Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਪੰਚਾਇਤੀ ਚੋਣਾਂ ਜਨਵਰੀ ਦੇ ਤੀਜੇ ਹਫਤੇ ਹੋਣ ਦੀ ਸੰਭਾਵਨਾ

ਪੰਜਾਬ ‘ਚ ਪੰਚਾਇਤੀ ਚੋਣਾਂ ਜਨਵਰੀ ਦੇ ਤੀਜੇ ਹਫਤੇ ਹੋਣ ਦੀ ਸੰਭਾਵਨਾ

ਦਸੰਬਰ ਦੇ ਅੱਧ ਵਿੱਚ ਲੱਗ ਸਕਦਾ ਹੈ ਚੋਣ ਜ਼ਾਬਤਾ; ਤਕਨੀਕੀ ਅੜਿੱਕਾ ਪੈਣ ‘ਤੇ ਬਦਲ ਸਕਦੀ ਹੈ ਤਰੀਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਗਰਾਮ ਪੰਚਾਇਤਾਂ ਦੀਆਂ ਚੋਣਾਂ ਜਨਵਰੀ 2024 ਦੇ ਤੀਸਰੇ ਹਫ਼ਤੇ ਕਰਾਏ ਜਾਣ ਦੇ ਰੌਂਅ ਵਿਚ ਹੈ। ਜਨਵਰੀ ਦੇ ਤੀਸਰੇ ਹਫ਼ਤੇ ‘ਚ ਇੱਕੋ ਦਿਨ ਗਰਾਮ ਪੰਚਾਇਤਾਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਚੋਣਾਂ ਹੋਣ ਦੀ ਸੰਭਾਵਨਾ ਹੈ। ਪੰਚਾਇਤੀ ਚੋਣਾਂ ਦੀ ਤਿਆਰੀ ਦੇ ਕੰਮ ਵਿਚ ਕੋਈ ਤਕਨੀਕੀ ਅੜਚਣ ਆਉਂਦੀ ਹੈ ਤਾਂ ਚੋਣਾਂ ਦੀ ਤਾਰੀਕ ਬਦਲੀ ਵੀ ਜਾ ਸਕਦੀ ਹੈ। ਸੂਬਾ ਸਰਕਾਰ ਇਸ ਬਾਰੇ ਆਉਂਦੇ ਹਫ਼ਤੇ ਕਾਨੂੰਨੀ ਵਿਚਾਰ ਮਸ਼ਵਰਾ ਵੀ ਕਰੇਗੀ।
ਸੂਤਰਾਂ ਅਨੁਸਾਰ ਦਸੰਬਰ ਦੇ ਅੱਧ ਵਿਚ ਚੋਣ ਜ਼ਾਬਤਾ ਲੱਗ ਸਕਦਾ ਹੈ। ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਾਏ ਜਾਣ ਦਾ ਪ੍ਰੋਗਰਾਮ ਐਲਾਨਿਆ ਜਾਣਾ ਹੈ। ਉਸ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫ਼ਤੇ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਤੈਅ ਜਾਪਦੀਆਂ ਹਨ। ਪੰਜ ਨਗਰ ਨਿਗਮਾਂ ਤੋਂ ਇਲਾਵਾ 41 ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਬਾਕੀ ਹਨ। ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਵਾਰ ਵਾਰ ਚੋਣ ਜ਼ਾਬਤੇ ਦੀ ਥਾਂ ਇੱਕ ਮਹੀਨੇ ਵਿਚ ਹੀ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇ। ਪਹਿਲਾਂ ਜਦੋਂ 10 ਅਗਸਤ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਤਾਂ ਉਸ ਵੇਲੇ ਪੰਚਾਇਤੀ ਚੋਣਾਂ ਦੋ ਪੜਾਵਾਂ ਵਿਚ ਕਰਾਉਣ ਦਾ ਜ਼ਿਕਰ ਸੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਅਤੇ ਰਾਖਵੇਂਕਰਨ ਦਾ ਕੰਮ ਮੁਕੰਮਲ ਕਰਨ ਦੀ ਪਹਿਲਾਂ ਹੀ ਹਦਾਇਤ ਜਾਰੀ ਕੀਤੀ ਹੋਈ ਹੈ। ‘ਆਪ’ ਸਰਕਾਰ ਲਈ ਪੇਂਡੂ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਪ੍ਰੀਖਿਆ ਹੋਣਗੀਆਂ। ਜਨਵਰੀ ਮਹੀਨੇ ਵਿਚ ਖੇਤੀ ਦੇ ਕੰਮ ਕਾਰ ਵਿਚ ਵੀ ਥੋੜ੍ਹੀ ਵਿਹਲ ਹੁੰਦੀ ਹੈ ਜਿਸ ਕਰਕੇ ਪੰਚਾਇਤੀ ਚੋਣਾਂ ਜਨਵਰੀ ਦੇ ਤੀਸਰੇ ਹਫ਼ਤੇ ਹੋਣ ਦੀ ਸੰਭਾਵਨਾ ਹੈ।
ਪੰਚਾਇਤੀ ਰਾਜ ਐਕਟ ਮੁਤਾਬਿਕ ਗਰਾਮ ਪੰਚਾਇਤਾਂ ਦਾ ਕਾਰਜਕਾਲ ਪੰਜ ਸਾਲ ਹੈ ਅਤੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਚੋਣ ਹੋਣੀ ਲਾਜ਼ਮੀ ਹੈ। ਸਰਪੰਚ ਬਣਨ ਦੇ ਚਾਹਵਾਨਾਂ ਲਈ ਹੁਣ ਤੋਂ ਹੀ ਸਿਆਸੀ ਰੁਝੇਵੇਂ ਸ਼ੁਰੂ ਹੋ ਜਾਣੇ ਹਨ। ਪੰਚਾਇਤਾਂ ਦੀ ਵਾਰਡਬੰਦੀ ਅਤੇ ਰਾਖਵੇਂਕਰਨ ਨੂੰ ਲੈ ਕੇ ਵੀ ਕਾਫ਼ੀ ਝਮੇਲੇ ਖੜ੍ਹੇ ਹੋ ਸਕਦੇ ਹਨ।
ਸੂਬੇ ਵਿਚ ਕੁੱਲ 13,241 ਗਰਾਮ ਪੰਚਾਇਤਾਂ
ਵੇਰਵਿਆਂ ਅਨੁਸਾਰ ਸੂਬੇ ਵਿਚ 13,241 ਗਰਾਮ ਪੰਚਾਇਤਾਂ, 150 ਪੰਚਾਇਤ ਸਮਿਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਹਨ। ਪਿਛਲੀ ਚੋਣ ਵਿਚ ਇਨ੍ਹਾਂ ਪੰਚਾਇਤੀ ਸੰਸਥਾਵਾਂ ਵਿਚ 1,00,312 ਚੁਣੇ ਹੋਏ ਨੁਮਾਇੰਦੇ ਸਨ ਜਿਨ੍ਹਾਂ ਵਿਚ 41,922 ਔਰਤਾਂ ਵੀ ਸ਼ਾਮਿਲ ਹਨ। ਕੈਪਟਨ ਸਰਕਾਰ ਵੇਲੇ ਪਹਿਲੇ ਪੜਾਅ ‘ਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 19 ਸਤੰਬਰ 2018 ਨੂੰ ਹੋਈ ਸੀ। ਉਸ ਤੋਂ ਪਹਿਲਾਂ ਮਈ 2013 ਵਿਚ ਪੰਚਾਇਤੀ ਚੋਣਾਂ ਹੋਈਆਂ ਸਨ। ਸੂਬੇ ਵਿਚ ਸਭ ਤੋਂ ਜ਼ਿਆਦਾ 1405 ਪੰਚਾਇਤਾਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 1285 ਪੰਚਾਇਤਾਂ ਹਨ। ਮਾਲਵੇ ‘ਚੋਂ ਸਭ ਤੋਂ ਵੱਧ ਪੰਚਾਇਤਾਂ ਜ਼ਿਲ੍ਹਾ ਪਟਿਆਲਾ ਵਿਚ 1022 ਹਨ।

 

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …