ਲੌਂਗੋਵਾਲ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ (60 ਸਾਲ) ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਬੀਬੀ ਅਮਰਪਾਲ ਸ਼ਾਮ ਵੇਲੇ ਚੱਕਰ ਆਉਣ ਕਾਰਨ ਡਿੱਗ ਗਏ। ਉਨ੍ਹਾਂ ਨੂੰ ਪਹਿਲਾਂ ਲੌਂਗੋਵਾਲ ਦੇ ਹਸਪਤਾਲ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਸੰਗਰੂਰ ਦੇ ਇੱਕ ਨਿਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਬੀਬੀ ਅਮਰਪਾਲ ਕੌਰ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਦੀ ਛੋਟੀ ਭੈਣ ਸੀ। ਉਹ ਆਪਣੇ ਪਿੱਛੇ ਦੋ ਬੱਚੇ ਛੱਡ ਗਏ ਹਨ। ਉਹ ਸੇਵਾਮੁਕਤ ਸਰਕਾਰੀ ਅਧਿਆਪਕ ਸਨ।
ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ ਦੀ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਬਰਾਂ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ ਤੇ ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕਤਰ ਪ੍ਰੋ ਬਲਵਿੰਦਰ ਸਿੰਘ ਜੋੜਾ ਸਿੰਘਾ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਪਿੰਡ ਲੌਂਗੋਵਾਲ ਦੇ ਰਾਮਬਾਗ ‘ਚ ਕੀਤਾ ਗਿਆ ਸਸਕਾਰ
ਲੌਂਗੋਵਾਲ : ਬੀਬੀ ਅਮਰਪਾਲ ਕੌਰ ਦਾ ਸਸਕਾਰ ਪਿੰਡ ਲੌਂਗੋਵਾਲ ਦੇ ਰਾਮ ਬਾਗ ਵਿੱਚ ਪੰਥਕ ਗੁਰਮਰਿਆਦਾ ਅਤੇ ਕਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਹੋਇਆ। ਸਵੇਰੇ 10 ਕੁ ਵਜੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਲੌਂਗੋਵਾਲ ਦੀ ਰਿਹਾਇਸ਼ ਤੋਂ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਸਮਸ਼ਾਨਘਾਟ ਲਈ ਰਵਾਨਾ ਹੋਈ। ਰਸਤੇ ਵਿੱਚ ਲੋਕ ਆਪੋ-ਆਪਣੇ ਘਰਾਂ ਅੱਗੇ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਖੜੇ ਸਨ। ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਦਿਖਾਈ। ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ ਪੁੱਤਰੀ ਗੁਰਮਨ ਕੌਰ ਵੀ ਮੌਜੂਦ ਸੀ। ਕਰੋਨਾ ਦੀ ਮਹਾਮਰੀ ਕਾਰਨ ਭਾਈ ਲੌਂਗੋਵਾਲ ਦੀ ਰਿਹਾਇਸ਼ ਤੇ ਸ਼ਮਸ਼ਾਨਘਾਟ ਵਿੱਚ ਸੋਸ਼ਲ ਡਿਸਟੈਂਸਿੰਗ, ਹੱਥ ਧੋਣ ਤੇ ਸੈਨੇਟਾਈਜ਼ੇਸ਼ਨ ਦੀ ਪਾਲਣਾ ਕੀਤੀ ਗਈ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਗੋਪਾਲ ਸਿੰਘ ਦਰਦੀ, ਵਿਨਰਜੀਤ ਸਿੰਘ, ਰਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …