ਮਜੀਠੀਆ ਜਲਦੀ ਹੋਵੇਗਾ ਜੇਲ੍ਹ ਦੇ ਅੰਦਰ : ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਡਰੱਗ ਮਾਮਲੇ ’ਚ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਕੇਂਦਰ ਸਰਕਰ ਦੀ ਮਦਦ ਨਾਲ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਹੀਂ ਸਾਰੇ ਏਅਰਪੋਰਟਾਂ, ਬੰਦਰਗਾਹਾਂ ਅਤੇ ਹੋਰ ਥਾਵਾਂ ’ਤੇ ਅਲਰਟ ਜਾਰੀ ਕਰ ਦਿੱਤਾ। ਜੇਕਰ ਬਿਕਰਮ ਸਿੰਘ ਮਜੀਠੀਆ ਭੱਜਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਗਿ੍ਰਫ਼ਤਾਰ ਕੀਤਾ ਜਾ ਸਕੇ। ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜਲਦੀ ਹੀ ਜੇਲ੍ਹ ਅੰਦਰ ਹੋਵੇਗਾ। ਉਨ੍ਹਾਂ ਕਿਹਾ ਕਿ ‘ਰੱਬ ਦੇ ਘਰ ਦੇਰ ਹੈ ਹਨੇਰ ਨਹੀਂ।’ ਕਿੰਨੇ ਲੰਬੇ ਸਮੇਂ ਤੱਕ ਅਸੀਂ ਪੰਜਾਬ ਦੀ ਜਵਾਨੀ ਅਤੇ ਉਜੜੀਆਂ ਕੁੱਖਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਅਸੀਂ ਇਸ ਵਿਚ ਸਫ਼ਲ ਹੋਏ ਹਾਂ। ਧਿਆਨ ਰਹੇ ਕਿ ਮਜੀਠੀਆ ਖਿਲਾਫ਼ ਲੰਘੇ ਸੋਮਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਪੁਲਿਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ ਪ੍ਰੰਤੂ ਪੁਲਿਸ ਹਾਲੇ ਤੱਕ ਉਨ੍ਹਾਂ ਨੂੰ ਗਿ੍ਰਫ਼ਤਾਰ ਨਹੀਂ ਕਰ ਸਕੀ। ਪੁਲਿਸ ਟੀਮ ਹੁਣ ਤੱਕ 16 ਥਾਵਾਂ ’ਤੇ ਰੇਡ ਕਰ ਚੁੱਕੀ ਹੈ ਪ੍ਰੰਤੂ ਮਜੀਠੀਆ ਬਾਰੇ ਕੋਈ ਪਤਾ ਨਹੀਂ ਲਗਾ ਸਕੀ, ਸ਼ੱਕ ਇਹ ਵੀ ਕੀਤਾ ਜਾ ਰਿਹਾ ਹੈ ਕਿ ਕਿਤੇ ਮਜੀਠੀਆ ਵਿਦੇਸ਼ ਹੀ ਨਾ ਭੱਜ ਗਏ ਹੋਣ। ਹੁਣ ਮਜੀਠੀਆ ਦੇ ਨਜ਼ਦੀਕੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਤਾਂ ਕਿ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋਂ ਇਲਾਵਾ ਐਸ ਟੀ ਐਫ ਦੀ ਰਿਪੋਰਟ ’ਚ ਦਰਜ ਆਗੂਆਂ ਕੋਲੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।