Breaking News
Home / ਪੰਜਾਬ / ਪੰਜਾਬ ਦੇ ਡਾਕਟਰਾਂ ਨੇ ‘ਆਪ’ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਪੰਜਾਬ ਦੇ ਡਾਕਟਰਾਂ ਨੇ ‘ਆਪ’ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਸਿਹਤ ਮੰਤਰੀ ਨੂੰ 15 ਅਗਸਤ ਤੱਕ ਮੁਆਫ਼ੀ ਮੰਗਣ ਜਾਂ ਅਹੁਦਾ ਛੱਡਣ ਦਾ ਅਲਟੀਮੇਟਮ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਡਾਕਟਰਾਂ ਨੇ ਜਲੰਧਰ ‘ਚ ਸੂਬਾ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਈਐੱਮਏ ਤੇ ਸਰਕਾਰੀ ਡਾਕਟਰਾਂ ਸਣੇ ਮੈਡੀਕਲ ਖੇਤਰ ਨਾਲ ਜੁੜੀਆਂ ਕਈ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇੱਕਸੁਰ ਹੁੰਦਿਆਂ ਸੂਬਾ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਕਿ 15 ਅਗਸਤ ਤੱਕ ਸਿਹਤ ਮੰਤਰੀ ਜਨਤਕ ਤੌਰ ‘ਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗਣ ਜਾਂ ਆਪਣਾ ਅਹੁਦਾ ਛੱਡਣ। ਪੰਜਾਬ ਮੈਡੀਕਲ ਕੌਂਸਲ ਦੇ ਡਾ. ਏਕੇ ਸੇਖੋਂ, ਹਸਪਤਾਲ ਬੋਰਡ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ, ਸਾਰਕ ਮੈਡੀਕਲ ਐਸੋਸੀਏਸ਼ਨ ਦੇ ਕਨਵੀਨਰ ਡਾ. ਪਰਮਜੀਤ ਸਿੰਘ ਬਖਸ਼ੀ ਤੇ ਇੰਡੀਅਨ ਮੈਡੀਕਲ ਦੇ ਕੌਮੀ ਮੀਤ ਪ੍ਰਧਾਨ ਡਾ. ਨਵਜੋਤ ਦਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂ ‘ਤੇ ਸੂਬਾ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜ ਹਾਜ਼ਾਰ ਛੋਟੇ-ਵੱਡੇ ਹਸਪਤਾਲ ਹਨ ਜੇ ਪੰਜਾਬ ਸਰਕਾਰ ਇਨ੍ਹਾਂ ਨੂੰ ਹੀ ਸਹੀ ਢੰਗ ਨਾਲ ਚਲਾ ਲਵੇ ਤਾਂ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰੇਕ ਮੁਹੱਲਾ ਕਲੀਨਿਕ ਲਈ 18 ਤੋਂ 20 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਦਕਿ ਪਹਿਲਾਂ ਤੋਂ ਤਿਆਰ ਇਮਾਰਤਾਂ ‘ਤੇ ਸਿਰਫ਼ ਪੇਂਟ ਕਰਵਾਇਆ ਗਿਆ ਹੈ। ਉਨ੍ਹਾਂ ਪੁੱਛਿਆ ਕਿ ਬਾਕੀ ਦੀ ਰਕਮ ਕਿੱਥੇ ਵਰਤੀ ਜਾ ਰਹੀ ਹੈ।
ਡਾਕਟਰਾਂ ਨੇ ਕਿਹਾ ਕਿ ਇਮਾਨਦਾਰ ਸਰਕਾਰ ਹੋਣ ਦਾ ਦਿਖਾਵਾ ਕਰਨ ਵਾਲੀ ‘ਆਪ’ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂ ‘ਤੇ ਵੱਡਾ ਘਪਲਾ ਕਰ ਰਹੀ ਹੈ। ਦਿੱਲੀ ਦੇ ਮੁਹੱਲਾ ਕਲੀਨਿਕਾਂ ਬਾਰੇ ਪੁੱਛੇ ਜਾਣ ‘ਤੇ ਡਾਕਟਰਾਂ ਨੇ ਕਿਹਾ ਕਿ ਉਥੇ ਕੋਈ ਸਰਕਾਰੀ ਖਰਚਾ ਨਹੀਂ ਹੈ। ਦਿੱਲੀ ਇੱਕ ਅਜਿਹਾ ਅਰਧ ਸੂਬਾ ਹੈ, ਜਿਸ ਦੇ ਸਾਰੇ ਖਰਚੇ ਕੇਂਦਰ ਸਰਕਾਰ ਚੁੱਕਦੀ ਹੈ, ਜਦਕਿ ਉਥੋਂ ਇਕੱਠਾ ਹੋਣ ਵਾਲਾ ਟੈਕਸ ਦਿੱਲੀ ਸਰਕਾਰ ਦੇ ਖਾਤੇ ਵਿੱਚ ਜਾਂਦਾ ਹੈ। ਇਸ ਮੌਕੇ ਹਾਜ਼ਰ ਨੁਮਾਇੰਦਿਆਂ ਨੇ ਡਾਕਟਰਾਂ ਦੀ ਨਵੀਂ ਸੰਸਥਾ ਗਲੋਬਲ ਹੀਲਰ ਆਰਗੇਨਾਈਜੇਸ਼ਨ ਦਾ ਗਠਨ ਕਰਦਿਆਂ ਕਿਹਾ ਕਿ ਇਹ ਸੰਸਥਾ ਸਾਰਿਆਂ ਨੂੰ ਨਾਲ ਲੈ ਕੇ ਚੱਲੇਗੀ। ਇਸ ਮੌਕੇ ਡਾ. ਮਨੋਜ ਸੋਬਤੀ ਤੇ ਪੰਜਾਬ ਮੈਡੀਕਲ ਐਸੋਸੀਏਸ਼ਨ ਤੋਂ ਡਾ. ਪਰਮਜੀਤ ਸਿੰਘ ਮਾਨ, ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਦੇ ਮੁਖੀ ਡਾ. ਦਲਜੀਤ ਗਿੱਲ, ਡਾ. ਗਗਨਦੀਪ, ਡਾ. ਮੁਮਤਾਜ਼ ਬਾਲੀ, ਪੀਸੀਐੱਮਏ ਦੇ ਸਾਬਕਾ ਮੀਤ ਪ੍ਰਧਾਨ ਡਾ. ਮਨਜੀਤ ਸਿੰਘ ਤੇ ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਵੀ ਹਾਜ਼ਰ ਸਨ।

Check Also

ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ

ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …