
ਸਕੂਲਾਂ ਵਿਚ ਟਾਇਲਟ ਬਲਾਕ ਲਈ ਨਹੀਂ ਲੱਗਣਗੇ ਨੀਂਹ ਪੱਥਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਲੈ ਕੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ। ਇਸਦੇ ਚੱਲਦਿਆਂ ਸੂਬੇ ਦੇ ਸਿੱਖਿਆ ਵਿਭਾਗ ਨੇ ਸਕੂਲ ਪਖਾਨਿਆਂ ਦੇ ਉਦਘਾਟਨੀ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਤੜਕਸਾਰ ਇਕ ਟਵੀਟ ਕਰਕੇ ਸਕੂਲ ਮੁਖੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਵਿਚ ਲਿਖਿਆ ਗਿਆ ਸੀ ਕਿ ਸਕੂਲਾਂ ਵਿੱਚ ਅੱਜ ਹੋਣ ਵਾਲੇ ਬਾਕੀ ਈਵੈਂਟ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਨਹੀਂ ਲਗਾਏ ਜਾਣਗੇ। ਧਿਆਨ ਰਹੇ ਕਿ ਵਿਰੋਧੀ ਧਿਰਾਂ, ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਭਾਜਪਾ ਆਗੂ ਅਨਿਲ ਸਰੀਨ ਸਮੇਤ ਹੋਰਨਾਂ ਆਗੂਆਂ ਨੇ ਸਰਕਾਰ ਦੀ ਇਸ ਸਿੱਖਿਆ ਕ੍ਰਾਂਤੀ ਨੂੰ ਉਦਘਾਟਨ ਕ੍ਰਾਂਤੀ ਦਾ ਨਾਮ ਦਿੰਦਿਆਂ ‘ਆਪ’ ਸਰਕਾਰ ਦੀ ਘੇਰਾਬੰਦੀ ਕੀਤੀ ਸੀ। ਇਸ ਕਿਰਕਿਰੀ ਨੂੰ ਭਾਂਪਦਿਆਂ ਸਿੱਖਿਆ ਵਿਭਾਗ ਨੇ ਹੁਣ ਪਖਾਨਿਆਂ ਦੇ ਉਦਘਾਟਨ ਮਾਮਲੇ ਵਿਚ ਯੂ-ਟਰਨ ਲੈ ਲਿਆ ਹੈ।