ਭਾਜਪਾ ਦੇ 6 ਬਾਗੀ ਵਿਧਾਇਕਾਂ ਨੇ ਵੀ ਅਖਿਲੇਸ਼ ਨਾਲ ਹੱਥ ਮਿਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ’ਚ ਮੰਤਰੀ ਰਹੇ ਸਵਾਮੀ ਪ੍ਰਸਾਦ ਮੌਰਿਆ ਅਤੇ ਧਰਮ ਸਿੰਘ ਸੈਣੀ ਅੱਜ ਸ਼ੁੱਕਰਵਾਰ ਨੂੰ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ। ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਦਫਤਰ ਵਿਚ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਮੌਰਿਆ ਅਤੇ ਧਰਮ ਸਿੰਘ ਸੈਣੀ ਨੇ ਸਮਾਜਵਾਦੀ ਪਾਰਟੀ ਜੁਆਇਨ ਕੀਤੀ। ਉਨ੍ਹਾਂ ਨਾਲ ਭਾਜਪਾ ਵਿਚੋਂ ਅਸਤੀਫਾ ਦੇ ਚੁੱਕੇ ਵਿਧਾਇਕ ਅਮਰ ਸਿੰਘ ਚੌਧਰੀ, ਭਗਵਤੀ ਸਾਗਰ, ਬਰਜੇਸ਼ ਪ੍ਰਜਾਪਤੀ, ਰੋਸ਼ਨ ਲਾਲ ਵਰਮਾ, ਦਿਨੇਸ਼ ਸ਼ਾਕਿਆ ਅਤੇ ਮੁਕੇਸ਼ ਵਰਮਾ ਵੀ ਸਮਾਜਵਾਦੀ ਪਾਰਟੀ ਦੀ ਮੰਚ ’ਤੇ ਹਾਜ਼ਰ ਸਨ।
ਇਸ ਮੌਕੇ ਮੌਰਿਆ ਨੇ ਕਿਹਾ ਕਿ ਭਾਜਪਾ ਦੇ ਵੱਡੇ-ਵੱਡੇ ਨੇਤਾ ਜੋ ਕੁੰਭਕਰਨ ਦੀ ਤਰ੍ਹਾਂ ਸੌਂ ਰਹੇ ਸਨ, ਜਿਨ੍ਹਾਂ ਨੂੰ ਕਦੀ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਮਿਲਦਾ ਸੀ। ਹੁਣ ਉਨ੍ਹਾਂ ਆਗੂਆਂ ਦੀ ਨੀਂਦ ਹਰਾਮ ਹੋ ਗਈ ਹੈ। ਉਨ੍ਹਾਂ ਆਰੋਪ ਲਗਾਇਆ ਕਿ ਯੋਗੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਪਾਪ ਕਰ ਰਹੇ ਹਨ ਅਤੇ ਦੁਹਾਈ ਹਿੰਦੂ ਦੀ ਦਿੰਦੇ ਹਨ।