ਕਿਹਾ : ਝੜਪ ਦੌਰਾਨ ਕੁੱਝ ਜਵਾਨਾਂ ਨੂੰ ਸੱਟਾਂ ਤਾਂ ਜਰੂਰ ਲੱਗੀਆਂ ਪ੍ਰੰਤੂ ਕਿਸੇ ਦੀ ਜਾਨ ਨਹੀਂ ਗਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ’ਚ ਭਾਰਤ ਅਤੇ ਚੀਨੀ ਫੌਜਾਂ ਦਰਮਿਆਨ ਹੋਈ ਝੜਪ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ’ਚ ਬਿਆਨ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਫੌਜੀ ਜਵਾਨ ਸਰਹੱਦ ’ਤੇ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਦੱਸਿਆ ਕਿ ਚੀਨ ਦੇ ਫੌਜੀਆਂ ਨੇ ਲੰਘੀ 9 ਦਸੰਬਰ ਨੂੰ ਤਵਾਂਗ ਸੈਕਟਰ ’ਚ ਸਥਿਤੀ ਬਦਲਣ ਦੀ ਇਕ ਪਾਸੜ ਕੋਸ਼ਿਸ਼ ਕੀਤੀ ਸੀ, ਜਿਸ ਦਾ ਭਾਰਤੀ ਜਵਾਨਾਂ ਨੇ ਦਿ੍ਰੜ੍ਹਤਾ ਨਾਲ ਜਵਾਬ ਦਿੱਤਾ ਅਤੇ ਚੀਨੀ ਫੌਜੀਆਂ ਨੂੰ ਆਪਣੀਆਂ ਪੋਸਟਾਂ ’ਤੇ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਝੜਪ ’ਚ ਹੱਥੋਪਾਈ ਵੀ ਅਤੇ ਦੋਵੇਂ ਪਾਸੇ ਦੇ ਫੌਜੀ ਜਵਾਨਾਂ ਨੂੰ ਕੁੱਝ ਸੱਟਾਂ ਵੀ ਲੱਗੀਆਂ। ਰਾਜਨਾਥ ਸਿੰਘ ਨੇ ਕਿਹਾ ਪ੍ਰੰਤੂ ਸਾਡਾ ਕੋਈ ਵੀ ਜਵਾਨ ਇਸ ਹੱਥੋਪਾਈ ਦੌਰਾਨ ਸ਼ਹੀਦ ਨਹੀਂ ਹੋਇਆ ਅਤੇ ਨਾ ਹੀ ਕੋਈ ਗੰਭੀਰ ਵਿਚ ਰੂਪ ਵਿਚ ਜਖਮੀ ਹੋਇਆ। ਰਾਜਨਾਥ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਥਾਨਕ ਕਮਾਂਡਰ ਨੇ 11 ਦਸੰਬਰ ਨੂੰ ਆਪਣੇ ਚੀਨੀ ਹਮਰੁਤਬਾ ਨਾਲ ਇਕ ਫਲੈਗ ਮੀਟਿੰਗ ਕੀਤੀ ਅਤੇ ਇਸ ਘਟਨਾ ’ਤੇ ਚਰਚਾ ਕੀਤੀ ਗਈ। ਚੀਨੀ ਪੱਖ ਤੋਂ ਇਸ ਤਰ੍ਹਾਂ ਦੀ ਘਟਨਾ ਤੋਂ ਮਨ੍ਹਾ ਕੀਤਾ ਗਿਆ ਅਤੇ ਕੂਟਨੀਤਕ ਪੱਧਰ ’ਤੇ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ। ਰਾਜਨਾਥ ਸਿੰਘ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸੰਸਦ ਸਾਡੇ ਜਵਾਨਾਂ ਦੇ ਸਾਹਸ ਅਤੇ ਵੀਰਤਾ ਦਾ ਇਕਸੁਰਤਾ ਨਾਲ ਸਮਰਥਨ ਕਰੇਗਾ।