈਨੇਡਾ ਭਰ ‘ਚ ਮਹਿੰਗਾਈ ਜਿੱਥੇ ਸਿਖ਼ਰਾਂ ‘ਤੇ ਪਹੁੰਚੇਗੀ, ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਨੌਕਰੀਆਂ ਜਾਣ ਤੇ ਬੇਰੁਜ਼ਗਾਰੀ ਵਧਣਾ ਤੈਅ ਹੈ।
ਕੈਨੇਡੀਅਨਾਂ ਲਈ ਇਹ ਚੋਣ ਜ਼ਰੂਰੀ ਕਿਉਂ?
ਇਹ ਚੋਣਾਂ ‘ਚ ਮਹਿਜ਼ ਅਗਲੇ ਚਾਰ ਸਾਲਾਂ ਦਾ ਭਵਿੱਖ ਤੈਅ ਨਹੀਂ ਹੋਵੇਗਾ ਬਲਕਿ ਕੈਨੇਡੀਅਨ ਇਕਾਨਮੀ ਦਾ ਭਵਿੱਖ ਤਿਆਰ ਹੋਵੇਗਾ ਕਿਉਂਕਿ ਇਸ ਸਮੇਂ ਜੇਕਰ ਆਰਥਿਕਤਾ ਸੁਰੱਖਿਅਤ ਹੱਥਾਂ ‘ਚ ਨਹੀਂ ਜਾਂਦੀ ਤਾਂ ਆਉਣ ਵਾਲਾ ਸਮਾਂ ਕੈਨੇਡਾ ਲਈ ਇੰਨਾ ਸੁਖਾਲਾ ਨਹੀਂ ਹੋਣ ਵਾਲਾ। ਇਹੀ ਕਾਰਨ ਹੈ ਕਿ ਮਾਰਕ ਕਾਰਨੀ ਦੇ ਲੀਡਰ ਬਣਨ ਤੋਂ ਬਾਅਦ ਲਿਬਰਲ ਪਾਰਟੀ ਦੀਆਂ ਪੋਲਾਂ ‘ਚ ਨੰਬਰ ਕੰਸਰਵੇਟਿਵ ਪਾਰਟੀ ਨਾਲੋਂ ਇੱਕਦਮ ਜ਼ਿਆਦਾ ਤੇਜ਼ੀ ਨਾਲ ਅੱਗੇ ਵੱਧ ਗਏ ਹਨ। ਦਰਅਸਲ, ਕੈਨੇਡੀਅਨ ਇਸ ਸਮੇਂ ਮੁਲਕ ਦੀ ਆਰਥਿਕਤਾ ਨਾਲ ਸਮਝੌਤਾ ਨਹੀਂ ਕਰ ਸਕਦੇ।
ਟੈਰਿਫ ਦਾ ਖ਼ਤਰਾ ਕੀ? : ਜੇਕਰ ਗੱਲ ਓਨਟਾਰੀਓ ਦੀ ਕਰੀਏ ਤਾਂ ਇਸ ਦੀ ਇਕਾਨਮੀ ਦਾ ਵੱਡਾ ਹਿੱਸਾ ਆਟੋ ਉਦਯੋਗ ‘ਤੇ ਨਿਰਭਰ ਕਰਦਾ ਹੈ। ਟਰੱਕਾਂ ਦਾ ਕਾਰੋਬਾਰ, ਅਸੈਂਬਲੀ ਲਾਈਨਾਂ ਅਤੇ ਕਈ ਰੁਜ਼ਗਾਰ ਇਸ ਉਦਯੋਗ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜ੍ਹੇ ਹੋਏ ਹਨ। ਇਸ ਸਮੇਂ ਕੈਨੇਡਾ ਨੂੰ ਆਤਮ-ਨਿਰਭਰ ਹੋਣ ਦੀ ਸਖ਼ਤ ਜ਼ਰੂਰਤ ਹੈ ਅਤੇ ਇੱਕ ਅਜਿਹੀ ਅਗਵਾਈ ਦੀ ਜ਼ਰੂਰਤ ਹੈ , ਜਿਸ ਨਾਲ ਟੈਰਿਫਾਂ ਕਾਰਨ ਹੋ ਰਹੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਤੇ ਲੋਕਾਂ ਦੇ ਕਾਰੋਬਾਰ ਚੱਲਦੇ ਰੱਖੇ ਜਾ ਸਕਣ ਤਾਂ ਕਿ ਕੈਨੇਡਾ ਦਾ ਵੱਡੀ ਆਰਥਿਕ ਮੰਦੀ ਤੋਂ ਬਚਾਅ ਹੋ ਸਕੇ।
ਮਾਰਕ ਕਾਰਨੀ – ਪੜ੍ਹਾਈ ਅਤੇ ਤਜ਼ਰਬਾ : ਇਸ ਦੌਰਾਨ ਇੱਕ ਅਜਿਹਾ ਵਿਅਕਤੀ ਜਿਸਦੀ ਚਰਚਾ ਚੋਣ ਗਲਿਆਰਿਆਂ ‘ਚ ਬਣੀ ਹੋਈ ਹੈ, ਉਸਦਾ ਨਾਮ ਹੈ – ਮਾਰਕ ਕਾਰਨੀ। ਕਾਰਨੀ ਅਰਥਸ਼ਾਸਤਰ ਦਾ ਮਾਹਰ ਹੈ, ਜਿਸਦਾ ਜਨਮ ਫੋਰਟ ਸਮਿਥ, ਨੌਰਥਵੈਸਟ ਟੈਰੀਟਰੀਜ਼ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ-ਪੋਸ਼ਣ ਐਡਮੰਟਨ, ਅਲਬਰਟਾ ਵਿੱਚ ਹੋਇਆ ਸੀ। ਉਸਦੇ ਦੋਵੇਂ ਮਾਤਾ-ਪਿਤਾ ਅਧਿਆਪਕ ਸਨ। ਵੱਡਾ ਹੋ ਕੇ, ਉਸਨੇ ਲੌਰੀਅਰ ਹਾਈਟਸ ਲਈ ਗੋਲਕੀਪਰ ਵਜੋਂ ਹਾਕੀ ਖੇਡੀ, ਸੇਂਟ ਫ੍ਰਾਂਸਿਸ ਜ਼ੇਵੀਅਰ ਹਾਈ ਸਕੂਲ ਗਿਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਨ ਲਈ ਸਕਾਲਰਸ਼ਿਪ ਜਿੱਤੀ। ਉਸਨੇ ਕੈਨੇਡਾ ਦੀ ਪਬਲਿਕ ਸਰਵਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਫਾਇਨੈਂਸ ਨਾਲ ਸਬੰਧਤ ਹੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2008 ਦੇ ਵਿੱਤੀ ਸੰਕਟ ਦੌਰਾਨ ਬੈਂਕ ਆਫ਼ ਕੈਨੇਡਾ ਦੇ ਗਵਰਨਰ ਹੋਣ ਦੇ ਨਾਤੇ, ਮਾਰਕ ਕਾਰਨੀ ਨੇ ਆਧੁਨਿਕ ਇਤਿਹਾਸ ਦੇ ਸਭ ਤੋਂ ਔਖੇ ਆਰਥਿਕ ਸਮਿਆਂ ਦੌਰਾਨ ਕੈਨੇਡਾ ਦੀ ਅਗਵਾਈ ਕੀਤੀ, ਨੌਕਰੀਆਂ ਨੂੰ ਬਚਾਉਣ ‘ਚ ਕਾਮਯਾਬ ਹੋਏ ਸਨ। ਦੱਸ ਦੇਈਏ ਕਿ 2008 ਦੀ ਆਰਥਿਕ ਮੰਦੀ ਦੌਰਾਨ ਵੀ ਕੈਨੇਡਾ ਸਮੇਤ ਪੂਰੇ ਵਿਸ਼ਵ ਲਈ ਬਹੁਤ ਔਖਾ ਸਮਾਂ ਸੀ।
ਇਸ ਤੋਂ ਬਾਅਦ 2013 ਵਿੱਚ, ਉਸਨੂੰ ਬੈਂਕ ਆਫ਼ ਇੰਗਲੈਂਡ ਦੀ ਅਗਵਾਈ ਕਰਨ ਲਈ ਭਰਤੀ ਕੀਤਾ ਗਿਆ ਸੀ, ਬ੍ਰੈਕਸਿਟ ਅਤੇ ਉਸ ਤੋਂ ਬਾਅਦ ਦੇ ਆਰਥਿਕ ਅਤੇ ਰਾਜਨੀਤਿਕ ਸੰਕਟਾਂ ਰਾਹੀਂ ਯੂਨਾਈਟਿਡ ਕਿੰਗਡਮ ਦੀ ਆਰਥਿਕਤਾ ਦੀ ਅਗਵਾਈ ਕੀਤੀ। ਅਤੇ 2020 ਵਿੱਚ, ਉਹਨਾਂ ਨੇ ਫਾਇਨੈਂਸ ਵਿੱਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਕੰਮ ਕੀਤਾ ਸੀ।
ਸਿਆਸੀ ਸਫ਼ਰ : ਮਾਰਕ ਕਾਰਨੀ ਨੂੰ ਕੈਨੇਡਾ ਫੈਡਰਲ ਲਿਬਰਲ ਪਾਰਟੀ ਨੇ ਹਾਲ ‘ਚ ਹੀ ਆਪਣਾ ਲੀਡਰ ਐਲਾਨਿਆ ਸੀ ਅਤੇ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਉਹ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਹਨਾਂ ਨੇ ਆਉਂਦਿਆਂ ਹੀ ਕੈਨੇਡਾ ਦੀ ਅਰਥਵਿਵਸਥਾ ਅਤੇ ਟਰੰਪ ਦੇ ਟੈਰਿਫਾਂ ਨੂੰ ਸਮਝਦਿਆਂ ਪਹਿਲਾ ਕੰਮ ਕਾਰਬਨ ਟੈਕਸ ਹਟਾਉਣ ਦਾ ਕੀਤਾ ਅਤੇ ਫਿਰ ਨੌਕਰੀਆਂ ਗੁਆ ਚੁੱਕੇ ਵਰਕਰਾਂ ਲਈ ਤੁਰੰਤ ਈਆਈ ਅਪਲਾਈ ਕਰਨ ਲਈ ਨਿਯਮਾਂ ਨੂੰ ਸੌਖੇ ਕੀਤਾ। ਕਾਰਨੀ ਨੇ ਚੋਣ ਪ੍ਰਚਾਰ ਨੂੰ ਰੋਕ ਕੇ ਟਰੰਪ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਅਤੇ ਸਾਫ਼ ਸ਼ਬਦਾਂ ‘ਚ ਕੈਨੇਡੀਅਨਾਂ ਦੇ ਪੱਖ ਦੀ ਗੱਲ ਸਾਹਮਣੇ ਰੱਖੀ। ਉਹਨਾਂ ਦਾ ਕਹਿਣਾ ਹੈ ਕਿ ਮਾਰਕ ਕਾਰਨੀ ਕੈਨੇਡਾ ‘ਚ ਬਦਲਾਅ ਲਿਆਉਣ, ਅਤੇ ਜੀ7 ਵਿੱਚ ਸਭ ਤੋਂ ਮਜ਼ਬੂਤ ਅਰਥਵਿਵਸਥਾ ਬਣਾਉਣ ਲਈ ਤਤਪਰ ਦਿਖਾਈ ਦੇ ਰਹੇ ਹਨ। ਆਟੋ ਉਦਯੋਗ ਨੂੰ $2 ਬਿਲੀਅਨ ਡਾਲਰ ਦੀ ਫੌਰੀ ਵਿੱਤੀ ਮਦਦ, ਕੈਨੇਡਾ ‘ਚ ਹੀ ਸਾਰਾ ਉਤਪਾਦ ਕਰਨ ਦੀ ਪਲਾਨਿੰਗ ਅਤੇ ਨਾਲ ਹੀ ਖੇਤੀਬਾੜ੍ਹੀ ਸੈਕਟਰ ਨੂੰ ਵੀ ਫੌਰੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ।
ਟਰੰਪ ਨਾਲ ਗੱਲਬਾਤ ‘ਖ਼ਾਸ’ ਕਿਉਂ? : ਦਰਅਸਲ, ਕੁਰਸੀ ਸੰਭਾਲਣ ਤੋਂ ਬਾਅਦ ਤੋਂ ਹੀ ਟਰੰਪ ਨੇ ਕੈਨੇਡਾ ਨੂੰ ’51ਵਾਂ ਸੂਬਾ’ ਕਹਿ ਕੇ ਚਿੜ੍ਹਾਉਣਾ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਕਈ ਵਾਰ ‘ਗਵਰਨਰ’ ਕਿਹਾ ਸੀ। ਉਹਨਾਂ ਨੇ ਸਿੱਧੇ ਤੌਰ ‘ਤੇ ਕੈਨੇਡਾ ਨੂੰ ਅਮਰੀਕਾ ਨਾਲ ਰਲ ਜਾਣ ਦਾ ਧਮਕੀਪੂਰਨ ਸੁਝਾਅ ਦਿੱਤਾ ਸੀ, ਜਿਸ ਤੋਂ ਬਾਅਦ ਕੈਨੇਡੀਅਨਾਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਸੀ। ਟਰੰਪ ਨੇ ਕੈਨੇਡਾ ਨਾਲ ਇਸ ਮੁੱਦੇ ‘ਤੇ ਕੋਈ ਵੀ ਸਮਝੌਤਾ ਕਰਨ ਤੋਂ ਮਨਾਹੀ ਕੀਤੀ ਸੀ ਅਤੇ ਕਿਹਾ ਕਿ ਸੀ ਕਿ ਉਹ ਆਰਥਿਕ ਤੌਰ ‘ਤੇ ਕੈਨੇਡਾ ਦਾ ਲੱਕ ਇੰਨਾ ਤੋੜ ਦੇਣਗੇ ਕਿ ਕੈਨੇਡਾ ਕੋਲ ਅਮਰੀਕਾ ਦਾ 51ਵਾਂ ਸੂਬਾ ਬਣਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਾਰਕ ਕਾਰਨੀ ਨੇ ਜਦੋਂ ਟਰੰਪ ਨਾਲ ਦੁਬਾਰਾ ਗੱਲਬਾਤ ਕੀਤੀ ਤਾਂ ਉਹਨਾਂ ਨੂੰ ‘ਅੰਕੜਿਆਂ’ ਦੀ ਭਾਸ਼ਾ ‘ਚ ਸਮਝਾਇਆ ਕਿ ਕਿਵੇਂ ਕੈਨੇਡਾ ਦਾ ਨੁਕਸਾਨ ਮਹਿਜ਼ ਕੈਨੇਡੀਅਨਾਂ ਦਾ ਨੁਕਸਾਨ ਨਹੀਂ ਹੋਵੇਗਾ ਬਲਕਿ ਇਸਦਾ ਸੇਕ ਅਮਰੀਕਨਾਂ ਨੂੰ ਵੀ ਉਨਾਂ ਹੀ ਲੱਗੇਗਾ। ਕਾਰਨੀ ਨੇ ਸਾਫ਼ ਸ਼ਬਦਾਂ ‘ਚ ਟਰੰਪ ਨੂੰ ਇਹ ਵੀ ਕਿਹਾ ਕਿ ਕੈਨੇਡੀਅਨਾਂ ਦੀ ਆਰਥਿਕ ਸੁਰੱਖਿਆ ਲਈ ਉਹ ਹਰ ਹੀਲਾ ਵਰਤਣ ਨੂੰ ਤਿਆਰ ਹਨ ਅਤੇ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਕੈਨੇਡਾ ਵਿਸ਼ਵ ਨਾਲ ਵਪਾਰ ਕਰੇ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਪੂਰੇ ਵਿਸ਼ਵ ਨਾਲ ਬਣਾ ਕੇ ਨਹੀਂ ਰੱਖਣਾ ਚਾਹੁੰਦਾ ਤਾਂ ਕੈਨੇਡਾ ਵਿਸ਼ਵ ਆਗੂ ਬਣਨ ਲਈ ਤਿਆਰ ਹੈ। ਇਸ ਗੱਲਬਾਤ ਤੋਂ ਬਾਅਦ ਟਰੰਪ ਵੱਲੋਂ ਮਾਰਕ ਕਾਰਨੀ ਨੂੰ ਗਵਰਨਰ ਨਾ ਕਹਿ ਕੇ ਪ੍ਰਧਾਨ ਮੰਤਰੀ ਸੱਦਣਾ ਅਤੇ ਟਵੀਟ ਕਰਨਾ ਵੀ ਮਜ਼ਬੂਤ ਲੀਡਰਸ਼ਿਪ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਕੰਸਰਵੇਟਿਵ ਪਾਰਟੀ ਦੀ ਲੋਕਪ੍ਰਿਯਤਾ ਘਟਨ ਦਾ ਕਾਰਨ?
ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵੱਲੋਂ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ‘ਸਿਕਓਰਟੀ ਕਲੀਅਰੈਂਸ’ ਨਹੀਂ ਲਈ ਗਈ ਹੈ, ਜਿਸ ਕਾਰਨ ਉਹਨਾਂ ‘ਤੇ ਹੋਣ ਵਾਲੇ ਸ਼ੰਕਿਆਂ ‘ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਆਪਣੀ ਪਾਰਟੀ ਨਾਲੋਂ ਜ਼ਿਆਦਾ ਵਿਰੋਧੀ ਪਾਰਟੀ ‘ਤੇ ਤੰਜ ਕੱਸਣ ਅਤੇ ਨੈਗੇਟਿਵ ਕੈਂਪੇਨ ਚਲਾਉਣ ਕਰਕੇ ਕੈਨੇਡੀਅਨਾਂ ਦਾ ਉਹਨਾਂ ‘ਤੇ ਭਰੋਸਾ ਡਗਮਗਾਇਆ ਹੈ। ਇਸ ਸਮੇਂ ਕੈਨੇਡੀਅਨ ਇੱਕ ਰਾਜਨੀਤਕ ਸਖਸ਼ੀਅਤ ਨਾਲੋਂ ਕਿਸੇ ਤਜ਼ਰਬੇਕਾਰ ਆਗੂ ਨੂੰ ਦੇਸ਼ ਦੀ ਵਾਗਡੋਰ ਸੌਂਪਣਾ ਚਾਹੁੰਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਕੈਨੇਡੀਅਨ ਆਰਥਿਕਤਾ ਨੂੰ ਵੱਡਾ ਝਟਕਾ ਲੱਗਣ ਦੀ ਸੂਰਤ ਵਿੱਚ ਕੋਈ ਤਜਰਬੇਕਾਰ ਆਗੂ ਉਹਨਾਂ ਨੂੰ ਇਸ ਮੁਸੀਬਤ ‘ਚੋਂ ਕੱਢ ਸਕੇ। ***
Home / ਮੁੱਖ ਲੇਖ / ਕੈਨੇਡਾ ਫੈਡਰਲ ਚੋਣਾਂ : ਡੋਨਾਲਡ ਟਰੰਪ ਦੇ ਟੈਰਿਫ਼ਾਂ ਦਾ ”ਵਿੱਤੀ ਸੰਕਟ”, ਮਾਰਕ ਕਾਰਨੀ ਦੀ ਅਹਿਮੀਅਤ ਅਤੇ ਕੈਨੇਡਾ ਦੇ ਭਵਿੱਖ ਦਾ ‘ਸਿੱਧਾ ਸੰਬੰਧ’ ਕੀ?
Check Also
ਮੌਜੂਦਾ ਹਾਲਾਤ ਅਤੇ ਪੰਜਾਬ ਦੀ ਖੇਤੀ ਨੀਤੀ
ਪ੍ਰੋ. ਮੇਹਰ ਮਾਣਕ ਅਨਾਜ ਦੇ ਖੇਤਰ ਵਿੱਚ ਪੰਜਾਬ ਦੀ ਦੇਣ ਨੂੰ ਕੋਈ ਅੱਖੋਂ ਪਰੋਖੇ ਨਹੀਂ …