ਕਾਂਗਰਸ ਆਗੂ ਨੇ ਐਕਸ ’ਤੇੇ ਇਕ ਵੀਡੀਓ ਸੁਨੇਹੇ ਵਿਚ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਨੇ ਦਾਅਵਾ ਕੀਤਾ ਕਿ ਲੰਘੇ ਸ਼ਨਿੱਚਰਵਾਰ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹੈਲੀਕਾਪਟਰ ਦੀ ਬਿਹਾਰ ਦੇ ਸਮਸਤੀਪੁਰ ਵਿਚ ਤਲਾਸ਼ੀ ਲਈ ਗਈ ਜਦੋਂਕਿ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਦੇ ਆਗੂਆਂ ਨੂੰ ਘੁੰਮਣ ਫਿਰਨ ਦੀ ਪੂਰੀ ‘ਆਜ਼ਾਦੀ’ ਹੈ। ਖੜਗੇ ਨੇ ਲੰਘੇ ਸ਼ਨੀਵਾਰ ਨੂੰ ਬਿਹਾਰ ਦੇ ਸਮਸਤੀਪੁਰ ਤੇ ਮੁਜ਼ੱਫਰਨਗਰ ਵਿਚ ਉਪਰੋੋਥੱਲੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਆਗੂ ਰਾਜੇਸ਼ ਰਾਠੌੜ ਨੇ ਐਕਸ ’ਤੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਪਹਿਲਾਂ ਕੇਰਲਾ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਜਦੋਂਕਿ ਹੁਣ ਬਿਹਾਰ ਦੇ ਸਮਸਤੀਪੁਰ ਵਿਚ ਪਾਰਟੀ ਪ੍ਰਧਾਨ ਖੜਗੇ ਦਾ ਹੈਲੀਕਾਪਟਰ ਚੋਣ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਗਿਆ ਹੈ। ਰਾਠੌੜ ਨੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਬਿਹਾਰ ਦੀ ਮੁੱਖ ਚੋਣ ਅਧਿਕਾਰੀ ਖੁਦ ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ ਲੈ ਰਹੀ ਹੈ। ਰਾਠੌੜ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਾਂਗਰਸ ਆਗੂਆਂ ਦੇ ਚੌਪਰਾਂ ਦੀ ਤਲਾਸ਼ੀ ਰੁਟੀਨ ਦੀ ਕਾਰਵਾਈ ਹੈ ਤੇ ਕੀ ਐੱਨਡੀਏ ਦੇ ਸਿਖਰਲੇ ਲੀਡਰਾਂ ਦੇ ਹੈਲੀਕਾਪਟਰਾਂ ਦੀ ਵੀ ਇਸੇ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ।