19.2 C
Toronto
Tuesday, October 7, 2025
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਕਰੌਂ, ਓਲਾਫ ਤੇ ਜਸਟਿਨ ਟਰੂਡੋ ਨਾਲ ਦੁਵੱਲੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੈਕਰੌਂ, ਓਲਾਫ ਤੇ ਜਸਟਿਨ ਟਰੂਡੋ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਦੀ ਲੜੀ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਜਰਮਨੀ ਦੇ ਚਾਂਸਲਰ ਓਲਾਫ ਸ਼ੁਲਜ਼ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਾਲ ਮੁਲਾਕਾਤ ਕਰਕੇ ਵੱਖ ਵੱਖ ਮਸਲਿਆਂ ‘ਤੇ ਚਰਚਾ ਕੀਤੀ।
ਜੀ-20 ਸੰਮੇਲਨ ਦਰਮਿਆਨ ਹੀ ਉਨ੍ਹਾਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ, ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੌਗਾਂ ਅਤੇ ਅਫਰੀਕੀ ਯੂਨੀਅਨ ਦੇ ਰਾਸ਼ਟਰਪਤੀ ਅਜ਼ਾਲੀ ਅਸੋਊਮਨੀ ਨਾਲ ਵੀ ਮੁਲਾਕਾਤ ਕੀਤੀ। ਜਰਮਨੀ ਦੇ ਚਾਂਸਲਰ ਸ਼ੁਲਜ਼ ਨਾਲ ਮੀਟਿੰਗ ਤੋਂ ਬਾਅਦ ਮੋਦੀ ਨੇ ਕਿਹਾ ਕਿ ਉਨ੍ਹਾਂ ਜਰਮਨੀ ਦੇ ਆਗੂ ਦਾ ਇਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਸ਼ੁਕਰੀਆ ਕੀਤਾ। ਮੋਦੀ ਨੇ ਐਕਸ ‘ਤੇ ਲਿਖਿਆ, ‘ਸਵੱਛ ਊਰਜਾ, ਖੋਜ ਤੇ ਧਰਤੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਭਾਰਤ ਤੇ ਜਰਮਨੀ ਵੱਲੋਂ ਸਹਿਯੋਗ ਕਰਨ ਦੇ ਢੰਗਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।’ ਸ਼ੁਲਜ਼ ਨੇ ਕਿਹਾ ਕਿ ਸੰਮੇਲਨ ਦੌਰਾਨ ਆਗੂ ਉੱਤਰ ਤੇ ਦੱਖਣ ਦਰਮਿਆਨ ਕਾਮਯਾਬੀ ਨਾਲ ਨਵੀਂ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ। ਉਨ੍ਹਾਂ ਐਕਸ ‘ਤੇ ਲਿਖਿਆ, ‘ਅਸੀਂ ਵਾਤਾਵਰਣ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰਦੇ ਰਹਾਂਗੇ ਅਤੇ ਰੂਸ ਦੀ ਨੀਤੀ ਖਿਲਾਫ ਜੀ-20 ਨੇ ਸਪੱਸ਼ਟ ਸਟੈਂਡ ਲਿਆ ਹੈ।’
ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਹੈ। ਮੋਦੀ ਨੇ ਐਕਸ ‘ਤੇ ਪੋਸਟ ਕੀਤਾ, ‘ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਦੁਪਹਿਰ ਦੇ ਖਾਣੇ ‘ਤੇ ਹੋਈ ਮੁਲਾਕਾਤ ਬਹੁਤ ਹੀ ਉਸਾਰੂ ਰਹੀ। ਅਸੀਂ ਫਰਾਂਸ-ਭਾਰਤ ਦੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਹੈ।’ ਦੋਵਾਂ ਮੁਲਕਾਂ ਦਰਮਿਆਨ ਬਹੁਤ ਹੀ ਡੂੰਘੇ ਸਬੰਧ ਤੇ ਰਣਨੀਤਕ ਭਾਈਵਾਲੀ ਹੈ। ਅਸੋਊਮਨੀ ਨਾਲ ਆਪਣੀ ਮੁਲਾਕਾਤ ਬਾਰੇ ਮੋਦੀ ਨੇ ਕਿਹਾ ਕਿ ਇਹ ਬਹੁਤ ਸਾਰਥਕ ਚਰਚਾ ਰਹੀ। ਅਸੋਊਮਨੀ ਕੋਮੋਰੋਸ ਦੇ ਰਾਸ਼ਟਰਪਤੀ ਹਨ ਅਤੇ ਅਫਰੀਕੀ ਯੂਨੀਅਨ ਦੇ ਪ੍ਰਧਾਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੀਟਿੰਗ ਦੌਰਾਨ ਵੱਖ-ਵੱਖ ਖੇਤਰਾਂ ‘ਚ ਭਾਰਤ-ਕੈਨੇਡਾ ਸਬੰਧਾਂ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਆਗੂ ਯਿਓਲ ਨਾਲ ਮੁਲਾਕਾਤ ਮਗਰੋਂ ਮੋਦੀ ਨੇ ਐਕਸ ‘ਤੇ ਲਿਖਿਆ ਕਿ ਉਹ ਭਾਰਤ ਤੇ ਕੋਰੀਆ ਗਣਰਾਜ ਵਿਚਾਲੇ ਕਾਰੋਬਾਰੀ ਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ ਹਨ। ਉਨ੍ਹਾਂ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਤੇ ਰਾਸ਼ਟਰਪਤੀ ਅਰਦੌਗਾਂ ਨੇ ਭਾਰਤ ਤੇ ਤੁਰਕੀ ਵਿਚਾਲੇ ਵਪਾਰ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਯੂਰੋਪੀ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨਾਲ ਵੀ ਮੁਲਾਕਾਤ ਕੀਤੀ।

 

RELATED ARTICLES
POPULAR POSTS