8.1 C
Toronto
Thursday, October 16, 2025
spot_img
Homeਪੰਜਾਬਪੰਜਾਬੀ ਗਾਇਕ ਤੇ ਕਲਾਕਾਰਾਂ 'ਤੇ ਛਾਈ ਆਰਥਿਕ ਮੰਦਹਾਲੀ

ਪੰਜਾਬੀ ਗਾਇਕ ਤੇ ਕਲਾਕਾਰਾਂ ‘ਤੇ ਛਾਈ ਆਰਥਿਕ ਮੰਦਹਾਲੀ

ਕਰੋਨਾ ਮਹਾਮਾਰੀ ਕਰਕੇ ਸਾਰੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਲੱਗੀਆਂ ਬਰੇਕਾਂ
ਲੁਧਿਆਣਾ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਕਰਕੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਵੀ ਬਰੇਕਾਂ ਲੱਗ ਗਈਆਂ ਹਨ ਅਤੇ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੂੰ ਹੁਣ ਘਰਾਂ ਵਿਚ ਹੀ ਬੈਠਣਾ ਪਿਆ ਹੈ। ਇਸ ਕਰਕੇ ਪੰਜਾਬੀ ਗਾਇਕਾਂ, ਕਲਾਕਾਰਾਂ ਤੇ ਸਜੀਦਿਆਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 200 ਤੋਂ ਵੱਧ ਕਲਾਕਾਰ ਅਜਿਹੇ ਹਨ ਜਿਹੜੇ ਕੋਰੋਨਾ ਤੋਂ ਪਹਿਲਾਂ ਹੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ, ਜਿਨ੍ਹਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਬਾਂਹ ਫੜਨੀ ਜ਼ਰੂਰੀ ਨਹੀਂ ਸਮਝੀ।
ਪੰਜਾਬ ਅੰਦਰ ਕਈ ਅਜਿਹੇ ਨਾਮੀ ਕਲਾਕਾਰ ਹਨ ਜਿਨ੍ਹਾਂ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਟਿਕਟਿਕੀ ਲਗਾ ਕੇ ਖੜ੍ਹਦੇ ਸਨ ਪਰ ਅੱਜ ਉਨ੍ਹਾਂ ਕਲਾਕਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਪੰਜਾਬੀ ਕਲਚਰਲ ਐਸੋਸੀਏਸ਼ਨ ਕੈਲੇਫ਼ੋਰਨੀਆ ਯੂ.ਐਸ.ਏ. ਅਤੇ ਪੰਜਾਬ ਕਲਾਕਾਰ ਮੰਚ ਵਲੋਂ ਪ੍ਰਧਾਨ ਜਸਵੰਤ ਸਿੰਘ ਸਦੀਲਾ, ਉਪ-ਪ੍ਰਧਾਨ ਸੁਖਵਿੰਦਰ ਸੁੱਖੀ, ਚੇਅਰਮੈਨ ਪਾਲੀ ਦੇਤਵਾਲੀਆ, ਜਨਰਲ ਸਕੱਤਰ ਮਨਜੀਤ ਰੂਪੋਵਾਲੀਆ, ਸਾਜਨ ਰਾਏਕੋਟੀ ਸਮੇਤ ਹੋਰ ਕਈ ਕਲਾਕਾਰਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਪੈਨਸ਼ਨ ਦੇ ਰੂਪ ਵਿਚ ਦਿੱਤੇ ਜਾ ਰਹੇ ਹਨ। ਕਲਾਕਾਰਾਂ ਤੇ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਹੰਬਲਾ ਮਾਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਸਮੂਹ ਨਿੱਜੀ ਤੌਰ ‘ਤੇ ਕੁਝ ਗਾਇਕਾਂ ਜਾਂ ਕਲਾਕਾਰਾਂ ਨੂੰ ਪ੍ਰਤੀ ਮਹੀਨਾ ਪੈਨਸ਼ਨ ਦੇ ਸਕਦਾ ਹੈ ਤਾਂ ਸਰਕਾਰ ਅਜਿਹਾ ਕਿਉਂ ਨਹੀਂ ਕਰ ਰਹੀ। ਪੰਜਾਬ ਕਲਾਕਾਰ ਮੰਚ ਵਲੋਂ ਪੰਜਾਬ ਸਰਕਾਰ ਤੋਂ ਵੀ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰਬਤ ਭਰੀ ਜਾਂ ਰੋਟੀ ਤੋਂ ਵੀ ਮੁਥਾਜ਼ ਕਲਾਕਾਰਾਂ ਨੂੰ ਪ੍ਰਤੀ ਮਹੀਨਾ ਘੱਟੋ-ਘੱਟ 5 ਹਜ਼ਾਰ ਰੁਪਏ ਪੈਨਸ਼ਨ ਜ਼ਰੂਰ ਦਿੱਤੀ ਜਾਵੇ।
ਪੰਜਾਬੀ ਗਾਇਕ ਮੁਹੰਮਦ ਸਦੀਕ ਕਾਂਗਰਸ ਪਾਰਟੀ ਵਲੋਂ ਪਹਿਲਾਂ ਵਿਧਾਇਕ ਤੇ ਹੁਣ ਲੋਕ ਸਭਾ ਮੈਂਬਰ ਬਣੇ, ਕਾਮੇਡੀਅਨ ਤੇ ਅਦਾਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਮੈਂਬਰ ਬਣੇ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਰਾਜ ਗਾਇਕ ਹੰਸਰਾਜ ਹੰਸ ਲੋਕ ਸਭਾ ਮੈਂਬਰ ਬਣੇ, ਤਾਂ ਪੰਜਾਬੀ ਗਾਇਕਾਂ, ਕਲਾਕਾਰਾਂ, ਗੀਤਕਾਰਾਂ ਤੇ ਅਦਾਕਾਰਾਂ ਨੂੰ ਇਹ ਆਸ ਬੱਝੀ ਕਿ ਹਰ ਪਾਰਟੀ ਨਾਲ ਸਬੰਧਿਤ ਲੋਕ ਸਭਾ ਮੈਂਬਰ ਬਣਨ ਨਾਲ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਜਾਵੇਗਾ। ਅੱਜ ਤੱਕ ਤਿੰਨੇ ਲੋਕ ਸਭਾ ਮੈਂਬਰਾਂ ਵਲੋਂ ਭਾਵੇਂ ਨਿੱਜੀ ਤੌਰ ‘ਤੇ ਵੱਖ-ਵੱਖ ਉਪਰਾਲੇ ਕੀਤੇ ਗਏ ਹਨ, ਪਰ ਸਰਕਾਰ ਪੱਧਰ ‘ਤੇ ਕੋਈ ਵੀ ਰਾਹਤ ਵਾਲਾ ਫ਼ੈਸਲਾ ਨਹੀਂ ਕਰਵਾਇਆ ਗਿਆ।

RELATED ARTICLES
POPULAR POSTS