ਬਟਾਲਾ/ਬਿਊਰੋ ਨਿਊਜ਼ : ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਰੋਨਾਵਾਇਰਸ ਸਬੰਧੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਸੈਂਪਲ 2 ਮਈ ਨੂੰ ਲਿਆ ਗਿਆ ਸੀ। ਬਟਾਲਾ ਦੇ ਐੱਸਪੀ ਹੈੱਡਕੁਆਰਟਰ ਜਸਬੀਰ ਸਿੰਘ ਰਾਏ ਨੇ ਕਿਹਾ ਕਿ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਉਰਫ਼ ਪੱਪੂ ਦੇ ਕਤਲ ਮਾਮਲੇ ਸਬੰਧੀ ਜੱਗੂ ਨੂੰ ਪਟਿਆਲਾ ਜੇਲ੍ਹ ਤੋਂ 30 ਅਪਰੈਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਟਾਲਾ ਲਿਆਂਦਾ ਗਿਆ ਸੀ ਅਤੇ 2 ਮਈ ਨੂੰ ਕਰੋਨਾ ਟੈਸਟ ਲਈ ਉਸ ਦਾ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਜੱਗੂ ਦੇ ਸੰਪਰਕ ਵਿੱਚ ਆਏ ਬਟਾਲਾ ਪੁਲੀਸ ਦੇ 35-40 ਪੁਲੀਸ ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਸਾਰਿਆਂ ਦੇ ਟੈਸਟ ਕਰਵਾਏ ਜਾਣਗੇ। ਇਸੇ ਦੌਰਾਨ ਥਾਣਾ ਸਿਵਲ ਲਾਈਨਜ਼ ਦੇ ਬਾਹਰ ਜੱਗੂ ਦੀ ਮਾਂ ਹਰਜੀਤ ਕੌਰ ਅਤੇ ਭੂਆ ਮਨਿੰਦਰ ਕੌਰ ਨੇ ਪੁਲੀਸ ‘ਤੇ ਉਸ (ਜੱਗੂ) ਦਾ ਜਾਨੀ ਨੁਕਸਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਤੋਂ ਜੱਗੂ ਦਾ ਇਲਾਜ ਚੰਗੇ ਹਸਪਤਾਲ ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੁਲੀਸ ਉਨ੍ਹਾਂ ਨੂੰ ਜੱਗੂ ਨਾਲ ਨਹੀਂ ਮਿਲਾਉਂਦੀ, ਉਹ ਥਾਣੇ ਸਾਹਮਣੇ ਹੀ ਬੈਠੇ ਰਹਿਣਗੇ। ਐੱਸਪੀ ਨੇ ਜੱਗੂ ਦੀ ਮਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਇਸੇ ਦੌਰਾਨ ਬਟਾਲਾ ਵਿਚ ਇਕਾਂਤਵਾਸ ਕੀਤੇ ਵਿਅਕਤੀਆਂ ‘ਚੋਂ 18 ਦੀ ਰਿਪੋਰਟ ਪਾਜ਼ੇਟਿਵ ਆਈ ਹੈ।
Check Also
ਕੁਲਦੀਪ ਧਾਲੀਵਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਦੀ ਕੀਤੀ ਮੰਗ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤੁਰੰਤ ਖੋਲ੍ਹਿਆ ਜਾਵੇ ਅਜਨਾਲਾ/ਬਿਊਰੋ ਨਿਊਜ਼ : ਨਸ਼ਾ-ਮੁਕਤੀ ਯਾਤਰਾ ਦੀ …