ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਿ੍ਰਜ ਭੂਸ਼ਨ ’ਤੇ ਲਗਾਏ ਗੰਭੀਰ ਆਰੋਪ
ਕਿਹਾ : ਬਿ੍ਰਜ ਭੂਸ਼ਣ ਮੌਕਾ ਮਿਲਣ ’ਤੇ ਮਹਿਲਾ ਪਹਿਲਵਾਨਾਂ ਨੂੰ ਕਰਦਾ ਸੀ ਤੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬਿ੍ਰਜ ਭੂਸ਼ਨ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ। ਦਿੱਲੀ ਪੁਲੀਸ ਨੇ ਇਹ ਦਾਅਵਾ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਸ ਕੋਲ ਸਿੰਘ ਖਿਲਾਫ਼ ਕਾਫ਼ੀ ਸਬੂਤ ਮੌਜੂਦ ਹਨ। ਦਿੱਲੀ ਪੁਲੀਸ ਨੇ ਹਲਫ਼ਨਾਮੇ ਵਿੱਚ ਤਾਜੀਕਿਸਤਾਨ ਦੀਆਂ ਕੁਝ ਕਥਿਤ ਘਟਨਾਵਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਆਪਣੇ ਆਪ ਵਿਚ ਬੋਲਦੀਆਂ ਹਨ ਕਿ ਸਿੰਘ ਆਪਣੀਆਂ ਕੀਤੀਆਂ ਕਾਰਵਾਈਆਂ ਬਾਰੇ ਭਲੀਭਾਂਤ ਜਾਣੂ ਸੀ।
ਪੁਲੀਸ ਮੁਤਾਬਕ ਤਾਜੀਕਿਸਤਾਨ ਵਿੱਚ ਇਕ ਸਮਾਗਮ ਦੌਰਾਨ ਸਿੰਘ ਨੇ ਜਬਰੀ ਮਹਿਲਾ ਪਹਿਲਵਾਨ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਆਪਣੀ ਇਸ ਕਾਰਵਾਈ ਨੂੰ ਇਹ ਕਹਿੰਦਿਆਂ ਤਰਕਸੰਗਤ ਦੱਸਿਆ ਕਿ ਉਹ ਤਾਂ ਮਹਿਲਾ ਪਹਿਲਵਾਨ ਦੇ ਪਿਤਾ ਵਾਂਗ ਹੈ। ਤਾਜੀਕਿਸਤਾਨ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਨਾਲ ਸਬੰਧਤ ਇਕ ਹੋਰ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਕਿ ਸਿੰਘ ਨੇ ਮਹਿਲਾ ਪਹਿਲਵਾਨ ਨਾਲ ਘਟੀਆ ਹਰਕਤ ਕੀਤੀ ਸੀ। ਕੇਸ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ।