2 ਮਾਰਚ 2025 ਨੂੰ ਹੋਣਾ ਹੈ ਆਸਕਰ ਐਵਾਰਡ ਸਮਾਰੋਹ
ਮੁੰਬਈ/ਬਿਊਰੋ ਨਿਊਜ਼
ਆਸਕਰ 2025 ਵਿਚ ਫਿਲਮ ‘ਲਾਪਤਾ ਲੇਡੀਜ਼’ ਨੂੰ ਭਾਰਤ ਵਲੋਂ ਅਧਿਕਾਰਤ ਐਂਟਰੀ ਮਿਲੀ ਹੈ। ਫਿਲਮ ਨੂੰ ਵਿਦੇਸ਼ੀ ਫਿਲਮ ਕੈਟੇਗਰੀ ਵਿਚ ਭੇਜਿਆ ਗਿਆ ਹੈ। ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਕਿਰਨ ਰਾਓ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਚੋਣ ਕਮੇਟੀ ਦੇ ਚੇਅਰਮੈਨ ਜਾਹਨੂ ਬਰੂਆ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿੱਕੀ ਕੌਸ਼ਲ ਦੀ ‘ਸੈਮ ਬਹਾਦੁਰ’, ਰਣਬੀਰ ਕਪੂਰ ਦੀ ‘ਐਨੀਮਲ’ ਅਤੇ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਸਮੇਤ 29 ਫਿਲਮਾਂ ਇਸ ਦੌੜ ਵਿਚ ਸਨ, ਜਿਸ ਵਿਚੋਂ ‘ਲਾਪਤਾ ਲੇਡੀਜ਼’ ਨੂੰ ਚੁਣਿਆ ਗਿਆ। 97ਵੇਂ ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ 17 ਜਨਵਰੀ 2025 ਨੂੰ ਕੀਤਾ ਜਾਵੇਗਾ ਅਤੇ ਆਸਕਰ ਐਵਾਰਡ ਸਮਾਰੋਹ 2 ਮਾਰਚ, 2025 ਨੂੰ ਹੋਵੇਗਾ।