ਅਜਨਾਲਾ ’ਚ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਭਜਾਇਆ ਡਰੋਨ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ ਵਧੀ ਹੋਈ ਹੈ ਅਤੇ ਲੰਘੇ 15 ਦਿਨਾਂ ’ਚ ਕਈ ਵਾਰ ਡਰੋਨ ਸਰਹੱਦ ’ਤੇ ਮੰਡਰਾਉਂਦੇ ਦੇਖੇ ਗਏ ਹਨ। ਤਿਉਹਾਰਾਂ ਦੇ ਚੱਲਦਿਆਂ ਸੁਰੱਖਿਆ ਏਜੰਸੀਆਂ ਦੇ ਕਹਿਣ ’ਤੇ ਭਾਰਤ-ਪਾਕਿਸਤਾਨ ਸਰਹੱਦ ’ਤੇ ਚੌਕਸੀ ਨੂੰ ਵਧਾਇਆ ਗਿਆ ਹੈ। ਇਸਦੇ ਬਾਵਜੂਦ ਵੀ ਪਾਕਿਸਤਾਨ ਵਲੋਂ ਲਗਾਤਾਰ ਡਰੋਨ ਭਾਰਤ ਵਾਲੇ ਪਾਸੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਵੀ ਅੰਮਿ੍ਰਤਸਰ ਦੇ ਅਜਨਾਲਾ ਸਰਹੱਦੀ ਖੇਤਰ ਵਿਚ ਡਰੋਨ ਦੀ ਹਲਚਲ ਦੇਖੀ ਗਈ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਇਸ ਡਰੋਨ ਨੂੰ ਵਾਪਸ ਪਾਕਿਸਤਾਨ ਵਾਲੇ ਭੇਜ ਦਿੱਤਾ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿਚ ਤਲਾਸ਼ੀ ਅਭਿਆਨ ਵੀ ਚਲਾਇਆ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਵੀ ਡਰੋਨ ਦੇਖਿਆ ਗਿਆ ਅਤੇ ਬੀਐਸਐਫ ਦੇ ਜਵਾਨਾਂ ਨੇ 37 ਰਾੳੂੁਂਡ ਫਾਇਰ ਕਰਕੇ ਡਰੋਨ ਨੂੰ ਭਜਾ ਦਿੱਤਾ। ਬੀਐਸਐਫ ਦੇ ਜਵਾਨਾਂ ਵਲੋਂ 12 ਰੋਸ਼ਨੀ ਦੇ ਬੰਬ ਵੀ ਛੱਡੇ ਗਏ। ਦੱਸਿਆ ਗਿਆ ਕਿ ਇਹ ਡਰੋਨ ਭਾਰਤੀ ਸਰਹੱਦ ਦੇ 10 ਕਿਲੋਮੀਟਰ ਅੰਦਰ ਤੱਕ ਆ ਗਿਆ ਸੀ। ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਵਲੋਂ ਪੂਰੇ ਇਲਾਕੇ ਵਿਚ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਹੈ।