Breaking News
Home / ਪੰਜਾਬ / ਮਾਂ ਬੋਲੀ ਪੰਜਾਬੀ ਖਿਲਾਫ ਸਿੱਖਿਆ ਵਿਭਾਗ ਲੈਣ ਲੱਗਾ ਫੈਸਲੇ

ਮਾਂ ਬੋਲੀ ਪੰਜਾਬੀ ਖਿਲਾਫ ਸਿੱਖਿਆ ਵਿਭਾਗ ਲੈਣ ਲੱਗਾ ਫੈਸਲੇ

ਸ਼੍ਰੋਮਣੀ ਅਕਾਲੀ ਦਲ ਆਇਆ ਵਿਰੋਧ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਪ੍ਰਫੁੱਲਤ ਕਰਨ ਦੀ ਮਦ ਸ਼ਾਮਲ ਕਰਨ ‘ਤੇ ਜ਼ੋਰਦਾਰ ਵਿਰੋਧ ਪ੍ਰਗਟ ਕੀਤਾ ਹੈ।
ਅਕਾਲੀ ਦਲ ਨੇ ਮੁੱਖ ਮੰਤਰੀ ਕੋਲੋਂ ਇਸ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਇਸ ਦੀ ਪੜਤਾਲ ਕਰਵਾਉਣ ਤੇ ਪੰਜਾਬੀ ਵਿਰੋਧੀ ਫੈਸਲੇ ਲੈਣ ਵਾਲੇ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਗੁਪਤ ਰਿਪੋਰਟ (ਏਸੀਆਰ) ਦਾ ਪ੍ਰੋਫਾਰਮਾ ਅਧਿਆਪਕਾਂ ਵਾਸਤੇ ਬਣਾਇਆ ਗਿਆ ਹੈ, ਉਸ ਵਿਚ ਲੜੀ-10 ਵਿਚ ਅੰਕਿਤ ਹੈ ਕਿ ਜਿਹੜਾ ਅਧਿਆਪਕ ਆਪਣੀ ਜਮਾਤ ਦੇ ਕੁੱਲ ਵਿਦਿਆਰਥੀਆਂ ਵਿਚੋਂ 10 ਫੀਸਦੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਪੜ੍ਹਾਏਗਾ ਉਸ ਨੂੰ 5 ਨੰਬਰ ਦਿੱਤੇ ਜਾਣਗੇ।
ਡਾ. ਚੀਮਾ ਨੇ ਕਿਹਾ ਕਿ ਇਸਦਾ ਸਿੱਧਾ ਮਤਲਬ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਤੋਂ ਹਟਾਉਣ ਵਾਸਤੇ ਸਰਕਾਰ ਏਨੀ ਪੱਬਾਂ ਭਾਰ ਹੋਈ ਬੈਠੀ ਹੈ ਕਿ ਜੋ ਅਧਿਆਪਕ ਅਜਿਹਾ ਕਰੇਗਾ ਉਸ ਨੂੰ ਇਨਾਮ ਮਿਲੇਗਾ ਤੇ ਜਿਹੜਾ ਅਧਿਆਪਕ ਬੱਚੇ ਨੂੰ ਪੰਜਾਬੀ ਮਾਧਿਅਮ ਵਿਚ ਰੱਖੇਗਾ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਚੀਮਾ ਨੇ ਕਿਹਾ ਕਿ ਹੁਣ ਅਗਲੇ ਪੜਾਅ ਵਿਚ ਪਹਿਲੀ ਜਮਾਤ ਤੋਂ ਗਣਿਤ ਦੇ ਵਿਸ਼ੇ ਨੂੰ ਪੰਜਾਬੀ ਮਾਧਿਅਮ ਦੀ ਥਾਂ ਅੰਗਰੇਜੀ ਮਾਧਿਅਮ ਵਿਚ ਪੜ੍ਹਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਇਸ ਤਹਿਤ ਪਹਿਲੀ ਜਮਾਤ ਦੀਆਂ ਗਣਿਤ ਦੇ ਵਿਸ਼ੇ ਦੀਆਂ ਕਿਤਾਬਾਂ ਪੰਜਾਬੀ ਮਾਧਿਅਮ ਦੀ ਬਜਾਏ ਹੁਣ ਅੰਗਰੇਜ਼ੀ ਮਾਧਿਅਮ ਵਿਚ ਛਾਪਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਮਤਲਬ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦਸਵੀਂ ਪਾਸ ਬੱਚੇ 1 ਤੋਂ 100 ਤੱਕ ਗਿਣਤੀ ਵੀ ਪੰਜਾਬੀ ਵਿਚ ਨਹੀਂ ਕਰ ਸਕਿਆ ਕਰਨਗੇ।
ਅੰਗਰੇਜ਼ੀ ਤੇ ਪੰਜਾਬੀ ‘ਚ ਪੜਾਇਆ ਜਾਵੇਗਾ ਗਣਿਤ
ਮੁਹਾਲੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹੁਣ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵੀ ਪੜਾਇਆ ਜਾਵੇਗਾ। ਇਸ ਸਬੰਧੀ ਸਿੱਖਿਆ ਬੋਰਡ ਨੇ ਨਵੇਂ ਸਿਰਿਓਂ ਸੋਧੀ ਹੋਈ ਚਿੱਠੀ ਜਾਰੀ ਕੀਤੀ ਹੈ। ਹਾਲਾਂਕਿ ਪਹਿਲੀ ਚਿੱਠੀ ਵਿੱਚ ਇਹ ਲਿਖਿਆ ਸੀ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਦਾ ਵਿਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ ਵਿੱਚ ਪੜਾਇਆ ਜਾਵੇ। ਇਹ ਪੱਤਰ ਸਕੂਲ ਬੋਰਡ ਦੇ ਸੀਨੀਅਰ ਮੈਨੇਜਰ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਹੁਣ ਸਕੂਲ ਬੋਰਡ ਨੇ ਬਦਨਾਮੀ ਦੇ ਡਰੋਂ ਯੂ ਟਰਨ ਲੈਂਦਿਆਂ ਸੁਪਰਡੈਂਟ (ਪੁਸਤਕਾਂ) ਦੇ ਦਸਤਖ਼ਤਾਂ ਹੇਠ ਸਮੂਹ ਖੇਤਰੀ ਦਫ਼ਤਰਾਂ ਨੂੰ ਨਵੇਂ ਸਿਰਿਓਂ ਪੱਤਰ ਜਾਰੀ ਕੀਤਾ ਹੈ।

Check Also

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਗਾਇਆ ਵੱਡਾ ਆਰੋਪ

ਕਿਹਾ : ਸੀਐਮ ਮਾਨ ਨੇ ਬੇਨਾਮੀ ਸੰਪਤੀ ਆਪਣੀ ਮਾਤਾ ਦੇ ਨਾਂ ਕਰਵਾਈ ਜਲੰਧਰ/ਬਿਊਰੋ ਨਿਊਜ਼ : …