Breaking News
Home / ਹਫ਼ਤਾਵਾਰੀ ਫੇਰੀ / ਪਰਵਾਸੀ ਮੀਡੀਆ ਵਲੋਂ ਇਕ ਹੋਰ ਨਿਵੇਕਲੀ ਪਹਿਲ

ਪਰਵਾਸੀ ਮੀਡੀਆ ਵਲੋਂ ਇਕ ਹੋਰ ਨਿਵੇਕਲੀ ਪਹਿਲ

‘ਪੀਲ ਮੈਟਰਜ਼’ ਨਾਮਕ ਅੰਗਰੇਜ਼ੀ ਰੇਡੀਓ ਸ਼ੋਅ ਸ਼ੁਰੂ

ਮਿੱਸੀਸਾਗਾ/ਪਰਵਾਸੀ ਬਿਊਰੋ

ਆਪਣੇ 17 ਸਾਲ ਦੇ ਸਫ਼ਰ ਵਿੱਚ ਲਗਾਤਾਰ ਨਵੀਆਂ ਮੰਜ਼ਲਾਂ ਛੂਹ ਰਹੇ, ਕੈਨੇਡਾ ਦੇ ਸੱਭ ਤੋਂ ਵੱਡੇ ਸਾਊਥ ਏਸ਼ੀਅਨ ਮੀਡੀਆ ਗਰੁੱਪ ਵੱਜੋਂ ਸਥਾਪਤ ਹੋ ਚੁੱਕੇ ઑਪਰਵਾਸੀ ਮੀਡੀਆ ਗਰੁੱਪ਼ ਨੇ ਐਥਨਿਕ ਮੀਡੀਆ ਵਿੱਚ ਇਕ ਹੋਰ ਨਵੀਂ ਪਿਰਤ ਪਾਈ ਹੈ।

ਲੰਘੇ ਬੁੱਧਵਾਰ, ਇਕ ਮਈ ਤੋਂ ਅਦਾਰਾ ਪਰਵਾਸੀ ਵੱਲੋਂ 960 ਏਐਮ ਸਾਗਾ ਨਿਊਜ਼ ਟਾਕ ਰੇਡੀਓ ਸਟੇਸ਼ਨ ‘ਤੇ ਹਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਇੰਗਲਿਸ਼ ਭਾਸ਼ਾ ਦਾ ਇਕ ਰੇਡੀਓ ਸ਼ੋਅ ਸ਼ੁਰੂ ਕੀਤਾ ਗਿਆ ਹੈ।

ਇਸ ਸ਼ੋਅ ਨੂੰ ਮਿੱਸੀਸਾਗਾ ਦੇ ਜੰਮ-ਪਲ ਅਤੇ ਰੋਜਰ ਟੀਵੀ ਵਰਗੇ ਕਈ ਅਦਾਰਿਆਂ ਨਾਲ ਕੰਮ ਕਰ ਚੁੱਕੇ ਰਾਅਨ ਗੁਰਚਰਨ ਅਤੇ ਇਸੇ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਤੇ ਰੋਜਟ ਟੀਵੀ ਸਮੇਤ ਕਈ ਚੈਨਲਾਂ ਨਾਲ ਕੰਮ ਕਰ ਚੁੱਕੇ, ਜੋਅ ਹੌਰਨੈੱਕ ਹੋਸਟ ਕਰਿਆ ਕਰਨਗੇ। ਇਨ੍ਹਾਂ ਤੋਂ ਇਲਾਵਾ ਪਿਛਲੇ 20 ਸਾਲਾਂ ਤੋਂ ਔਟਵਾ ਵਿੱਚ ਫੈਡਰਲ ਪੱਤਰਕਾਰੀ ਕਰਦੇ ਰਹੇ ਅਤੇ ਹੁਣ ਕੁਵੀਨਸ ਪਾਰਕ ਵਿੱਚ ਟੋਰਾਂਟੋ ਸੰਨ ਲਈ ਕੰਮ ਕਰ ਰਹੇ ਬਾਇਨ ਲਿੱਲੀ ਵਰਗੇ ਨਾਮਵਰ ਪੱਤਰਕਾਰ ਵੀ ਸ਼ਿਰਕਤ ਕਰਿਆ ਕਰਨਗੇ।

ਅਦਾਰਾ ਪਰਵਾਸੀ ਦੇ ਮੁਖੀ, ਰਜਿੰਦਰ ਸੈਣੀ, ਜੋ ਆਪ ਵੀ ਪਿਛਲੇ 15 ਸਾਲ ਤੋਂ 1320 ਏਐਮ ‘ਤੇ ਸਵੇਰੇ 10 ਵਜੇ ਤੋਂ 12 ਵਜੇ ਤੱਕ ઑਪਰਵਾਸੀ ਰੇਡੀਓ਼ ਸ਼ੋਅ ਕਰਦੇ ਆ ਰਹੇ ਹਨ, ਦਾ ਕਹਿਣਾ ਸੀ ਕਿ ਇਸ ਰੇਡੀਓ ਪ੍ਰੋਗਰਾਮ ਦੀ ਮਕਬੂਲੀਅਤ ਇਸ ਕਦਰ ਵਧ ਚੁੱਕੀ ਹੈ ਕਿ ਹੁਣ ਉਹ ਨਾ ਤਾਂ ਹੋਰ ਮਹਿਮਾਨਾਂ ਨੂੰ ਅਤੇ ਨਾ ਹੀ ਹੋਰ ਬਿਜ਼ਨਸ ਅਦਾਰਿਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰ ਪਾ ਰਹੇ ਸਨ, ਇਸ ਲਈ ਇਸ ਸਮੇਂ ਨੂੰ ਹੋਰ ਵਧਾਉਣ ਦੀ ਲੋੜ ਮਹਿਸੂਸ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਕਿ ਅਦਾਰਾ ਪਰਵਾਸੀ ਦਾ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਵੱਡਾ ਨਾਂਅ ਬਣ ਚੁੱਕਾ ਹੈ ਪਰੰਤੂ ਉਹ ਹਮੇਸ਼ਾ ਹੀ ਚਾਹੁੰਦੇ ਸਨ ਕਿ ਮੁੱਖਧਾਰਾ ਦੇ ਮੀਡੀਏ ਵਿੱਚ ਵਿੱਚ ਪੰਜਾਬੀ ਅਤੇ ਖਾਸ ਕਰਕੇ ਭਾਰਤੀ ਭਾਈਚਾਰੇ ਦਾ ਯੋਗਦਾਨ ਹੋਵੇ, ਇਸ ਮਕਸਦ ਨਾਲ ਹੀ ਇਸ ਇੰਗਲਿਸ਼ ਭਾਸ਼ਾ ਦੇ ਸ਼ੋਅ ਨੂੰ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਬੇਹੱਦ ਅਫਸੋਸ ਦੀ ਗੱਲ ਹੈ ਕਿ ਸਾਰੇ ਮੁੱਖਧਾਰਾ ਦੇ ਮੀਡੀਏ ਦਾ ਫੋਕਸ ਟੋਰਾਂਟੋ ਵੱਲ ਨੂੰ ਹੈ ਅਤੇ ਪੀਲ ਇਲਾਕਾ, ਜਿਸ ਵਿੱਚ 1.5 ਮਿਲੀਅਨ ਲੋਕਾਂ ਦੀ ਵੱਸੋਂ ਹੈ, ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਪੀਲ ਇਲਾਕੇ ਵਿੱਚ ਮਿੱਸੀਸਾਗਾ, ਬਰੈਂਪਟਨ ਅਤੇ ਕੈਲੇਡਨ ਵਰਗੇ ਸ਼ਹਿਰ ਹਨ ਅਤੇ ਇਹ ਸ਼ੋਅ ਜਾਰਜ ਟਾਊਨ, ਵਾਹਨ ਅਤੇ ਈਟੋਬੀਕੋਕ ਵਰਗੇ ਇਲਾਕਿਆਂ ਸਮੇਤ ਸਮੁੱਚੇ ਜੀਟੀਏ ਇਲਾਕੇ ਵਿੱਚ ਸੁਣਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਰੇਡੀਓ ਸ਼ੋਅ ਦਾ ਮਕਸਦ ਪੀਲ ਇਲਾਕੇ ਦੀਆਂ ਹੈਲਥ, ਟਰਾਂਸਪੋਰਟ, ਕਰਾਈਮ, ਸਿੱਖਿਆ ਵਰਗੀਆਂ ਸਮੱਸਿਆਵਾਂ ਬਾਰੇ ਵੱਖ-ਵੱਖ ਪੱਧਰ ਦੇ ਰਾਜਨੀਤਕ ਲੋਕਾਂ ਅਤੇ ਅਹਿਮ ਹਸਤੀਆਂ ਸਮੇਤ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੱਲ ਕੱਢਣਾ ਹੋਵੇਗਾ।

ਇਸ ਰੇਡੀਓ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ੁਕਰਵਾਰ ਤੱਕ ਹਰ ਸ਼ਾਮ 7 ਵਜੇ ਤੋਂ 8 ਵਜੇ ਤੱਕ 960 ਏਐਮ ਡਾਇਲ ‘ਤੇ ਸੁਣਿਆ ਜਾਵੇਗਾ।

ਹੋਰ ਜਾਣਕਾਰੀ ਲਈ ਅਦਾਰਾ ਪਰਵਾਸੀ ਦੇ ਦਫਤਰ 905-673-0600 ‘ਤੇ ਫੋਨ ਕੀਤਾ ਜਾ ਸਕਦਾ ਹੈ।

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …