ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ ਨੂੰ ਕੌਮੀ ਜਾਂਚ ਏਜੰਸੀ (ਐੱਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਰਾਹੀਂ ਦਿੱਤੀ ਗਈ। ਦਿਨਕਰ ਗੁਪਤਾ 1987 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਦਿਨਕਰ ਗੁਪਤਾ ਨੂੰ 31 ਮਾਰਚ 2024 ਤੱਕ ਐੱਨਆਈਏ ਦਾ ਡਾਇਰੈਕਟਰ ਜਨਰਲ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਗੁਪਤਾ ਨੇ 31 ਮਾਰਚ 2024 ਨੂੰ ਹੀ ਸੇਵਾਮੁਕਤ ਹੋਣਾ ਹੈ। ਇੱਕ ਹੋਰ ਹੁਕਮ ਰਾਹੀਂ ਦੱਸਿਆ ਗਿਆ ਕਿ ਸਵਾਗਤ ਦਾਸ ਨੂੰ ਗ੍ਰਹਿ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ (ਵਧੀਕ ਸੁਰੱਖਿਆ) ਨਿਯੁਕਤ ਕੀਤਾ ਗਿਆ ਹੈ। ਦਾਸ 1987 ਬੈਚ ਦੇ ਛੱਤੀਸਗੜ੍ਹ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਫਿਲਹਾਲ ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਦੇ ਅਹੁਦੇ ‘ਤੇ ਹਨ। ਹੁਕਮ ਵਿੱਚ ਕਿਹਾ ਗਿਆ ਕਿ ਦਾਸ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ 24 ਨਵੰਬਰ 2024 ਤੱਕ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਦਿਨਕਰ ਗੁਪਤਾ ਕੈਪਟਨ ਸਰਕਾਰ ਸਮੇਂ ਪੰਜਾਬ ਦੇ ਡੀਜੀਪੀ ਰਹੇ ਅਤੇ ਉਨ੍ਹਾਂ ਦੀ ਪਤਨੀ ਵਿੰਨੀ ਮਹਾਜਨ ਚੀਫ਼ ਸੈਕਟਰੀ ਸੀ। ਹਾਲਾਂਕਿ ਜਦੋਂ ਕੈਪਟਨ ਦੀ ਜਗ੍ਹਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਹਟਾਉਣ ਦੀ ਤਿਆਰੀ ਸ਼ੁਰੂ ਹੋ ਗਈ ਸੀ, ਜਿਸ ਨੂੰ ਦੇਖਦੇ ਹੋਏ ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ ਸਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …