ਨਵਜੋਤ ਸਿੱਧੂ ਨੇ ਕਿਹਾ, ਪੰਜਾਬ ਲਈ ਅੱਜ ਦਾ ਦਿਨ ਇਤਿਹਾਸਕ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ਾਇਰ ਤੇ ਸਾਹਿਤਕ ਜਗਤ ਦੀ ਉੱਚ ਕੋਟੀ ਦੀ ਸਖਸ਼ੀਅਤ ਡਾ. ਸੁਰਜੀਤ ਪਾਤਰ ਨੇ ਅੱਜ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਡਾ. ਨੀਲਮ ਮਾਨ ਸਿੰਘ ਨੇ ਪ੍ਰੀਸ਼ਦ ਦੇ ਸੀਨੀਅਰ ਵਾਈਸ ਚੇਅਰਪਰਸਨ ਵਜੋਂ ਵੀ ਅਹੁਦਾ ਸੰਭਾਲ ਲਿਆ। ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿੱਚ ਹੋਏ ਸਮਾਰੋਹ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ, ਡਾ.ਰਾਜ ਕੁਮਾਰ ਵੇਰਕਾ, ਪਰਮਿੰਦਰ ਸਿੰਘ ਪਿੰਕੀ, ਪਰਗਟ ਸਿੰਘ ਹਾਜ਼ਰ ਹੋਏ।
ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ ਜਦੋਂ ਸਾਹਿਤ, ਸੱਭਿਆਚਾਰ, ਮਾਂ ਬੋਲੀ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਕੰਮ ਕਰਦੀ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਡਾ. ਸੁਰਜੀਤ ਪਾਤਰ ਨੇ ਸੰਭਾਲੀ ਹੈ। ਸਿੱਧੂ ਨੇ ਵਿਸ਼ਵਾਸ ਪ੍ਰਗਟਾਇਆ ਕਿ ਡਾ. ਪਾਤਰ ਦੀ ਅਗਵਾਈ ਵਿੱਚ ਸੂਬੇ ਵਿੱਚ ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਨੌਜਵਾਨਾਂ ਲਈ ਅਜਿਹੀ ਲੋਕ ਲਹਿਰ ਉਸਾਰੀ ਜਾਵੇਗੀ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾਵੇਗਾ। ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਮਾਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ। ਪੰਜਾਬੀ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਨੂੰ ਮੁੱਖ ਤਰਜੀਹ ਦੇਣਗੇ।