ਅਯੁੱਧਿਆ/ਬਿਊਰੋ ਨਿਊਜ਼ : ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਮੰਦਰ ਦੇ ਪੁਜਾਰੀ ਵੱਲੋਂ ਪਾਵਨ ਅਸਥਾਨ ਵਿੱਚ ਪਾਣੀ ਭਰਨ ਦੇ ਲਾਏ ਗਏ ਦੋਸ਼ ਨਕਾਰ ਦਿੱਤੇ ਹਨ। ਉਨ੍ਹਾਂ ਕਿਹਾ, ”ਇੱਥੇ ਪਾਣੀ ਦੀ ਕੋਈ ਲੀਕੇਜ ਨਹੀਂ ਹੋਈ। ਬਿਜਲੀ ਦੀਆਂ ਤਾਰਾਂ ਲਈ ਪਾਈਆਂ ਗਈਆਂ ਪਾਈਪਾਂ ਰਾਹੀਂ ਮੀਂਹ ਦਾ ਪਾਣੀ ਹੇਠਾਂ ਆਇਆ। ਮੈਂ ਖੁਦ ਮੰਦਰ ਦੀ ਇਮਾਰਤ ਦਾ ਜਾਇਜ਼ਾ ਲਿਆ ਹੈ। ਦੂਜੀ ਮੰਜ਼ਿਲ ਦਾ ਨਿਰਮਾਣ ਹਾਲੇ ਚੱਲ ਰਿਹਾ ਹੈ। ਨਿਰਮਾਣ ਪੂਰਾ ਹੋਣ ‘ਤੇ ਮੀਂਹ ਦਾ ਪਾਣੀ ਮੰਦਰ ‘ਚ ਦਾਖਲ ਹੋਣਾ ਬੰਦ ਹੋ ਜਾਵੇਗਾ।” ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਬੀਤੇ ਦਿਨ ਮੰਦਰ ਦੇ ਨਿਰਮਾਣ ‘ਚ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸ਼ਨਿਚਰਵਾਰ ਅੱਧੀ ਰਾਤ ਨੂੰ ਪਏ ਮੀਂਹ ਤੋਂ ਬਾਅਦ ਮੰਦਰ ‘ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ।