ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖਿਆ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
‘ਕਾਂਗਰਸ ਦੇ ਨੇਤਾ ਕੰਨ ਖੋਲ ਕੇ ਸੁਣ ਲੈਣ। ਜੇਕਰ ਹੱਦਾਂ ਨੂੰ ਪਾਰ ਕਰੋਗੇ ਤਾਂ ਇਹ ਮੋਦੀ ਹੈ। ਲੈਣੇ ਦੇ ਦੇਣ ਪੈ ਜਾਣਗੇ।’ ਕਰਨਾਟਕ ਦੇ ਹੁਬਲੀ ਸ਼ਹਿਰ ਵਿਚ 6 ਮਈ ਨੂੰ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਨੂੰ ਲੈ ਕੇ ਕਾਂਗਰਸ ਨੇ ਉਨ੍ਹਾਂ ‘ਤੇ ਗਲਤ ਭਾਸ਼ਾ ਦਾ ਇਸਤੇਮਾਲ ਕਰਨ ਦਾ ਦੋਸ਼ ਲਾਇਆ ਹੈ। ਇਸ ਸਿਲਸਿਲੇ ਵਿਚ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਕ ਚਿੱਠੀ ਲਿਖ ਕੇ ਮੋਦੀ ਖਿਲਾਫ ਸਖਤ ਲਫਜ਼ਾਂ ਵਿਚ ਸ਼ਿਕਾਇਤ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੀਆਂ ਹੱਦਾਂ ਨੂੰ ਪਾਰ ਕਰ ਰਹੇ ਹਨ। ਕਾਂਗਰਸ ਦੀ ਇਸ ਚਿੱਠੀ ਵਿਚ ਮਨਮੋਹਨ ਸਿੰਘ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਸੀਨੀਅਰ ਨੇਤਾਵਾਂ ਦੇ ਵੀ ਹਸਤਾਖਰ ਹਨ। ਮਨਮੋਹਨ ਸਿੰਘ ਨੇ ਚਿੱਠੀ ਵਿਚ ਲਿਖਿਆ, ‘ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਸੰਵਿਧਾਨ ਦੇ ਤਹਿਤ ਇਕ ਵਿਸ਼ੇਸ਼ ਅਹੁਦਾ ਹਾਸਲ ਹੈ। ਉਹ ਕੈਬਨਿਟ ਦੀ ਅਗਵਾਈ ਕਰਦੇ ਹਨ। ਪ੍ਰਧਾਨ ਮੰਤਰੀ ਦੇ ਦਫਤਰ ਦਾ ਕਾਰਜਕਾਰ ਸੰਭਾਲਣ ਸਮੇਂ ਉਹ ਅਹੁਦੇ ਦੀ ਸਹੁੰ ਚੁੱਕਦੇ ਹਨ, ਅਤੀਤ ਵਿਚ ਸਾਰੇ ਪ੍ਰਧਾਨ ਮੰਤਰੀਆਂ ਨੇ ਜਨਤਕ ਜਾਂ ਨਿੱਜੀ ਕੰਮਕਾਜ ਵਿਚ ਇਸ ਦੀ ਮਰਿਆਦਾ (ਸ਼ਾਨ) ਬਣਾਈ ਰੱਖੀ ਹੈ।’ ਸਾਬਕਾ ਪ੍ਰਧਾਨ ਮੰਤਰੀ ਨੇ ਚਿੱਠੀ ਵਿਚ ਲਿਖਿਆ ਕਿ, ‘ਜੋ ਸ਼ਬਦ ਇਸਤੇਮਾਲ ਕੀਤੇ ਗਏ ਹਨ, ਉਹ ਧਮਕਾਉਣ ਅਤੇ ਉਕਸਾਉਣ ਵਾਲੇ ਹਨ। ਇਸ ਦਾ ਮਕਸਦ ਅਪਮਾਨਿਤ ਕਰਨਾ ਅਤੇ ਮਾਹੌਲ ਖਰਾਬ ਕਰਨ ਲਈ ਉਕਸਾਉਣਾ ਹੈ। ਕਾਂਗਰਸ ਇਸ ਦੇਸ਼ ਦੀ ਪੁਰਾਣੀ ਪਾਰਟੀ ਹੈ, ਉਸ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਕਾਂਗਰਸੀ ਨੁਮਾਇੰਦਿਆਂ ਨੇ ਅਜਿਹੀਆਂ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨ ਵਿਚ ਹਮੇਸ਼ਾ ਹੀ ਹਿੰਮਤ ਅਤੇ ਨਿਡਰਤਾ ਦਿਖਾਈ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਨਾ ਤਾਂ ਸਾਡੀ ਪਾਰਟੀ ਅਤੇ ਨਾ ਹੀ ਸਾਡੇ ਨੇਤਾ ਅਜਿਹੀਆਂ ਧਮਕੀਆਂ ਸਾਹਮਣੇ ਝੁਕਣਗੇ।’
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …