Breaking News
Home / ਪੰਜਾਬ / ਸ੍ਰੀ ਦਰਬਾਰ ਸਾਹਿਬ ਨੇੜੇ ਪੰਜ ਦਿਨਾਂ ਵਿਚ ਹੋਏ ਤਿੰਨ ਧਮਾਕੇ

ਸ੍ਰੀ ਦਰਬਾਰ ਸਾਹਿਬ ਨੇੜੇ ਪੰਜ ਦਿਨਾਂ ਵਿਚ ਹੋਏ ਤਿੰਨ ਧਮਾਕੇ

ਧਮਾਕੇ ਦਾ ਕਾਰਨ ਭੇਤ ਬਣਿਆ; ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਘਟਨਾ ਸਥਾਨ ਦੀ ਜਾਂਚ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਹੈਰੀਟੇਜ ਸਟਰੀਟ ਵਿੱਚ ਸ਼ਨੀਵਾਰ ਦੀ ਰਾਤ ਨੂੰ ਹੋਇਆ ਧਮਾਕਾ ਫਿਲਹਾਲ ਭੇਤ ਬਣਿਆ ਹੋਇਆ ਹੈ।
ਇਸ ਧਮਾਕੇ ਨਾਲ ਇਮਾਰਤ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਕਾਰਨ ਹੈਰੀਟੇਜ ਸਟਰੀਟ ਵਿੱਚ ਆਏ ਕੁਝ ਯਾਤਰੀ ਜ਼ਖ਼ਮੀ ਹੋ ਗਏ। ਇਕ ਘਟਨਾ ਸ਼ਨੀਵਾਰ ਰਾਤ ਕਰੀਬ 12 ਵਜੇ ਵਾਪਰੀ।
ਹੈਰੀਟੇਜ ਸਟਰੀਟ ਵਿੱਚ ਸਾਰਾਗੜ੍ਹੀ ਨਿਵਾਸ ਦੇ ਸਾਹਮਣੇ ਪਾਰਕਿੰਗ ਵਿੱਚ ਹੋਏ ਧਮਾਕੇ ਕਾਰਨ ਇੱਥੇ ਲੱਗੇ ਸ਼ੀਸ਼ੇ ਟੁੱਟ ਗਏ। ਸ਼ੀਸ਼ਿਆਂ ਦੀਆਂ ਕੰਕਰਾਂ ਵੱਜਣ ਕਾਰਨ ਕੁਝ ਯਾਤਰੀ ਜ਼ਖਮੀ ਹੋਏ ਹਨ। ਮੌਕੇ ‘ਤੇ ਹਾਜ਼ਰ ਲੋਕਾਂ ਮੁਤਾਬਿਕ ਰਾਤ ਵੇਲੇ ਧਮਾਕਾ ਹੋਇਆ ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਅੱਗ ਨਿਕਲੀ ਅਤੇ ਫਿਰ ਧੂੰਆਂ ਹੀ ਧੂੰਆਂ ਹੋ ਗਿਆ।
ਹੈਰੀਟੇਜ ਸਟਰੀਟ ਵਿੱਚ ਇਕ ਹੋਰ ਧਮਾਕਾ
ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਪਹਿਲੇ ਧਮਾਕੇ ਤੋਂ ਸਿਰਫ਼ 30 ਘੰਟੇ ਦੇ ਵਕਫ਼ੇ ਦੌਰਾਨ ਹੀ ਦੂਜੀ ਵਾਰ ਧਮਾਕਾ ਹੋਇਆ ਹੈ। ਲੇਕਿਨ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਆਖਿਆ ਕਿ ਧਮਾਕੇ ਮਗਰੋਂ ਵਿਰਾਸਤੀ ਮਾਰਗ ਵਿੱਚ ਚੌਕਸੀ ਵਧਾ ਦਿੱਤੀ ਹੈ ਅਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹੈਰੀਟੇਜ ਸਟਰੀਟ ਵਿੱਚ ਸਾਰਾਗੜ੍ਹੀ ਪਾਰਕਿੰਗ ਵਿੱਚ ਸੋਮਵਾਰ ਸਵੇਰੇ ਲਗਭਗ ਸਾਢੇ ਛੇ ਵਜੇ ਮੁੜ ਧਮਾਕਾ ਹੋਇਆ ਜਿਸ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਤੇ ਕਾਰ ਦੇ ਸ਼ੀਸ਼ੇ ਟੁੱਟ ਗਏ।
ਧਮਾਕਿਆਂ ਸਬੰਧੀ 5 ਵਿਅਕਤੀ ਹਿਰਾਸਤ ‘ਚ ਲਏ : ਡੀਜੀਪੀ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਬੁੱਧਵਾਰ ਰਾਤ ਸਮੇਂ ਇਕ ਹੋਰ (ਤੀਜਾ) ਧਮਾਕਾ ਹੋਇਆ। ਇਹ ਧਮਾਕਾ ਰਾਤ ਸਾਢੇ 12 ਵਜੇ ਹੋਇਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਰਾਤ ਵੇਲੇ ਸਵਾ ਬਾਰਾਂ ਤੋ ਸਾਢੇ ਬਾਰਾਂ ਵਜੇ ਵਿਚਾਲੇ ਹੋਇਆ। ਧਮਾਕੇ ਦੀ ਤੇਜ਼ ਅਤੇ ਜ਼ੋਰਦਾਰ ਅਵਾਜ਼ ਸੀ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜ ਗਈ ਸੀ ਪਰ ਹਨ੍ਹੇਰਾ ਹੋਣ ਕਾਰਨ ਰਾਤ ਵੇਲੇ ਜਾਂਚ ਕਰਨ ਵਿਚ ਮੁਸ਼ਕਲ ਆਈ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਐਤਵਾਰ ਤੋਂ ਲੈ ਕੇ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤਿੰਨ ਧਮਾਕੇ ਹੋਏ ਹਨ। ਦੋ ਧਮਾਕੇ ਸਾਰਾਗੜ੍ਹੀ ਸਰਾਂ ਵਿਖੇ ਹੋਏ ਸਨ। ਪਹਿਲਾਂ ਹੋਏ ਇਨ੍ਹਾਂ ਦੋ ਧਮਾਕਿਆਂ ਦੀ ਜਾਂਚ ਪੁਲਿਸ ਤੋਂ ਇਲਾਵਾ ਕੌਮੀ ਸੁਰੱਖਿਆ ਏਜੰਸੀ ਵੱਲੋਂ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਦੇ ਕਾਰਨ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

 

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …