24.8 C
Toronto
Wednesday, September 17, 2025
spot_img
Homeਪੰਜਾਬਕਟਾਰੂਚੱਕ ਮਾਮਲੇ ਦੀ ਜਾਂਚ ਲਈ ਡੀਆਈਜੀ ਦੀ ਅਗਵਾਈ ਹੇਠ 'ਸਿਟ' ਕਾਇਮ

ਕਟਾਰੂਚੱਕ ਮਾਮਲੇ ਦੀ ਜਾਂਚ ਲਈ ਡੀਆਈਜੀ ਦੀ ਅਗਵਾਈ ਹੇਠ ‘ਸਿਟ’ ਕਾਇਮ

ਪੀੜਤ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਮੰਤਰੀ ‘ਤੇ ਲਾਏ ਸਨ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਲੱਗੇ ਆਰੋਪਾਂ ਦੀ ਪੜਤਾਲ ਲਈ ਡੀਆਈਜੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਗਈ ਹੈ।
ਗੁਰਦਾਸਪੁਰ ਦੇ ਐੱਸਐੱਸਪੀ ਡੀ. ਹਰੀਸ਼ ਕੁਮਾਰ ਅਤੇ ਪਠਾਨਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਐੱਚ ਪੀ ਐੱਸ ਖੱਖ ਨੂੰ ਸਿਟ ਦਾ ਮੈਂਬਰ ਬਣਾਇਆ ਗਿਆ ਹੈ। ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਦਫ਼ਤਰ ਵੱਲੋਂ ਸਿਟ ਦੇ ਗਠਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ ਜਾਰੀ ਹੁਕਮਾਂ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਸ਼ਿਕਾਇਤਕਰਤਾ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਇਤਰਾਜ਼ਯੋਗ ਵੀਡੀਓ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪਦਿਆਂ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਜਲੰਧਰ ਦੀ ਜ਼ਿਮਨੀ ਚੋਣ ਦਾ ਸਿਆਸੀ ਮੈਦਾਨ ਭਖਿਆ ਹੋਣ ਕਰਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮੁੱਦੇ ਨੂੰ ਤੂਲ ਦਿੱਤਾ ਗਿਆ।
ਇਹ ਮਾਮਲਾ ਪਹਿਲਾਂ ਤਾਂ ਦੱਬਿਆ ਰਿਹਾ ਪਰ ਅਚਾਨਕ ਹੀ ਇਕ ਵਿਅਕਤੀ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਕਰਕੇ ਮੰਤਰੀ ‘ਤੇ ਧਮਕੀਆਂ ਦੇਣ ਦੇ ਆਰੋਪ ਲਾਏ ਸਨ।
ਇਸ ਮਗਰੋਂ ਕਮਿਸ਼ਨ ਦੇ ਚੇਅਰਮੈਨ ਵਿਜੈ ਕੁਮਾਰ ਸਾਂਪਲਾ ਸਰਗਰਮ ਹੋ ਗਏ ਅਤੇ ਉਨ੍ਹਾਂ ਪੰਜਾਬ ਪੁਲਿਸ ਤੋਂ ਕਾਰਵਾਈ ਰਿਪੋਰਟ ਮੰਗੀ ਸੀ। ਸਾਂਪਲਾ ਦੇ ਹੁਕਮਾਂ ‘ਤੇ ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਪੀੜਤ ਵਿਅਕਤੀ ਨੇ ਇੱਕ ਵੀਡੀਓ ਸੁਨੇਹੇ ਅਤੇ ਪੱਤਰ ਵਿੱਚ ਇਨਸਾਫ਼ ਦੇ ਨਾਲ-ਨਾਲ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਸਬੰਧਤ ਮੰਤਰੀ ਹੁਣ ਉਸ (ਪੀੜਤ) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਡਰਿਆ ਹੋਇਆ ਹੈ ਅਤੇ ਘਰੋਂ ਭੱਜ ਗਿਆ ਹੈ ਕਿਉਂਕਿ ਮੰਤਰੀ ਵੱਲੋਂ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਜਿਨਸੀ ਦੁਰਵਿਹਾਰ ਲਈ ਮੰਤਰੀ ਵਿਰੁੱਧ ਕਾਰਵਾਈ ਕਰਨ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ।
ਕਮਿਸ਼ਨ ਅਨੁਸਾਰ ਪੀੜਤ, ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ, ਨੇ ਘਟਨਾ ਦਾ ਵਰਣਨ ਕਰਦੇ ਹੋਏ ਕਿਹਾ ਕਿ 2013-14 ਵਿੱਚ ਕਟਾਰੂਚੱਕ ਨੇ ਫੇਸਬੁੱਕ ‘ਤੇ ਉਸ ਨਾਲ ਸੰਪਰਕ ਬਣਾਇਆ ਸੀ ਜਿਸ ਮਗਰੋਂ ਕਟਾਰੂਚੱਕ ਨੇ ਕਥਿਤ ਤੌਰ ‘ਤੇ ਉਸ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਆਰੋਪ ਲਾਇਆ ਕਿ ਕਟਾਰੂਚੱਕ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ ਅਤੇ ਉਸ ਨੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਉਹ ਗਲਤ ਕੰਮਾਂ ਬਾਰੇ ਚੁੱਪ ਰਿਹਾ। ਉਸ ਮੁਤਾਬਕ ਜਿਨਸੀ ਵਧੀਕੀਆਂ 2021 ਤੱਕ ਜਾਰੀ ਰਹੀਆਂ ਸਨ।
ਗ੍ਰਹਿ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਖ਼ੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਹਿ ਵਿਭਾਗ ਨੂੰ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੀੜਤ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਸੀ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ 15 ਦਿਨਾਂ ਦੇ ਨਿਰਧਾਰਿਤ ਸਮੇਂ ਅੰਦਰ ਕਮਿਸ਼ਨ ਨੂੰ ਸੌਂਪ ਦਿੱਤੀ ਜਾਵੇਗੀ।

 

RELATED ARTICLES
POPULAR POSTS