ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਦੀ ਭਗਵੰਤ ਮਾਨ ਸਰਕਾਰ
ਕਿਹਾ : ਗੰਭੀਰ ਕਰਜ਼ੇ ਦੇ ਸੰਕਟ ’ਚ ਘਿਰਿਆ ਪੰਜਾਬ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਕਰਜ਼ੇ ਸਬੰਧੀ ਗਏ ਪੁੱਛੇ ਗਏ ਸਵਾਲ ਨੂੰ ਲੈ ਕੇੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਟਵਿੱਟਰ ’ਤੇ ਵੀਡੀਓ ਜਾਰੀ ਕਰਕੇ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ’ਤੇ ਕਰਜ਼ਿਆਂ ਅਤੇ ਖਜ਼ਾਨੇ ’ਚ ਆਉਣ ਵਾਲੇ ਪੈਸੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਮੁੱਖ ਮੰਤਰੀ ਨੂੰ ਬੜੇ ਵਧੀਆ ਸਵਾਲ ਕੀਤੇ ਹਨ, ਜੋ ਪੰਜਾਬ ਦੀ ਅਗਲੀ ਪੀੜ੍ਹੀ ਦੇ ਭਵਿੱਖ ਬਾਰੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਖਰ ਕੀ ਲੁਕੋ ਰਹੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਪਾਪ ਅਤੇ ਪਾਰਾ ਕਦੇ ਲੁਕਾਏ ਹੋਏ ਨਹੀਂ ਲੁਕਦੇ ਇਹ ਇਕ ਦਿਨ ਸਭ ਦੇ ਸਾਹਮਣੇ ਆ ਹੀ ਜਾਂਦੇ ਹਨ। ਉਨ੍ਹਾਂ ਕਿ ਰਾਜਪਾਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚਾਰ ਕਰਨਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਸਿਰ ਤੇਜੀ ਨਾਲ ਵਧ ਰਿਹਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟ ਬੈਂਕ ਦੀ ਰਾਜਨੀਤੀ ਦਾ ਨਤੀਜਾ ਹੈ। ਮੁਫ਼ਤ ਦੀ ਰਾਜਨੀਤੀ ਪੰਜਾਬ ਨੂੰ ਨਾ ਭਰਨਯੋਗ ਤਰੀਕਿਆਂ ਨਾਲ ਮਾਰ ਰਹੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਗੰਭੀਰ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿਚ ਮੌਜੂਦਾ ਮਾਨ ਸਰਕਾਰ ਵੱਲੋਂ 1 ਸਾਲ 6 ਮਹੀਨਿਆਂ ਵਿਚ ਲਏ ਕਰਜ਼ੇ ਵਿਚ 50,000 ਕਰੋੜ ਰੁਪਏ ਦੇ ਵਾਧੇ ਦਾ ਸਪੱਸ਼ਟ ਜ਼ਿਕਰ ਕੀਤਾ ਹੈ।