6.2 C
Toronto
Friday, March 20, 2026
spot_img
Homeਭਾਰਤਜੀ-20 ਸਿਖਰ ਸੰਮੇਲਨ ਸਫਲਤਾ ਪੂਰਵਕ ਸਮਾਪਤ

ਜੀ-20 ਸਿਖਰ ਸੰਮੇਲਨ ਸਫਲਤਾ ਪੂਰਵਕ ਸਮਾਪਤ

ਸਲਾਮਤੀ ਕੌਂਸਲ ਸਣੇ ਆਲਮੀ ਸੰਸਥਾਵਾਂ ਦੇ ਵਿਸਥਾਰ ‘ਤੇ ਜ਼ੋਰ, ਸਮੇਂ ਦੇ ਨਾਲ ਬਦਲਣਾ ਜ਼ਰੂਰੀ : ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ ਸਾਰੀਆਂ ਆਲਮੀ ਸੰਸਥਾਵਾਂ ਦੇ ਵਿਸਥਾਰ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਨ੍ਹਾਂ ‘ਚ ਦੁਨੀਆ ਦੀ ਨਵੀਂ ਹਕੀਕਤ ਝਲਕਣੀ ਚਾਹੀਦੀ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਸਮੇਂ ਦੇ ਨਾਲ ਨਹੀਂ ਬਦਲਦੇ, ਉਹ ਆਪਣੀ ਪ੍ਰਸੰਗਿਕਤਾ ਗੁਆ ਬੈਠਦੇ ਹਨ। ਨਵੀਂ ਦਿੱਲੀ ਵਿਚ ਜੀ-20 ਸਿਖਰ ਸੰਮੇਲਨ ਦੀ 10 ਨਵੰਬਰ ਨੂੰ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ ਦੇ ਅਖੀਰ ‘ਚ ਗਰੁੱਪ ਦੇ ਵਰਚੁਅਲ ਸੈਸ਼ਨ ਦੀ ਤਜਵੀਜ਼ ਵੀ ਪੇਸ਼ ਕੀਤੀ ਤਾਂ ਜੋ ਲੀਡਰਜ਼ ਸਮਿਟ ਦੌਰਾਨ ਦਿੱਤੇ ਗਏ ਸੁਝਾਵਾਂ ਅਤੇ ਫ਼ੈਸਲਿਆਂ ‘ਤੇ ਅਮਲ ਦਾ ਜਾਇਜ਼ਾ ਲਿਆ ਜਾ ਸਕੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਸਮੇਤ ਹੋਰ ਆਲਮੀ ਆਗੂਆਂ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੇ ਆਗੂਆਂ ਨੂੰ ਮੋਦੀ ਨੇ ‘ਅੰਗਵਸਤਰਮ’ ਜਾਂ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸਾਰੇ ਆਗੂਆਂ ਨੇ ‘ਅਮਨ ਕੰਧ’ ‘ਤੇ ਆਪਣੇ ਦਸਤਖ਼ਤ ਵੀ ਕੀਤੇ।
ਜੀ-20 ਸਿਖਰ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਈ ਖੇਤਰੀ ਗਰੁੱਪ ਉਭਰ ਕੇ ਆਏ ਹਨ ਅਤੇ ਉਹ ਕਈ ਸਾਲਾਂ ਤੋਂ ਅਸਰਦਾਰ ਸਾਬਿਤ ਹੋਏ ਹਨ। ਉਨ੍ਹਾਂ ਆਲਮੀ ਸੰਸਥਾਵਾਂ ‘ਚ ਸੁਧਾਰਾਂ ਦੀ ਵਕਾਲਤ ਕਰਦਿਆਂ ਕਿਹਾ,”ਅਫ਼ਰੀਕੀ ਯੂਨੀਅਨ ਨੂੰ ਜੀ-20 ਦਾ ਮੈਂਬਰ ਬਣਾ ਕੇ ਸ਼ਨਿਚਰਵਾਰ ਨੂੰ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਇਸੇ ਤਰ੍ਹਾਂ ਸਾਨੂੰ ਬਹੁਧਿਰੀ ਵਿਕਾਸ ਬੈਂਕਾਂ ਦੇ ਵਿਸਥਾਰ ਦੀ ਲੋੜ ਹੈ। ਇਸ ਦਿਸ਼ਾ ਵੱਲ ਸਾਡੇ ਫ਼ੈਸਲੇ ਫੌਰੀ ਅਤੇ ਢੁੱਕਵੇਂ ਹੋਣੇ ਚਾਹੀਦੇ ਹਨ।” ਉਨ੍ਹਾਂ ਨਵੰਬਰ ਦੇ ਅਖੀਰ ‘ਚ ਵਰਚੁਅਲੀ ਸੈਸ਼ਨ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਇਸ ਸੰਮੇਲਨ ‘ਚ ਲਏ ਗਏ ਫ਼ੈਸਲਿਆਂ ਦੀ ਉਸ ਸਮੇਂ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸਾਰਿਆਂ ਨਾਲ ਵੇਰਵੇ ਸਾਂਝੇ ਕਰਨਗੀਆਂ ਅਤੇ ਆਸ ਜਤਾਈ ਕਿ ਉਹ ਸਾਰੇ ਵਰਚੁਅਲੀ ਇਜਲਾਸ ‘ਚ ਸ਼ਾਮਲ ਹੋਣਗੇ। ਇਸ ਮਗਰੋਂ ਮੋਦੀ ਨੇ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ। ‘ਇਕ ਭਵਿੱਖ’ ਸੈਸ਼ਨ ਦੌਰਾਨ ਮੋਦੀ ਨੇ ਸਾਈਬਰ ਸੁਰੱਖਿਆ ਅਤੇ ਕ੍ਰਿਪਟੋ ਕੰਰਸੀਆਂ ਨੂੰ ਭਖਦੇ ਮੁੱਦੇ ਦੱਸਿਆ ਜੋ ਦੁਨੀਆ ਦੇ ਮੌਜੂਦਾ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕ੍ਰਿਪਟੋ ਕਰੰਸੀ ਨੂੰ ਸਮਾਜ, ਮਾਲੀ ਅਤੇ ਵਿੱਤੀ ਸਥਿਰਤਾ ਲਈ ਨਵਾਂ ਵਿਸ਼ਾ ਕਰਾਰ ਦਿੱਤਾ ਅਤੇ ਇਸ ਨੂੰ ਨਿਯਮਤ ਬਣਾਉਣ ਲਈ ਆਲਮੀ ਮਾਪਦੰਡ ਬਣਾਉਣ ਦੀ ਮੰਗ ਕੀਤੀ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪਿਆ ਪ੍ਰਧਾਨਗੀ ਦਾ ਚਿੰਨ੍ਹ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਭਵਿੱਖ’ ਸੈਸ਼ਨ ਦੀ ਸਮਾਪਤੀ ‘ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਜੀ-20 ਦੀ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਸੌਂਪਿਆ ਤੇ ਸ਼ੁੱਭ ਇਛਾਵਾਂ ਦਿੱਤੀਆਂ। ਬ੍ਰਾਜ਼ੀਲ ਇਸ ਸਾਲ ਸਰਕਾਰੀ ਤੌਰ ‘ਤੇ ਪਹਿਲੀ ਦਸੰਬਰ ਨੂੰ ਵੱਕਾਰੀ ਗਰੁੱਪ ਦੀ ਪ੍ਰਧਾਨਗੀ ਸੰਭਾਲੇਗਾ। ਬਾਅਦ ‘ਚ ਸਮਾਪਤੀ ਸੈਸ਼ਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਪੂਰੀ ਹਮਾਇਤ ਦਿੰਦਿਆਂ ਆਸ ਪ੍ਰਗਟਾਈ ਕਿ ਜੀ-20 ਦੀ ਬ੍ਰਾਜ਼ੀਲ ਨੂੰ ਪ੍ਰਧਾਨਗੀ ਨਾਲ ਗਰੁੱਪ ਦੇ ਸਾਂਝੇ ਨਿਸ਼ਾਨਿਆਂ ਨੂੰ ਅੱਗੇ ਵਧਾਇਆ ਜਾਵੇਗਾ। ‘ਭਾਰਤ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਬ੍ਰਾਜ਼ੀਲ ਨੂੰ ਸੌਂਪਦਾ ਹੈ। ਸਾਨੂੰ ਭਰੋਸਾ ਹੈ ਕਿ ਉਹ ਪੂਰੇ ਸਮਰਪਣ ਤੇ ਨਜ਼ਰੀਏ ਨਾਲ ਆਲਮੀ ਏਕਤਾ ਤੇ ਖੁਸ਼ਹਾਲੀ ਨੂੰ ਅੱਗੇ ਵਧਾਉਣਗੇ।’

 

RELATED ARTICLES
POPULAR POSTS