ਸਿੱਖ ਤਾਲਮੇਲ ਕਮੇਟੀ ਨੇ ਪੁਲਿਸ ਕੇਸ ਦਰਜ ਕਰਨ ਦੀ ਕੀਤੀ ਮੰਗ
ਜਲੰਧਰ/ਬਿਊਰੋ ਨਿਊਜ਼ : ਜਲੰਧਰ ‘ਚ ਪੈਂਦੇ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਚ ਸਿੱਖ ਵਿਦਿਆਰਥੀ ਦੇ ਹੱਥ ਵਿਚੋਂ ਕੜਾ ਲੁਹਾਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸਿੱਖ ਤਾਲਮੇਲ ਕਮੇਟੀ ਨੇ ਕਿਹਾ ਕਿ ਕੜਾ ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ਾਮਲ ਹੈ।
ਸਿੱਖ ਨੌਜਵਾਨ ਦੇ ਹੱਥ ਵਿਚੋਂ ਕੜਾ ਲੁਹਾਉਣ ਦੀ ਘਟਨਾ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜਿਸ ਵੀ ਅਧਿਆਪਕ ਨੇ ਅਜਿਹਾ ਕੀਤਾ ਹੈ, ਉਸਦੇ ਖਿਲਾਫ ਪੁਲਿਸ ਕੇਸ ਦਰਜ ਹੋਣਾ ਚਾਹੀਦਾ ਹੈ। ਇਸੇ ਦੌਰਾਨ ਸਿਟੀ ਗਰੁੱਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੜਾ ਲੁਹਾਉਣ ਵਾਲੀ ਅਧਿਆਪਕਾ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਿਟੀ ਗਰੁੱਪ ਦੀ ਸਿੱਖਿਆ ਸੰਸਥਾ ਵਿਚ ਸਿੱਖ ਨੌਜਵਾਨ ਦੇ ਹੱਥ ਵਿਚੋਂ ਕੜਾ ਲੁਹਾਉਣ ਦੀ ਇਹ ਦੂਜੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਿਟੀ ਗਰੁੱਪ ਦੇ ਸ਼ਾਹਪੁਰ ਕੈਂਪਸ ਵਿਚ ਵੀ ਸਿੱਖ ਨੌਜਵਾਨ ਦੇ ਹੱਥ ਵਿਚੋਂ ਕੜਾ ਉਤਰਵਾਇਆ ਗਿਆ ਸੀ।