Breaking News
Home / ਭਾਰਤ / ਸਾਊਦੀ ਅਰਬ ਭਾਰਤ ਦਾ ਅਹਿਮ ਭਾਈਵਾਲ : ਨਰਿੰਦਰ ਮੋਦੀ

ਸਾਊਦੀ ਅਰਬ ਭਾਰਤ ਦਾ ਅਹਿਮ ਭਾਈਵਾਲ : ਨਰਿੰਦਰ ਮੋਦੀ

ਦੋਵੇਂ ਮੁਲਕਾਂ ਦੀ ਸਾਂਝ ਆਲਮੀ ਅਤੇ ਖੇਤਰੀ ਸਥਿਰਤਾ ਲਈ ਅਹਿਮ ਕਰਾਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ-ਸਊਦ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਅਤੇ ਸਾਊਦੀ ਅਰਬ ਦੀ ਰਣਨੀਤਕ ਭਾਈਵਾਲੀ ਖੇਤਰੀ ਅਤੇ ਆਲਮੀ ਸਥਿਰਤਾ ਤੇ ਭਲਾਈ ਲਈ ਅਹਿਮ ਹੈ।
ਸਾਊਦੀ ਅਰਬ ਨੂੰ ਭਾਰਤ ਦੇ ਸਭ ਤੋਂ ਅਹਿਮ ਰਣਨੀਤਕ ਭਾਈਵਾਲਾਂ ‘ਚੋਂ ਇਕ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਦੋਵੇਂ ਮੁਲਕ ਆਪਣੇ ਸਬੰਧਾਂ ‘ਚ ਨਵੇਂ ਦਿਸਹੱਦੇ ਜੋੜ ਰਹੇ ਹਨ।
ਮੋਦੀ ਅਤੇ ਬਿਨ ਸਲਮਾਨ ਨੇ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪਰਿਸ਼ਦ ਦੀ ਪਹਿਲੀ ਮੀਟਿੰਗ ‘ਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।
ਮੀਟਿੰਗ ‘ਚ ਆਪਣੇ ਸ਼ੁਰੂਆਤੀ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ,”ਸਾਡੀ ਕਰੀਬੀ ਭਾਈਵਾਲੀ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਕਈ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ ਹੈ। ਇਸ ਮੀਟਿੰਗ ‘ਚ ਸਾਡੇ ਸਬੰਧਾਂ ਨੂੰ ਇਕ ਨਵੀਂ ਸੇਧ ਅਤੇ ਊਰਜਾ ਮਿਲੇਗੀ।” ਅਹਿਮ ਖੇਤਰਾਂ ‘ਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪਰਿਸ਼ਦ ਦਾ ਐਲਾਨ 2019 ‘ਚ ਕੀਤਾ ਗਿਆ ਸੀ। ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮਗਰੋਂ ਬਿਨ ਸਲਮਾਨ ਇਸ ਸਮੇਂ ਭਾਰਤ ਦੇ ਸਰਕਾਰੀ ਦੌਰੇ ‘ਤੇ ਹਨ।
ਵਾਰਤਾ ਤੋਂ ਪਹਿਲਾਂ ਸਾਊਦੀ ਅਰਬ ਦੇ ਪ੍ਰਿੰਸ ਦਾ ਰਾਸ਼ਟਰਪਤੀ ਭਵਨ ‘ਚ ਸਰਕਾਰੀ ਤੌਰ ‘ਤੇ ਸਵਾਗਤ ਕੀਤਾ ਗਿਆ। ਸਵਾਗਤ ਤੋਂ ਬਾਅਦ ਬਿਨ ਸਲਮਾਨ ਨੇ ਮੀਡੀਆ ਨੂੰ ਕਿਹਾ, ”ਮੈਂ ਭਾਰਤ ਆ ਕੇ ਬਹੁਤ ਖੁਸ਼ ਹਾਂ। ਮੈਂ ਜੀ-20 ਸਿਖਰ ਸੰਮੇਲਨ ਲਈ ਭਾਰਤ ਨੂੰ ਵਧਾਈ ਦੇਣਾ ਚਾਹੁੰਦਾ ਹਾਂ।”
ਸਾਊਦੀ ਆਗੂ ਨੇ ਕਿਹਾ ਕਿ ਸਿਖਰ ਸੰਮੇਲਨ ‘ਚ ਕੀਤੇ ਗਏ ਐਲਾਨਾਂ ਨਾਲ ਦੁਨੀਆ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ,”ਅਸੀਂ ਦੋਵੇਂ ਮੁਲਕਾਂ ਦੇ ਵਧੀਆ ਭਵਿੱਖ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ।” ਸਾਊਦੀ ਅਰਬ ਪੱਛਮੀ ਏਸ਼ੀਆ ‘ਚ ਭਾਰਤ ਦੇ ਪ੍ਰਮੁੱਖ ਰਣਨੀਤਕ ਭਾਈਵਾਲਾਂ ‘ਚੋਂ ਇਕ ਹੈ। ਪਿਛਲੇ ਕੁਝ ਵਰ੍ਹਿਆਂ ਦੌਰਾਨ ਦੋਵੇਂ ਮੁਲਕ ਆਪਣੀ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ।

ਦੋਵਾਂ ਮੁਲਕਾਂ ਨੇ ਅੱਠ ਸਮਝੌਤਿਆਂ ‘ਤੇ ਕੀਤੇ ਦਸਤਖ਼ਤ
ਨਵੀਂ ਦਿੱਲੀ: ਭਾਰਤ ਅਤੇ ਸਾਊਦੀ ਅਰਬ ਨੇ 50 ਅਰਬ ਡਾਲਰ ਦੇ ਵੈਸਟ ਕੋਸਟ ਰਿਫਾਇਨਰੀ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਦੋਵੇਂ ਮੁਲਕਾਂ ਨੇ ਊਰਜਾ, ਰੱਖਿਆ, ਸੈਮੀਕੰਡਕਟਰ ਅਤੇ ਪੁਲਾੜ ਦੇ ਖੇਤਰ ‘ਚ ਸਹਿਯੋਗ ਦਾ ਅਹਿਦ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ-ਸਊਦ ਵਿਚਕਾਰ ਹੋਈ ਦੁਵੱਲੀ ਮੀਟਿੰਗ ਦੌਰਾਨ ਹਾਈਡਰੋਕਾਰਬਨ ਸਬੰਧਾਂ ਨੂੰ ਵਿਸਥਾਰ ਦੇਣ ਦਾ ਫ਼ੈਸਲਾ ਵੀ ਲਿਆ ਗਿਆ। ਇਸ ਦੇ ਨਾਲ ਡਿਜੀਟਾਈਜ਼ੇਸ਼ਨ ਅਤੇ ਨਿਵੇਸ਼ ਸਮੇਤ ਹੋਰ ਖੇਤਰਾਂ ‘ਚ ਅੱਠ ਸਮਝੌਤਿਆਂ ‘ਤੇ ਮੋਹਰ ਲਾਈ ਗਈ। ਦੋਵੇਂ ਮੁਲਕਾਂ ਨੇ ਅਰਾਮਕੋ, ਐਡਨੋਕ ਅਤੇ ਭਾਰਤੀ ਕੰਪਨੀਆਂ ਵਿਚਕਾਰ ਤਿਕੋਣੇ ਸਹਿਯੋਗ ਨਾਲ ਸਬੰਧਤ ਵੈਸਟ ਕੋਸਟ ਰਿਫਾਇਨਰੀ ਪ੍ਰਾਜੈਕਟ ਨੂੰ ਫੌਰੀ ਲਾਗੂ ਕਰਨ ਲਈ ਪੂਰੀ ਹਮਾਇਤ ਦੇਣ ਦਾ ਫ਼ੈਸਲਾ ਲਿਆ ਹੈ। ਦੋਵੇਂ ਆਗੂਆਂ ਵਿਚਕਾਰ ਊਰਜਾ, ਰੱਖਿਆ, ਸੁਰੱਖਿਆ, ਸਿੱਖਿਆ, ਤਕਨਾਲੋਜੀ, ਟਰਾਂਸਪੋਰਟੇਸ਼ਨ, ਸਿਹਤ-ਸੰਭਾਲ, ਸੈਰ-ਸਪਾਟਾ ਅਤੇ ਸੱਭਿਆਚਾਰ ਜਿਹੇ ਖੇਤਰਾਂ ‘ਚ ਸਹਿਯੋਗ ‘ਤੇ ਸਹਿਮਤੀ ਬਣੀ ਹੈ। ਦੋਵੇਂ ਮੁਲਕਾਂ ਨੇ ਪਾਵਰ, ਗੈਸ, ਆਪਟੀਕਲ ਗਰਿੱਡਾਂ ਅਤੇ ਫਾਈਬਰ ਨੈੱਟਵਰਕ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਭਾਰਤ-ਮੱਧ ਪੂਰਬ ਆਰਥਿਕ ਲਾਂਘੇ ਦੇ ਐਲਾਨ ਦਾ ਵੀ ਸਵਾਗਤ ਕੀਤਾ ਗਿਆ। ਸਾਊਦੀ ਆਗੂ ਨੇ ਕਿਹਾ ਕਿ ਸਿਖਰ ਸੰਮੇਲਨ ਦੌਰਾਨ ਕੀਤੇ ਗਏ ਐਲਾਨਾਂ ਦਾ ਪੂਰੀ ਦੁਨੀਆ ਨੂੰ ਲਾਭ ਹੋਵੇਗਾ।

Check Also

ਝਾਰਖੰਡ ਸਰਕਾਰ ਦੇ ਮੰਤਰੀ ਦਾ ਨਿੱਜੀ ਸਕੱਤਰ ਤੇ ਉਸਦਾ ਨੌਕਰ 32 ਕਰੋੜ ਰੁਪਏ ਦੀ ਬਰਾਮਦਗੀ ਮਾਮਲੇ ’ਚ ਗਿ੍ਫਤਾਰ

6 ਦਿਨ ਦੇ ਰਿਮਾਂਡ ’ਤੇ ਭੇਜਿਆ ਮੰਤਰੀ ਦਾ ਨਿੱਜੀ ਸਕੱਤਰ ਰਾਂਚੀ/ਬਿਊਰੋ ਨਿਊਜ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) …