Breaking News
Home / ਭਾਰਤ / ਮੋਦੀ ਨੂੰ ਮਿਲੇ ਕੈਪਟਨ, ਕਈ ਅਹਿਮ ਮੁੱਦੇ ਵਿਚਾਰੇ

ਮੋਦੀ ਨੂੰ ਮਿਲੇ ਕੈਪਟਨ, ਕਈ ਅਹਿਮ ਮੁੱਦੇ ਵਿਚਾਰੇ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਸ਼ਨੀਵਾਰ ਨੂੰ ਦੇਰ ਸ਼ਾਮ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਮੋਦੀ ਕੋਲ ਐਸਵਾਈਐਲ ਦਾ ਮੁੱਦਾ ਮੁੱਖ ਤੌਰ ‘ਤੇ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਵੱਡੀ ਘਾਟ ਹੈ ਅਤੇ ਸੂਬੇ ਕੋਲ ਹਰਿਆਣਾ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਧਿਆਨ ‘ਚ ਲਿਆਂਦਾ ਕਿ 5 ਸਤੰਬਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੈ ਅਤੇ ਫੈਸਲਾ ਸੁਣਾਏ ਜਾਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਵਿਚ ਹਾਲਾਤ ਗੰਭੀਰ ਬਣ ਸਕਦੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਗੜਬੜਾ ਸਕਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਸਬੰਧੀ ਪੰਜਾਬ ਦੇ ਹੱਕ ਵਿਚ ਫੈਸਲਾ ਲੈਣਾ ਚਾਹੀਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਐਸਵਾਈਐਲ ਦੇ ਮੁੱਦੇ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਸੂਬੇ ਦੇ ਕ੍ਰੈਸ਼ ਕ੍ਰੈਡਿਟ ਲਿਮਟ ਦਾ ਮੁੱਦਾ ਵੀ ਉਠਾਇਆ। ਕੈਪਟਨ ਨੇ ਕਿਸਾਨੀ ਕਰਜ਼ਿਆਂ ਲਈ ਕੇਂਦਰ ਤੋਂ ਰਾਹਤ ਦੀ ਮੰਗ ਕਰਦਿਆਂ ਵਿਸ਼ੇਸ਼ ਪੈਕੇਜ਼ ਵੀ ਮੰਗਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵਧਾਉਣ ਦੀ ਜਿੱਥੇ ਮੰਗ ਕੀਤੀ, ਉਥੇ ਪਾਕਿਸਤਾਨ ਸਰਕਾਰ ਨਾਲ ਕਰਤਾਰਪੁਰ ਸਾਹਿਬ ਲਈ ਲਾਂਘੇ ਲਈ ਗੱਲਬਾਤ ਕਰਨ ‘ਤੇ ਜ਼ੋਰ ਦਿੱਤਾ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …