Breaking News
Home / ਪੰਜਾਬ / ਪੰਜਾਬ ‘ਚ ਨਾਜ਼ੁਕ ਥਾਵਾਂ ‘ਤੇ ਨੀਮ ਫੌਜੀ ਦਸਤੇ ਕੀਤੇ ਤਾਇਨਾਤ

ਪੰਜਾਬ ‘ਚ ਨਾਜ਼ੁਕ ਥਾਵਾਂ ‘ਤੇ ਨੀਮ ਫੌਜੀ ਦਸਤੇ ਕੀਤੇ ਤਾਇਨਾਤ

ਚੰਡੀਗੜ੍ਹ/ਬਿਊਰੋ ਨਿਊਜ਼
ਨਾਭਾ ਦੀ ਜੇਲ੍ਹ ਵਿੱਚ ਡੇਰਾ ਸਿਰਸਾ ਨਾਲ ਸਬੰਧਤ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਸੂਬੇ ਵਿੱਚ ਨਾਜ਼ੁਕ ਥਾਵਾਂ ‘ਤੇ ਨੀਮ ਫ਼ੌਜੀ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ 12 ਕੰਪਨੀਆਂ ਦੀ ਮੰਗ ਕੀਤੀ ਸੀ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲਾਂ ਦੀਆਂ 10 ਅਤੇ ਰੈਪਿਡ ਐਕਸ਼ਨ ਫੋਰਸ ਦੀਆਂ 2 ਕੰਪਨੀਆਂ ਪੰਜਾਬ ਭੇਜ ਦਿੱਤੀਆਂ ਸਨ।
ਇਨ੍ਹਾਂ ਕੰਪਨੀਆਂ ਦੀ ਤਾਇਨਾਤੀ ਫ਼ਰੀਦਕੋਟ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਰਾਜ ਦਾ ਗ੍ਰਹਿ ਵਿਭਾਗ ਲਗਾਤਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਪਰਕ ਵਿੱਚ ਹੈ ਤੇ ਲੋੜ ਪੈਣ ‘ਤੇ ਸੂਬੇ ਵਿੱਚ ਹੋਰਨਾਂ ਥਾਵਾਂ ‘ਤੇ ਵੀ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ। ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਛੁੱਟੀ ‘ਤੇ ਨਾ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਮੁੱਖ ਸੜਕਾਂ ‘ਤੇ ਨਾਕੇਬੰਦੀ ਵੀ ਵਧਾਈ ਗਈ ਹੈ। ਇਸ ਦੌਰਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੇ ਸਕੱਤਰ ਹੁਸਨ ਲਾਲ ਅਤੇ ਵਧੀਕ ਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨਾਲ ਜੇਲ੍ਹਾਂ ਦੀ ਸੁਰੱਖਿਆ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਨਾਭਾ ਜੇਲ੍ਹ ਦਾ ਦੌਰਾ ਵੀ ਕੀਤਾ।
ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਜੇਲ੍ਹਾਂ ਵਿੱਚ ਬੰਦ ਡੇਰਾ ਪ੍ਰੇਮੀਆਂ ਅਤੇ ਹੋਰਨਾਂ ਵਿਅਕਤੀਆਂ ਦੀ ਸੁਰੱਖਿਆ ਸਬੰਧੀ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ। ਸ਼ੱਕੀ ਕੈਦੀਆਂ ਨੂੰ ਬੈਰਕਾਂ ਵਿੱਚ ਹੀ ਰੱਖਣ ਲਈ ਕਿਹਾ ਗਿਆ ਹੈ।
ਪੰਜਾਬ ਦੀ ਅਤਿ ਸੁਰੱਖਿਅਤ ਨਾਭਾ ਜੇਲ੍ਹ ਵਿੱਚੋਂ ਗੈਂਗਸਟਰਾਂ ਅਤੇ ਗਰਮਦਲੀਆਂ ਦੇ ਫ਼ਰਾਰ ਹੋਣ ਮਗਰੋਂ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਅਕਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ ਮੰਨੇ ਜਾਂਦੇ ਵਿਅਕਤੀ, ਕੈਦੀਆਂ ਜਾਂ ਹਵਾਲਾਤੀਆਂ ਦੇ ਰੋਹ ਦਾ ਸ਼ਿਕਾਰ ਹੁੰਦੇ ਰਹੇ ਹਨ। ਇਸ ਤੋਂ ਪਹਿਲਾਂ ਵਿਵਾਦਿਤ ਤੇ ਚਰਚਿਤ ਮੰਨੇ ਜਾਂਦੇ ਨਿਹੰਗ ਅਜੀਤ ਸਿੰਘ ਪੂਹਲਾ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਵਿਅਕਤੀਆਂ ਨੇ ਅੱਗ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸੇ ਤਰ੍ਹਾਂ ਮਰਹੂਮ ਪੁਲਿਸ ਅਧਿਕਾਰੀ ਅਜੀਤ ਸਿੰਘ ਸੰਧੂ ਅਤੇ ਹੋਰਨਾਂ ‘ਤੇ ਵੀ ਜੇਲ੍ਹਾਂ ਵਿੱਚ ਕਾਤਲਾਨਾ ਹਮਲੇ ਹੁੰਦੇ ਰਹੇ ਹਨ। ਇਨ੍ਹਾਂ ਹਾਲਾਤ ਨੂੰ ਦੇਖਦਿਆਂ ਜੇਲ੍ਹ ਵਿਭਾਗ ਨੇ ਪੁਖ਼ਤਾ ਪ੍ਰਬੰਧ ਕਰਨੇ ਸ਼ੁਰੂ ਕੀਤੇ ਸਨ।
ਬਿੱਟੂ ਕਤਲ ਕਾਂਡ ਦੀ ਜਾਂਚ ਲਈ ‘ਸਿੱਟ’ ਦਾ ਗਠਨ
ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਕਾਂਡ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਨੂੰ ਇਸ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਰੇਂਜ ਦੇ ਆਈਜੀ ਅਮਰਦੀਪ ਸਿੰਘ ਰਾਏ, ਡੀਆਈਜੀ (ਇੰਟੈਲੀਜੈਂਸ) ਹਰਦਿਆਲ ਸਿੰਘ ਮਾਨ, ਐੱਸਐੱਸਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਏਆਈਜੀ (ਇੰਟੈਲੀਜੈਂਸ) ਕਸ਼ਮੀਰ ਸਿੰਘ ਨੂੰ ਸਿੱਟ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡੇਰਾ ਪ੍ਰੇਮੀਆਂ ਵੱਲੋਂ ਬੇਅਦਬੀ ਨਾਲ ਸਬੰਧਤ ਕੇਸ ਵਾਪਸ ਲਏ ਜਾਣ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਮੁਤਾਬਕ ਹੀ ਕਾਰਵਾਈ ਹੋਵੇਗੀ ਤੇ ਬਿੱਟੂ ਦੀ ਭੂਮਿਕਾ ਸਬੰਧੀ ਵੀ ਤਫ਼ਤੀਸ਼ ਰਿਪੋਰਟ ਅਦਾਲਤ ਵਿੱਚ ਸੌਂਪੀ ਜਾਵੇਗੀ।
ਬੇਅਦਬੀ ਮਾਮਲਿਆਂ ਦਾ ਮੁੱਖ ਦੋਸ਼ੀ ਸੀ ਮਹਿੰਦਰਪਾਲ ਬਿੱਟੂ
ਫਰੀਦਕੋਟ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ, ਜਿਸ ਦੀ ਨਾਭਾ ਜੇਲ੍ਹ ਵਿਚ ਹੱਤਿਆ ਕਰ ਦਿੱਤੀ ਗਈ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਸੀ। ਉਸ ਨੇ ਮਈ 2015 ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੇ ਸਤੰਬਰ 2015 ਵਿਚ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਸ ਮਾਮਲੇ ਵਿਚ ਮਹਿੰਦਰਪਾਲ ਬਿੱਟੂ ਸਮੇਤ ਚਾਰ ਡੇਰਾ ਪ੍ਰੇਮੀਆਂ ‘ਤੇ ਮਾਮਲਾઠ
ਦਰਜ ਕੀਤਾ ਗਿਆ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉੱਪਲ ਵਲੋਂ ਇਨ੍ਹਾਂ ਦੀ ਪਿਛਲੇ ਦਿਨੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸਿੱਟ ਵਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਮਹਿੰਦਰਪਾਲ ਬਿੱਟੂ ਦੇ ਘਰ ਦੀ ਪੜਤਾਲ ਦੌਰਾਨ ਇਤਰਾਜ਼ਯੋਗ ਹਾਲਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੇ ਚੱਲੇ ਕਾਰਤੂਸ ਬਰਾਮਦ ਕੀਤੇ ਸਨ, ਜਿਸ ਸਬੰਧੀ ਸਿਟੀ ਪੁਲਿਸ ਕੋਟਕਪੂਰਾ ਵਲੋਂ 13 ਜੂਨ, 2018 ਨੂੰ ਮਹਿੰਦਰਪਾਲ ਬਿੱਟੂ, ਮਹਿੰਦਰ ਕੁਮਾਰ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 89 ਮਿਤੀ 13-06-2018 ਨੂੰ ਆਈ. ਪੀ. ਸੀ. ਦੀ ਧਾਰਾ 295 ਏ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 17 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮਹਿੰਦਰਪਾਲ ਬਿੱਟੂ ਦੇ ਨਾਲ ਡੇਰਾ ਪ੍ਰੇਮੀ ਮਹਿੰਦਰ ਕੁਮਾਰ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਫੜੇ ਗਏ ਡੇਰਾ ਪ੍ਰੇਮੀਆਂ ਨੇ ਕਥਿਤ ਤੌਰ ‘ਤੇ ਬੈਂਕ ਖਾਤਿਆਂ ਰਾਹੀਂ 6 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਵਿਰੁੱਧ ਅਜੇ ਤੱਕ ਜ਼ਿਲ੍ਹਾ ਪੁਲਿਸ ਵਲੋਂ ਅਦਾਲਤ ਵਿਚ ਦੋਸ਼ ਪੱਤਰ ਦਾਇਰ ਨਹੀਂ ਕੀਤੇ ਗਏ। ਪੁਲਿਸ ਵਲੋਂ ਅਦਾਲਤ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਚਲਾਨ ਪੇਸ਼ ਕਰਨ ਲਈ ਗ੍ਰਹਿ ਵਿਭਾਗ ਦੀ ਲਿਖਤੀ ਮਨਜ਼ੂਰੀ ਲੋੜੀਂਦੀ ਹੈ, ਜੋ ਅਜੇ ਤੱਕ ਜ਼ਿਲ੍ਹਾ ਪੁਲਿਸ ਨੂੰ ਨਹੀਂ ਮਿਲੀ, ਜਿਸ ‘ਤੇ 24 ਦਸੰਬਰ ਤੋਂ ਅਦਾਲਤ ਨੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਪੁਲਿਸ ਨੂੰ 90 ਦਿਨ ਦਾ ਹੋਰ ਸਮਾਂ ਦੇ ਦਿੱਤਾ, ਪਰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ। ਪੁਲਿਸ ਵਲੋਂ ਮਹਿੰਦਰਪਾਲ ਬਿੱਟੂ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਿਖੇ ਵਾਪਰੀਆਂ ਬੇਦਅਬੀ ਦੀਆਂ ਘਟਨਾਵਾਂ ਵਿਚ ਮੁੱਖ ਦੋਸ਼ੀ ਵਜੋਂ ਮੋਗੇ ਵਿਚ 7 ਸਾਲ ਪਹਿਲਾਂ ਦਰਜ ਹੋਏ ਇਕ ਮਾਮਲੇ ਤੇ ਸੰਗਰੂਰ ਜ਼ਿਲ੍ਹੇ ਵਿਚ ਪ੍ਰੇਮੀਆਂ ਖ਼ਿਲਾਫ਼ ਦਰਜ ਹੋਏ 11 ਮੁਕੱਦਮਿਆਂ ਵਿਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਬੰਬੀਹਾ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ
ਨਾਭਾ : ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਹੋਏ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲੈ ਲਈ ਹੈ। ਗੈਂਗਸਟਰ ਬੰਬੀਹਾ ਗਰੁੱਪ ਦੇ ਮੈਂਬਰ ਦਵਿੰਦਰ ਬੰਬੀਹਾ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਇਹ ਸਜ਼ਾ ਬਰਗਾੜੀ ਵਿੱਚ ਬੇਅਦਬੀ ਕਰ ਕੇ ਦਿੱਤੀ ਗਈ ਹੈ। ਪੋਸਟ ਵਿੱਚ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਨੂੰ ਦੋਵਾਂ ਨਾਲ ਕੋਈ ਵਧੀਕੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਬਿੱਟੂ ਨੂੰ ਕੀਤਾ ਸੀ ਗ੍ਰਿਫ਼ਤਾਰઠ
ਬਠਿੰਡਾ : ਬਠਿੰਡਾ ਜ਼ਿਲ੍ਹੇ ਦਾ ਪਿੰਡ ਸਲਾਬਤਪੁਰਾ ਜਿਥੇ ਕਿ ਡੇਰਾ ਸਿਰਸਾ ਦਾ ਪੰਜਾਬ ਹੈੱਡਕੁਆਰਟਰ ਸਥਿਤ ਹੈ, ਦੇ ਆਸ-ਪਾਸ ਅਤੇ ਸਾਰੀਆਂ ਪ੍ਰਮੁੱਖ ਥਾਵਾਂ ‘ਤੇ ਪੁਲਿਸ ਦੀ ਮੁਸਤੈਦੀ ਹੋਰ ਵਧਾ ਦਿੱਤੀ ਗਈ ਹੈ। ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪ੍ਰਮੁੱਖ ਮੈਂਬਰ ਸੀ, ਜੋ ਲੰਮਾ ਸਮਾਂ ਡੇਰਾ ਸਿਰਸਾ ਵਿਖੇ ਹੀ ਰਿਹਾ ਹੋਣ ਕਰਕੇ ਡੇਰੇ ਦੀ ਹਰ ਗਤੀਵਿਧੀ ਵਿਚ ਮੋਹਰੀ ਭੂਮਿਕਾ ਰੱਖ਼ਦਾ ਸੀ ਤੇ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿਚ ਵੀ ਉਹ ਮੁਲਜ਼ਮ ਵਜੋਂ ਨਾਮਜ਼ਦ ਸੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਵਿਚ ਬਿੱਟੂ ਨੂੰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਥੇ ਇਸ ਨੇ ਪੰਜਾਬ ਤੋਂ ਪਲਾਇਨ ਕਰਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬਿੱਟੂ ਨੂੰ ਉਥੋਂ ਗ੍ਰਿਫ਼ਤਾਰ ਕੀਤਾ ਸੀ, ਜੋ ਕਰੀਬ ਇਕ ਸਾਲ ਤੋਂ ਅਤਿ ਸੁਰੱਖਿਅਤ ਨਾਭਾ ਜੇਲ੍ਹ ਵਿਚ ਅੰਦਰ ਟਰਾਇਲ ਕੈਦੀ (ਹਵਾਲਾਤੀ) ਵਜੋਂ ਬੰਦ ਸੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …