ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ‘ਚ ਕਾਨੂੰਨ ਦੇ ਸਾਸ਼ਨ ਲਈ ਲੜਦੇ ਰਹਿਣ ਦਾ ਅਹਿਦ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਦੇਸ਼ ਵਿੱਚ ਕਾਨੂੰਨ ਦੇ ਸਾਸ਼ਨ ਲਈ ਲੜਦੇ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਨਾ ਤਾਂ ਕੋਈ ਸਮਝੌਤਾ ਕਰੇਗਾ ਅਤੇ ਨਾ ਹੀ ਝੁਕੇਗਾ ਭਾਵੇਂ ਸਰਕਾਰ ਉਸ ਨੂੰ ਜੇਲ੍ਹ ਵਿੱਚ ਸੁੱਟ ਦੇਵੇ।
ਯੂਟਿਊਬ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਇਸ ਦੇ ਨਾਗਰਿਕਾਂ ਦੇ ਬਿਹਤਰ ਭਵਿੱਖ ਲਈ ਲੜ ਰਹੇ ਹਨ। ਇਮਰਾਨ ਨੇ ਕਿਹਾ, ”ਮੈਂ ਨਾ ਕੋਈ ਸਮਝੌਤਾ ਕਰਾਂਗਾ ਅਤੇ ਨਾ ਹੀ ਝੁਕਾਂਗਾ, ਭਾਵੇਂ ਮੈਨੂੰ ਜੇਲ੍ਹ ਵਿੱਚ ਸੁੱਟ ਦਿਓ।
ਮੈਂ ਕਾਨੂੰਨ ਦੇ ਰਾਜ ਅਤੇ ਮੇਰੇ ਦੇਸ਼ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਲੜਦਾ ਰਹਾਂਗਾ।” ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ 70 ਸਾਲਾ ਇਮਰਾਨ 19 ਕੇਸਾਂ ਵਿੱਚ ਅਗਾਊਂ ਜ਼ਮਾਨਤ ਲੈਣ ਦੀ ਅਪੀਲ ਕਰਨ ਲਈ ਲਾਹੌਰ ਤੋਂ ਇਸਲਾਮਾਬਾਦ ਗਏ। ਉਹ ਅਤਿਵਾਦ, ਭ੍ਰਿਸ਼ਟਾਚਾਰ ਅਤੇ ਹੱਤਿਆ ਸਮੇਤ 140 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਇਸੇ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਵਿੱਚ ਐਤਵਾਰ ਨੂੰ ਜ਼ਮਾਨ ਪਾਰਕ ਸਥਿਤ ਇਮਰਾਨ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ 30 ਪੀਟੀਆਈ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਸਾਬਕਾ ਫੁਟਬਾਲ ਸਟਾਰ ਸ਼ੁਮਾਇਲਾ ਸੱਤਾਰ ਵੀ ਸ਼ਾਮਲ ਹੈ।
ਲਾਹੌਰ ਵਿੱਚ ਇਮਰਾਨ ਨੂੰ ਮਿਲਣ ਵਾਲੇ ਇੱਕ ਸੀਨੀਅਰ ਵਕੀਲ ਨੂੰ ਵੀ ‘ਅਗਵਾ’ ਕੀਤਾ ਗਿਆ ਹੈ। ਉਸ ਨੇ ਫੌਜੀ ਅਦਾਲਤਾਂ ਵਿੱਚ ਨਾਗਰਿਕਾਂ ‘ਤੇ ਮੁਕੱਦਮਾ ਚਲਾਉਣ ਦਾ ਵਿਰੋਧ ਕਰਦਿਆਂ ਪਟੀਸ਼ਨ ਪਾਈ ਸੀ।