Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ

ਕੇਂਦਰੀ ਮੰਤਰੀ ਮੰਡਲ ਦੇ ਆਗੂਆਂ ਨੇ ਵੀ ਹੇਠਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ/ਬਿਊਰੋ ਨਿਊਜ਼ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਲੋਕ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਇਸ ਦੌਰਾਨ ਆਗੂਆਂ ਨੇ ਅੰਗਰੇਜ਼ੀ ਤੇ ਹਿੰਦੀ ਤੋਂ ਇਲਾਵਾ ਖੇਤਰੀ ਭਾਸ਼ਾਵਾਂ ‘ਚ ਹਲਫ਼ ਲਿਆ।
ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਨੌਂ ਜੂਨ ਨੂੰ ਸਹੁੰ ਚੁੱਕੀ ਸੀ। ਮੋਦੀ ਤੀਜੀ ਵਾਰ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਹਨ।
ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਨੇਤਾ ਹੋਣ ਦੇ ਨਾਤੇ ਮੋਦੀ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਸੱਤਾ ਧਿਰ ਦੇ ਮੈਂਬਰਾਂ ਨੇ ‘ਮੋਦੀ ਮੋਦੀ’ ਅਤੇ ‘ਜੈ ਸ੍ਰੀਰਾਮ’ ਦੇ ਨਾਅਰੇ ਮਾਰੇ। ਪ੍ਰਧਾਨ ਮੰਤਰੀ ਦੇ ਸਹੁੰ ਚੁੱਕਣ ਸਮੇਂ ਵਿਰੋਧੀ ਧਿਰ ਦੇ ਮੈਂਬਰ ਆਪਣੀਆਂ ਸੀਟਾਂ ‘ਤੇ ਸੰਵਿਧਾਨ ਦੀ ਕਾਪੀ ਲੈ ਕੇ ਖੜ੍ਹੇ ਸਨ। ਜਦੋਂ ਅਮਿਤ ਸ਼ਾਹ ਸਹੁੰ ਚੁੱਕਣ ਲਈ ਆਏ ਤਾਂ ਵੀ ਵਿਰੋਧੀ ਮੈਂਬਰਾਂ ਨੇ ਸੰਵਿਧਾਨ ਦੀਆਂ ਕਾਪੀਆਂ ਫੜੀਆਂ ਹੋਈਆਂ ਸਨ ਹਾਲਾਂਕਿ ਇਸ ਦੌਰਾਨ ਉਹ ਆਪਣੀਆਂ ਸੀਟਾਂ ‘ਤੇ ਬੈਠੇ ਰਹੇ। ਮੰਤਰੀ ਮੰਡਲ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੋਵੇਂ ਰਾਜ ਸਭਾ ਮੈਂਬਰ ਹਨ ਜਦਕਿ ਰਾਜ ਮੰਤਰੀ ਜੌਰਜ ਕੁਰੀਅਨ ਤੇ ਰਵਨੀਤ ਸਿੰਘ ਬਿੱਟੂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਰਾਜਨਾਥ ਸਿੰਘ ਤੇ ਸ਼ਾਹ ਤੋਂ ਇਲਾਵਾ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ। ਇਨ੍ਹਾਂ ਤਿੰਨਾਂ ਨੇ ਹਿੰਦੀ ਵਿੱਚ ਹਲਫ ਲਿਆ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ, ਜੀਤਨ ਰਾਮ ਮਾਂਝੀ ਤੇ ਰਾਜੀਵ ਲੱਲਨ ਸਿੰਘ, ਐੱਚਡੀ ਕੁਮਾਰਸਵਾਮੀ, ਧਰਮੇਂਦਰ ਪ੍ਰਧਾਨ, ਸਰਬਾਨੰਦ ਸੋਨੋਵਾਲ, ਕੇ ਰਾਮਮੋਹਨ ਨਾਇਡੂ, ਜੀ ਕਿਸ਼ਨ ਰੈੱਡੀ, ਪ੍ਰਹਿਲਾਦ ਜੋਸ਼ੀ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਆਗੂਆਂ ਨੇ ਅੰਗਰੇਜ਼ੀ ਤੋਂ ਇਲਾਵਾ ਸੰਸਕ੍ਰਿਤ, ਹਿੰਦੀ, ਡੋਗਰੀ, ਬੰਗਾਲੀ, ਅਸਾਮੀ, ਉੜੀਆ, ਤੇਲਗੂ ਤੇ ਕੰਨੜ ਭਾਸ਼ਾਵਾਂ ‘ਚ ਸਹੁੰ ਚੁੱਕੀ। ਉਨ੍ਹਾਂ ਤੋਂ ਪਹਿਲਾਂ ਸੀਨੀਅਰ ਮੈਂਬਰ ਰਾਧਾ ਮੋਹਨ ਸਿੰਘ ਤੇ ਫੱਗਨ ਸਿੰਘ ਕੁਲਸਤੇ (ਦੋਵੇਂ ਭਾਜਪਾ ਤੋਂ) ਨੇ ਨਵੇਂ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਹ ਪ੍ਰੋ-ਟੈੱਮ ਸਪੀਕਰ ਭਰਤਹਰੀ ਮਹਿਤਾਬ ਨੂੰ ਸਦਨ ਚਲਾਉਣ ਵਿੱਚ ਮਦਦ ਕਰਨਗੇ।
ਕਾਂਗਰਸ ਦੇ ਮੈਂਬਰ ਕੇ ਸੁਰੇਸ਼, ਡੀਐੱਮਕੇ ਦੇ ਟੀਆਰ ਬਾਲੂ ਤੇ ਟੀਐੱਮਸੀ ਦੇ ਸੁਦੀਪ ਬੰਦਯੋਪਾਧਿਆਏ ਨੂੰ ਵੀ ਸਿੰਘ ਤੇ ਕੁਲਸਤੇ ਨਾਲ ਚੇਅਰਪਰਸਨਾਂ ਦੇ ਪੈਨਲ ‘ਚ ਚੁਣਿਆ ਗਿਆ ਹੈ ਪਰ ਉਨ੍ਹਾਂ ਪ੍ਰੋ-ਟੈੱਮ ਸਪੀਕਰ ਵਜੋਂ ਮਹਿਤਾਬ ਦੀ ਚੋਣ ‘ਤੇ ਇਤਰਾਜ਼ ਜਤਾਉਂਦਿਆਂ ਸਹੁੰ ਨਹੀਂ ਚੁੱਕੀ ਅਤੇ ਸਦਨ ‘ਚੋਂ ਬਾਹਰ ਚਲੇ ਗਏ। ਕਾਂਗਰਸ ਦਾ ਕਹਿਣਾ ਹੈ ਕਿ ਕਾਰਜਕਾਰੀ ਸਪੀਕਰ ਦੇ ਅਹੁਦੇ ‘ਤੇ ਚੋਣ ਲਈ ਉਸ ਦੇ ਅੱਠ ਵਾਰ ਦੇ ਮੈਂਬਰ ਸੁਰੇਸ਼ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਇੰਡੀਆ ਗੱਠਜੋੜ ਨੇ ਕਿਹਾ ਕਿ ਉਸ ਦੇ ਮੈਂਬਰ ਸੁਰੇਸ਼, ਬਾਲੂ ਤੇ ਬੰਦੋਪਾਧਿਆਏ ਵਿਰੋਧ ਵਜੋਂ ਪੈਨਲ ‘ਚ ਸ਼ਾਮਲ ਨਹੀਂ ਹੋਣਗੇ।
ਸਾਡੀ ਸਰਕਾਰ ਸਭ ਨੂੰ ਨਾਲ ਲੈ ਕੇ ਚੱਲੇਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਤੀਜੇ ਕਾਰਜਕਾਲ ‘ਚ ਸਾਰਿਆਂ ਨੂੰ ਨਾਲ ਲੈ ਚੱਲਣ ਅਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਨਾਲ ਹੀ ਐਮਰਜੈਂਸੀ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ ਤੇ ਇਸ ਨੂੰ ਲੋਕਤੰਤਰ ‘ਤੇ ਕਾਲਾ ਦਾਗ਼ ਕਰਾਰ ਦਿੱਤਾ ਜਦੋਂ ਸੰਵਿਧਾਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਆਮ ਤੌਰ ‘ਤੇ ਕਾਂਗਰਸ ਤੇ ਵਿਰੋਧੀ ਧਿਰ ਨੇ ਪ੍ਰੋ-ਟੈੱਮ ਸਪੀਕਰ ਦੀ ਚੋਣ ਸਮੇਤ ਕਈ ਮੁੱਦਿਆਂ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸੇਧੇ ਜਾ ਰਹੇ ਹਨ। ਅਜਿਹੇ ਵਿੱਚ ਮੋਦੀ ਵੱਲੋਂ ਸੈਸ਼ਨ ਤੋਂ ਪਹਿਲਾਂ ਆਪਣੀਆਂ ਟਿੱਪਣੀਆਂ ‘ਚ ਆਪਣੇ ਵਿਰੋਧੀਆਂ ‘ਤੇ ਤਨਜ਼ ਕਸਿਆ ਗਿਆ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕ ਬਹਿਸ ਤੇ ਮਿਹਨਤ ਚਾਹੁੰਦੇ ਹਨ ਨਾ ਕਿ ਡਰਾਮਾ ਤੇ ਹੰਗਾਮਾ। ਉਹ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਪਿਛਲੇ ਕਈ ਸੈਸ਼ਨਾਂ ਜੋ ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਵਿਚਾਲੇ ਵਾਰ-ਵਾਰ ਟਕਰਾਅ ਕਾਰਨ ਪ੍ਰਭਾਵਿਤ ਹੋਏ, ਦਾ ਹਵਾਲਾ ਦਿੰਦਿਆਂ ਮੀਡੀਆ ਨੂੰ ਕਿਹਾ ਕਿ ਲੋਕ ਨਾਅਰੇ ਨਹੀਂ ਬਲਕਿ ਠੋਸ ਕੰਮ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਲੋਕ ਚੰਗੀ ਤੇ ਜ਼ਿੰਮੇਵਾਰ ਵਿਰੋਧੀ ਧਿਰ ਚਾਹੁੰਦੇ ਹਨ ਪਰ ਇਸ ਨੇ ਵਿਹਾਰ ਨੇ ਅਤੀਤ ‘ਚ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਵਾਰ ਇਹ (ਵਿਰੋਧੀ ਧਿਰ) ਆਪਣੀ ਭੂਮਿਕਾ ਨਿਭਾਏਗੀ ਅਤੇ ਸੰਵਿਧਾਨਕ ਮਰਿਆਦਾ ਬਰਕਰਾਰ ਰੱਖੇਗੀ।
ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ‘ਚ ਆਪਣੇ ਗੱਠਜੋੜ ਦੀ ਜਿੱਤ ਨੂੰ ਵੱਡੀ ਤੇ ਮਹਾਨ ਅਤੇ ਮਾਣ ਵਾਲੀ ਗੱਲ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਤੇ ਨੀਅਤ ‘ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ, ‘ਸਾਡੀਆਂ ਤਿੰਨ ਗੁਣਾ ਵਧ ਗਈਆਂ ਹਨ। ਮੈਂ ਦੇਸ਼ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਤੀਜੇ ਕਾਰਜਕਾਲ ‘ਚ ਤਿੰਨ ਗੁਣਾ ਵੱਧ ਕੰਮ ਕਰਾਂਗੇ ਅਤੇ ਤਿੰਨ ਗੁਣਾ ਵੱਧ ਕਾਰਗੁਜ਼ਾਰੀ ਪੇਸ਼ ਕਰਾਂਗੇ।

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …