Breaking News
Home / ਹਫ਼ਤਾਵਾਰੀ ਫੇਰੀ / ਖਾਲਸਾ ਡੇਅ ਪਰੇਡ ‘ਚ ਹਥਿਆਰਬੰਦ ਕੈਨੇਡੀਅਨ ਫੌਜੀਆਂ ਦੀ ਸ਼ਮੂਲੀਅਤ ਵਿਵਾਦਾਂ ਵਿਚ

ਖਾਲਸਾ ਡੇਅ ਪਰੇਡ ‘ਚ ਹਥਿਆਰਬੰਦ ਕੈਨੇਡੀਅਨ ਫੌਜੀਆਂ ਦੀ ਸ਼ਮੂਲੀਅਤ ਵਿਵਾਦਾਂ ਵਿਚ

ਚਿੰਤਤ ਸਿੱਖ ਭਾਈਚਾਰੇ ਦਾ ਮੰਨਣਾ ਮਾਮਲੇ ਨੂੰ ਦਿੱਤੀ ਜਾ ਰਹੀ ਹੈ ਬੇਲੋੜੀ ਤੂਲ
ਟੋਰਾਂਟੋ : ਕੈਨੇਡਾ ‘ਚ ਆਯੋਜਿਤ ਖਾਲਸਾ ਡੇਅ ਪਰੇਡ ਮੌਕੇ ਕੈਨੇਡੀਅਨ ਸਿੱਖ ਫੌਜੀਆਂ ਵੱਲੋਂ ਹਥਿਆਰਾਂ ਸਮੇਤ ਕੀਤੀ ਗਈ ਸ਼ਮੂਲੀਅਤ ‘ਤੇ ਉਠੇ ਵਿਵਾਦ ਨੇ ਸਿੱਖ ਭਾਈਚਾਰੇ ਨੂੰ ਇਕ ਨਵੀਂ ਚਿੰਤਾ ਵਿਚ ਪਾ ਦਿੱਤਾ ਹੈ। ਫ਼ਿਕਰਮੰਦ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਸ ਪੂਰੇ ਮਾਮਲੇ ਨੂੰ ਬੇਲੋੜੀ ਤੂਲ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਖਾਲਸਾ ਡੇਅ ਪਰੇਡ ਵਿਚ ਸ਼ਾਮਲ ਹੋਣ ਲਈ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਹਥਿਆਰਾਂ ਸਮੇਤ ਸ਼ਾਮਿਲ ਹੋਇਆ ਜਿਸ ਵਿਚ ਬਹੁਗਿਣਤੀ ਸਿੱਖ ਨੌਜਵਾਨ ਸਨ। ਇਸ ਖਾਲਸਾ ਡੇਅ ਪਰੇਡ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ।
ਸਿੱਖ ਡੇਅ ਪਰੇਡ ਦੀਆਂ ਤਸਵੀਰਾਂ ਵਿਚ ਨਜ਼ਰੀਂ ਆਉਂਦਾ ਹੈ ਕਿ ਪਰੇਡ ਵਿਚ ਸ਼ਾਮਲ ਫੌਜੀ ਨੌਜਵਾਨਾਂ ਕੋਲ ਹਥਿਆਰ ਸਨ ਤੇ ਹੁਣ ਕੈਨੇਡੀਅਨ ਫੌਜ ਦੇ ਨਿਯਮਾਂ ਦਾ ਹਵਾਲਾ ਦੇ ਕੇ ਇਹ ਆਖਿਆ ਜਾ ਰਿਹਾ ਹੈ ਕਿ ਇਸ ਪਰੇਡ ਵਿਚ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਹੋ ਸਕਦਾ। ਮਾਮਲਾ ਅਜੇ ਇਹ ਵੀ ਸਪੱਸ਼ਟ ਨਹੀਂ ਹੋ ਪਾਇਆ ਕਿ ਇਸ ਪਰੇਡ ਵਿਚ ਹਥਿਆਰਾਂ ਸਣੇ ਸ਼ਾਮਲ ਹੋਣ ਦੀ ਫੌਜ ਵੱਲੋਂ ਮਨਜ਼ੂਰੀ ਸੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਸੇ ਵਰ੍ਹੇ ਪਿਛਲੇ ਦਿਨੀਂ ਉਠੇ ਵਿਵਾਦ ਨੂੰ ਸੁਲਝਾਉਂਦਿਆਂ ਟਰੂਡੋ ਸਰਕਾਰ ਨੇ 2018 ਦੀ ਰਿਪੋਰਟ ਵਿਚੋਂ ਸਿੱਖ ਅੱਤਵਾਦ ਸ਼ਬਦ ਹਟਾ ਕੇ ਕੈਨੇਡਾ ਸਣੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਸੀ। ਪਰ ਹੁਣ ਇਸ ਨਵੇਂ ਵਿਵਾਦ ਨੇ ਇਕ ਵਾਰ ਫਿਰ ਸਭ ਦਾ ਧਿਆਨ ਕੈਨੇਡਾ ਵੱਲ ਕਰ ਦਿੱਤਾ ਹੈ।
ਕੈਨੇਡੀਅਨ ਸੈਨਿਕਾਂ ਦੀ ਹਥਿਆਰਾਂ ਸਣੇ ਵਿਸਾਖੀ ਨਗਰ ਕੀਰਤਨ ‘ਚ ਸ਼ਮੂਲੀਅਤ ਦੀ ਪਰੰਪਰਾ ਸਾਲਾਂ ਪੁਰਾਣੀ
ਟੋਰਾਂਟੋ : ਉਨਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕਾਊਂਸਿਲ ਨੇ ਸਿੱਖ ਡੇਅ ਪਰੇਡ ਵਿਚ ਕੈਨੇਡੀਅਨ ਸੈਨਿਕਾਂ ਅਤੇ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੀਤੀ ਜਾ ਰਹੀ ਆਲੋਚਨਾ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਸ ਮੌਕੇ ਆਯੋਜਨ ਕਮੇਟੀ ਦੇ ਚੇਅਰਮੈਨ ਗੋਬਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਨੇਡੀਅਨ ਸੈਨਿਕ ਦਲਾਂ ਦੇ ਮੈਂਬਰਾਂ ਦੀ ਕਮਿਊਨਿਟੀ ਪ੍ਰੋਗਰਾਮਾਂ ਵਿਚ ਮੌਜੂਦਗੀ ਦੀ ਆਲੋਚਨਾ ਕੁਝ ਲੋਕਾਂ ਦੀ ਸਾਜਿਸ਼ ਹੈ। ਸੈਨਿਕ ਪਿਛਲੇ 10 ਸਾਲਾਂ ਤੋਂ ਇਨ੍ਹਾਂ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਹਨ ਅਤੇ ਉਹ ਆਪਣੇ ਵਾਹਨਾਂ ਅਤੇ ਹਥਿਆਰਾਂ ਨਾਲ ਪਰੇਡ ਵਿਚ ਸ਼ਾਮਲ ਹੁੰਦੇ ਹਨ।
ਸੱਦਾ ਦੇ ਬੁਲਾਇਆ ਜਾਂਦਾ ਹੈ ਫੌਜੀ ਜਵਾਨਾਂ ਨੂੰ
ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਪਿਛਲੇ 10 ਸਾਲਾਂ ਤੋਂ ਪਰੇਡ ਵਿੱਚ ਰਸਮੀ ਤੌਰ ਉੱਤੇ ਹਿੱਸਾ ਲੈਣ ਦਾ ਸੱਦਾ ਸਵੀਕਾਰਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਮੌਜੂਦਗੀ, ਹਥਿਆਰਾਂ ਤੇ ਗੱਡੀਆਂ ਦੇ ਪ੍ਰਦਰਸ਼ਨ ਦਾ ਆਨੰਦ ਸੰਗਤ ਹਮੇਸ਼ਾ ਰੂਹ ਨਾਲ ਮਾਣਦੀ ਹੈ। ਸੰਗਤ ਦਾ ਮੰਨਣਾ ਹੈ ਕਿ ਫੌਜ ਦਾ ਇਹ ਪ੍ਰਦਰਸ਼ਨ ਸਿੱਖ ਡੇਅ ਪਰੇਡ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦਾ ਹੈ।
‘ਹਥਿਆਰਾਂ ਦੀ ਚੋਣ ਜੇਕਰ ਠੀਕ ਨਹੀਂ, ਪਰ ਸਿੱਖ ਡੇਅ ਪਰੇਡ ਵਿਚ ਹਿੱਸਾ ਲੈਣ ਦੇ ਇਰਾਦੇ ਨੇਕ ਸਨ। “ਮੈਂ ਜਾਣਦਾ ਹਾਂ ਕਿ ਚੌਥੀ ਡਿਵੀਜ਼ਨ ਦੇ ਕਮਾਂਡਰ ਤੇ ਹੋਰ ਕਮਾਂਡਰ ਇਹ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਕਰਨਗੇ ਕਿ ਅਜਿਹਾ ਕੁਝ ਦੁਬਾਰਾ ਕਦੇ ਨਾ ਵਾਪਰੇ।’
-ਹਰਜੀਤ ਸਿੰਘ ਸੱਜਣ(ਰੱਖਿਆ ਮੰਤਰੀ)

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …