ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਆਰੋਪੀ ਦਾ ਨਾਭਾ ਜੇਲ੍ਹ ‘ਚ ਕਤਲ
ਨਾਭਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬੇਅਦਬੀ ਮਾਮਲਿਆਂ ਦੇ ਮੁੱਖ ਸਾਜਿਸ਼ਕਾਰੀਆਂ ਵਿਚੋਂ ਇਕ ਮਹਿੰਦਰਪਾਲ ਬਿੱਟੂ ਦੀ ਦੋ ਸਿੱਖ ਨੌਜਵਾਨ ਕੈਦੀਆਂ ਨੇ ਇੱਟਾਂ ਮਾਰ-ਮਾਰ ਕੇ ਜੇਲ੍ਹ ਦੇ ਅੰਦਰ ਹੀ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਵਾਪਰੀ। ਬਿੱਟੂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜੇਲ੍ਹ ਵਿੱਚ ਕਤਲ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਦੋ ਸਿੱਖ ਨੌਜਵਾਨ ਗੁਰਸੇਵਕ ਸਿੰਘ ਵਾਸੀ ਪਿੰਡ ਝਿਊਰ ਮਾਜਰਾ (ਸੁਹਾਣਾ) ਤੇ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਥਾਣਾ ਬਡਾਲੀ ਆਲਾ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਕੁੱਝ ਹੋਰ ਸੂਤਰਾਂ ਅਨੁਸਾਰ ਹਮਲੇ ਵਿੱਚ ਲੋਹੇ ਦੀਆਂ ਰਾਡਾਂਂ ਦੀ ਵਰਤੋਂ ਕੀਤੀ ਗਈ ਹੈ। ਇਹ ਰਾਡਾਂ ਹਮਲਾਵਰਾਂ ਨੇ ਉਸਾਰੀ ਵਾਲੀ ਥਾਂ ਤੋਂ ਚੁੱਕੀਆਂ ਸਨ। ਹਮਲੇ ਵਿੱਚ ਬਿੱਟੂ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ।
ਜ਼ਿਕਰਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਡੇਰਾ ਪ੍ਰੇਮੀ ਸਨੀ, ਸੰਦੀਪ ਨੀਲਾ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਪਿਛਲੇ ਸਾਲ 11 ਤੇ 12 ਜੂਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੋਂ ਬਾਅਦ ਜ਼ਿਲ੍ਹਾ ਜੇਲ੍ਹ ਨਾਭਾ ਭੇਜ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਦੋਸ਼ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ : ਨਾਭਾ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਹਿਰਾਸਤ ਵਿਚ ਲਏ ਗਏ ਦੋਵਾਂ ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਨਾਭਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਵਿੱਚ ਜੱਜ ਗੁਰਬਿੰਦਰ ਸਿੰਘ ਜੌਹਲ ਦੀ ਰਿਹਾਇਸ਼ ‘ਤੇ ਲੱਗੀ ਆਰਜ਼ੀ ਅਦਾਲਤ ਵਿੱਚ ਪੇਸ਼ ਕੀਤਾ। ਜੱਜ ਨੇ ਦੋਵਾਂ ਕੈਦੀਆਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਪੁਲਿਸ ਨੇ ਹਿਰਾਸਤ ਵਿੱਚ ਲਏ ਦੋਵਾਂ ਕੈਦੀਆਂ ਦਾ ਚੁੱਪ-ਚੁਪੀਤੇ ਪਹਿਲਾਂ ਇਥੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਅਤੇ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੈਡੀਕਲ ਮੁਆਇਨੇ ਅਤੇ ਜੱਜ ਦੀ ਰਿਹਾਇਸ਼ ‘ਤੇ ਪੇਸ਼ ਕੀਤੇ ਜਾਣ ਮੌਕੇ ਚਾਰੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਿਸੇ ਨੂੰ ਕੋਈ ਖ਼ਬਰ ਨਾ ਲੱਗੇ ਇਸ ਲਈ ਪਹਿਲਾਂ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿਲਜੁਲ ਨਹੀਂ ਸੀ। ਪੁਲਿਸ ਪਾਰਟੀ ਮੈਡੀਕਲ ਕਰਵਾਉਣ ਤੋਂ ਫੌਰੀ ਮਗਰੋਂ ਦੋਵਾਂ ਕੈਦੀਆਂ ਨੂੰ ਜੱਜ ਦੀ ਰਿਹਾਇਸ਼ ‘ਤੇ ਲੈ ਗਈ। ਮਗਰੋਂ ਦੋਵਾਂ ਨੂੰ ਫਿਰ ਤੋਂ ਨਾਭਾ ਜੇਲ੍ਹ ਲਿਜਾਇਆ ਗਿਆ।
ਮਨਿੰਦਰ ਸਿੰਘ ਦੇ ਪਰਿਵਾਰ ਨੂੰ ਪਿੰਡ ਭਗੜਾਣਾ ‘ਚ ਦਿੱਤੀ ਸੁਰੱਖਿਆ
ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਭਗੜਾਣਾ ਉਸ ਵੇਲ਼ੇ ਸੁਰਖ਼ੀਆਂ ਵਿੱਚ ਆ ਗਿਆ ਸੀ ਜਦੋਂ ਨਾਭਾ ਜੇਲ੍ਹ ਵਿਚ ਬੰਦ ਕੈਦੀ ਮਨਿੰਦਰ ਸਿੰਘ ਅਤੇ ਉਸ ਦੇ ਇਕ ਸਾਥੀ ਵੱਲੋਂ ਜੇਲ੍ਹ ਵਿਚ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ‘ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਮਨਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਪੀਏਸੀ ਮੈਂਬਰ ਪ੍ਰੇਮ ਸਿੰਘ ਕਸ਼ਮੀਰੀ, ਅਮਲੋਹ ਦੇ ਹਲਕਾ ਇੰਚਾਰਜ ਲਖਵੀਰ ਸਿੰਘ ਸੌਂਟੀ, ਕੁਲਦੀਪ ਸਿੰਘ ਦੁਭਾਲੀ ਆਦਿ ਉਨ੍ਹਾਂ ਦੇ ਘਰ ਪੁੱਜੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ। ਮਨਿੰਦਰ ਸਿੰਘ ਦੀ ਮਾਤਾ ਗੁਲਜ਼ਾਰ ਕੌਰ ਨੇ ਕਿਹਾ ਕਿ ਉਸਦੇ ਪੁੱਤਰ ਨੂੰ ਪਿਛਲੇ ਚਾਰ ਸਾਲ ਤੋਂ ਨਿਰਦੋਸ਼ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਜੇਲ੍ਹ ‘ਚ ਉਮਰ ਕੈਦ ਭੁਗਤ ਰਿਹਾ ਹੈ ਗੁਰਸੇਵਕ
ਮੁਹਾਲੀ : ਨਾਭਾ ਜੇਲ੍ਹ ਵਿੱਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਵਿੱਚ ਮੌਤ ਦੇ ਘਾਟ ਉਤਾਰਨ ਵਾਲਾ ਗੁਰਸੇਵਕ ਸਿੰਘ ਵਾਸੀ ਝਿਊਰਹੇੜੀ (ਮੁਹਾਲੀ) ਦਾ ਵਸਨੀਕ ਹੈ। ਇਸ ਸਮੇਂ ਉਹ ਜੰਟਾ ਕਤਲ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …