Breaking News
Home / ਪੰਜਾਬ / 1991 ਵਿਚ ਪੀਲੀਭੀਤ ‘ਚ ਫਰਜ਼ੀ ਮੁਕਾਬਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਐਸਜੀਪੀਸੀ ਨੇ ਦਿੱਤੇ ਇਕ-ਇਕ ਲੱਖ ਰੁਪਏ ਬਾਕੀ ਰਹਿੰਦੇ ਪਰਿਵਾਰਾਂ ਤੱਕ ਵੀ ਪਹੁੰਚ ਕਰੇਗੀ ਐਸਜੀਪੀਸੀ

1991 ਵਿਚ ਪੀਲੀਭੀਤ ‘ਚ ਫਰਜ਼ੀ ਮੁਕਾਬਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਐਸਜੀਪੀਸੀ ਨੇ ਦਿੱਤੇ ਇਕ-ਇਕ ਲੱਖ ਰੁਪਏ ਬਾਕੀ ਰਹਿੰਦੇ ਪਰਿਵਾਰਾਂ ਤੱਕ ਵੀ ਪਹੁੰਚ ਕਰੇਗੀ ਐਸਜੀਪੀਸੀ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 1991 ਵਿਚ ਪੀਲੀਭੀਤ (ਉੱਤਰ ਪ੍ਰਦੇਸ਼) ਵਿੱਚ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਮਾਰੇ ਗਏ 11 ਸਿੱਖਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ। ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਵਿਚ ਪਿੰਡ ਖਹਿਰਾ ਦੇ ਸ਼ਹੀਦ ਭਾਈ ਕਰਤਾਰ ਸਿੰਘ, ਪਿੰਡ ਮਾਨੇਪੁਰ ਦੇ ਭਾਈ ਸੁਰਜਨ ਸਿੰਘ, ਪਿੰਡ ਸਤਕੋਹਾ ਦੇ ਭਾਈ ਹਰਮਿੰਦਰ ਸਿੰਘ ਅਤੇ ਪਿੰਡ ਰੌੜ ਖਹਿਰਾ ਦੇ ਭਾਈ ਸੁਖਵਿੰਦਰ ਸਿੰਘ ਦੇ ਪਰਿਵਾਰ ਸ਼ਾਮਲ ਹਨ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਾਮਲ ਹੁੰਦਿਆਂ ਹਰ ਸੰਭਵ ਸਹਾਇਤਾ ਦੇਣ ਲਈ ਸਰਗਰਮ ਹੈ।
1991 ਵਿਚ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ 11 ਸਿੱਖਾਂ ਦੇ ਪਰਿਵਾਰਾਂ ਵਿੱਚੋਂ 4 ਦੇ ਪਰਿਵਾਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਹਾਇਤਾ ਦਿੱਤੀ ਗਈ ਹੈ। ਬਾਕੀ ਰਹਿੰਦੇ ਪਰਿਵਾਰਾਂ ਤੱਕ ਵੀ ਸ਼੍ਰੋਮਣੀ ਕਮੇਟੀ ਪਹੁੰਚ ਕਰੇਗੀ । ਦੱਸਣਯੋਗ ਹੈ ਕਿ 1991 ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਧਾਰਮਿਕ ਯਾਤਰਾ ਤੋਂ ਵਾਪਸ ਪਰਤ ਰਹੇ ਸਿੱਖ ਸ਼ਰਧਾਲੂਆਂ ਨੂੰ ਪੀਲੀਭੀਤ ਇਲਾਕੇ ਵਿਚ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਹੋਰ ਸਿੱਖ ਮਸਲਿਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦਾ ਵਫਦ ਰਾਸ਼ਟਰਪਤੀ ਨੂੰ ਵੀ ਮਿਲਿਆ ਹੈ ਅਤੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਮੁੱਖ ਸਕੱਤਰ ਹਰਚਰਨ ਸਿੰਘ, ਸੱਕਤਰ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਹਰਭਜਨ ਸਿੰਘ, ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਆਦਿ ਹਾਜ਼ਰ ਸਨ।

ਪੀਲੀਭੀਤ ਜੇਲ੍ਹ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਮੱਦਦ ਮਿਲੇ
ਅੰਮ੍ਰਿਤਸਰ : 1991 ਵਿੱਚ ਪੀਲੀਭੀਤ ਵਿੱਚ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਸਿੱਖਾਂ ਦੇ ਚਾਰ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ ਇਕ ਲੱਖ ਰੁਪਏ ਦੀ ਮਦਦ ਦੇਣ ਦੀ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ 1994 ਵਿਚ ਪੀਲੀਭੀਤ ਜੇਲ੍ਹ ‘ਚ ਤਸ਼ੱਦਦ ਕਾਰਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਨੇ ਦੁੱਖ ਪ੍ਰਗਟ ਕੀਤਾ ਸੀ ਕਿ ਮਦਦ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਪੀਲੀਭੀਤ ਜੇਲ੍ਹ ਵਿੱਚ 1994 ਵਿੱਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਪੂਰੀ ਹਮਦਰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਨ੍ਹਾਂ ਦੀ ਸਹਾਇਤਾ ਕੀਤੀ ਗਈ ਸੀ ਅਤੇ ਅਗਾਂਹ ਵੀ ਪੀੜਤਾਂ ਦੀ ਲੋੜ ਮੁਤਾਬਕ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਅਤੇ ਨਿੱਜੀ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਜ਼ਿੰਮੇਵਾਰੀ ਸੌਂਪਦਿਆਂ ਪੀੜਤ ਪਰਿਵਾਰਾਂ ਨੂੰ ਆਖਿਆ ਕਿ ਉਹ ਬਿਨਾ ਝਿਜਕ ਇਨ੍ਹਾਂ ਅਧਿਕਾਰੀਆਂ ਨੂੰ ਮਿਲ ਸਕਦੇ ਹਨ। ਪੁਲਿਸ ਤਸ਼ੱਦਦ ਕਾਰਨ ਅਪਾਹਜ ਹੋ ਚੁੱਕੇ ਤਰਲੋਕ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਚੱਲ ਰਹੇ ਕੇਸ ਸਬੰਧੀ ਚਾਰ ਪਰਿਵਾਰਾਂ ਵੱਲੋਂ ਅਲਾਹਾਬਾਦ ਹਾਈਕੋਰਟ ਵਿੱਚ ਹਲਫੀਆ ਬਿਆਨ ਦਾਇਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਵਿੱਚੋਂ ਸਿਰਫ ਚਾਰ ਦਾ ਹੀ ਪਤਾ ਲੱਗ ਸਕਿਆ ਹੈ। ਇਨ੍ਹਾਂ ਵਿਚੋਂ ਤੇਜ ਕੌਰ (80) ਦਾ ਬੇਟਾ ਬਚਿੱਤਰ ਸਿੰਘ ਮਾਰਿਆ ਗਿਆ ਸੀ। ਇਹ ਔਰਤ ਅੰਮ੍ਰਿਤਸਰ ਨੇੜੇ ਭਗਵਾਨਪੁਰਾ ਵਿਚ ਰਹਿ ਰਹੀ ਹੈ ਅਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਕ ਹੋਰ ਮ੍ਰਿਤਕ ਤਰਸੇਮ ਸਿੰਘ ਦਾ ਬੇਟਾ ਗੁਰਮਿੰਦਰ ਸਿੰਘ ਪਿੰਡ ਛੀਨਾ ਵਿੱਚ ਛੋਟਾ ਮੋਟਾ ਕੰਮ ਕਰਦਾ ਹੈ। ਤੀਜਾ ਪਰਿਵਾਰ ਕਾਰਜ ਸਿੰਘ ਦਾ ਹੈ। ਕਾਰਜ ਸਿੰਘ ਦਾ ਉਸ ਵੇਲੇ ਵਿਆਹ ਨਹੀਂ ਹੋਇਆ ਸੀ। ਉਸ ਦੇ ਛੋਟੇ ਭਰਾ ਕੁਲਦੀਪ ਸਿੰਘ ਵੱਲੋਂ ਇਸ ਸਬੰਧੀ ਹਲਫੀਆ ਬਿਆਨ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ। ਮਾਰੇ ਗਏ ਸਿੱਖ ਵਿਅਕਤੀਆਂ ਵਿੱਚ ਤਰਸੇਮ ਸਿੰਘ ਦਾ ਭਰਾ ਵੀ ਸ਼ਾਮਲ ਸੀ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …