ਕਿਹਾ : ਕੈਪਟਨ ਅਮਰਿੰਦਰ ਨੇ ਸਾਢੇ ਚਾਰ ਸਾਲ ਭਾਜਪਾ ਦੇ ਇਸ਼ਾਰਿਆਂ ’ਤੇ ਕੀਤਾ ਕੰਮ
ਅੰਮਿ੍ਰਤਸਰ/ਬਿਊਰੋ ਨਿਊਜ਼
ਮਜੀਠੀਆ ਖਿਲਾਫ਼ ਦਰਜ ਕੀਤੇ ਗਏ ਮਾਮਲੇ ਨੂੰ ਗਲਤ ਦੱਸਣ ’ਤੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਸਿਆਸੀ ਹਮਲਾ ਕੀਤਾ। ਸਿੱਧੂ ਨੇ ਕਿਹਾ ਕਿ ਕੈਪਟਨ ਭਾਵੇਂ ਸਾਡੀ ਸਰਕਾਰ ਦੇ ਸਾਢੇ ਚਾਰ ਸਾਲ ਮੁੱਖ ਮੰਤਰੀ ਰਹੇ ਪ੍ਰੰਤੂ ਉਨ੍ਹਾਂ ਨੇ ਹਰ ਕੰਮ ਭਾਜਪਾ ਦੇ ਇਸ਼ਾਰਿਆਂ ’ਤੇ ਹੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਖਿਲਾਫ਼ ਦਰਜ ਕੀਤੇ ਮਾਮਲੇ ’ਤੇ ਸਵਾਲ ਚੁੱਕ ਰਹੇ ਹਨ ਪ੍ਰੰਤੂ ਉਨ੍ਹਾਂ ਸਾਢੇ ਚਾਰ ਸਾਲ ਇਸ ਮਾਮਲੇ ਲੈ ਕੇ ਕੁੱਝ ਨਹੀਂ ਕੀਤਾ, ਕਿਉਂਕਿ ਕੈਪਟਨ ਖੁਦ ਹੀ ਅਕਾਲੀਆਂ ਨੂੰੂ ਬਚਾਉਂਦਾ ਰਿਹਾ। ਹੁਣ ਤੱਕ ਕੈਪਟਨ ਅਤੇ ਬਾਦਲ ਇਕ ਦੂਜੇ ਦਾ ਸਾਥ ਦਿੰਦੇ ਆ ਰਹੇ ਹਨ ਅਤੇ ਹੁਣ ਇਨ੍ਹਾਂ ਦੋਵਾਂ ਦੀ ਸਾਂਝ ਲੋਕਾਂ ਸਾਹਮਣੇ ਆ ਚੁੱਕੀ ਹੈ, ਜਿਸ ਦੀ ਇਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ। ਮਜੀਠੀਆ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਮੇਰਾ ਅਸਤੀਫ਼ਾ ਵਾਪਸ ਲੈਣ ਦਾ ਮੁੱਲ ਪਿਆ ਹੈ ਕਿਉਂਕਿ ਮੈਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਅਵਾਜ਼ ਬੁਲੰਦ ਕੀਤੀ ਹੈ। ਸਿੱਧੂ ਨੇ ਕਿਹਾ ਕਿ ਅਸੀਂ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇਕ ਲੰਬੀ ਲੜਾਈ ਜਿਸ ਦੇ ਚਲਦਿਆਂ ਪੰਜਾਬ ਦਾ ਮੁੱਖ ਮੰਤਰੀ ਵੀ ਬਦਲਿਆ ਗਿਆ। ਸਿੱਧੂ ਨੇ ਫਿਰ ਦੁਹਰਾਇਆ ਕਿ ਜੇ ਉਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਤਾਂ ਉਹ ਸਾਰਾ ਕੁੱਝ ਬਦਲ ਸਕਦੇ ਹਨ ਕਿਉਂਕਿ ਵਿਆਪਕ ਰੋਡਮੈਪ ਨਾਲ ਹੀ ਪੰਜਾਬ ਨੂੰ ਬਦਲਿਆ ਜਾ ਸਕਦਾ ਹੈ।