Breaking News
Home / ਪੰਜਾਬ / ਨਹਿਰੀ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਿਹੈ

ਨਹਿਰੀ ਪਾਣੀ ਦੀ ਘਾਟ ਕਾਰਨ ਬੰਜਰ ਹੋ ਰਿਹੈ

ਮਾਝਾ
ਪੱਟੀ : ਅੰਗਰੇਜ਼ਾਂ ਵਲੋਂ 1922 ਵਿਚ ਕੱਢੀਆਂ ਗਈਆਂ ਨਹਿਰਾਂ ਸਤਰਾਂ ਬ੍ਰਾਂਚ ਅਤੇ ਕਸੂਰ ਬ੍ਰਾਂਚ ਲੋਅਰ ਅਧੀਨ ਪੈਂਦੇ ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹੇ ਦੀ ਲਗਭਗ 5 ਲੱਖ 36 ਹਜ਼ਾਰ 924 ਏਕੜ ਜ਼ਮੀਨ ਨਹਿਰੀ ਪਾਣੀ ਦੀ ਥੁੜ ਕਾਰਨ ਬੰਜਰ ਹੋਣ ਕੰਢੇ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਦੋ ਨਹਿਰਾਂ, 35 ਰਜਬਾਹੇ, 42 ਮਾਈਨਰ ਹੋਣ ਦੇ ਬਾਵਜੂਦ ਨਹਿਰੀ ਪਾਣੀ ਦੀ ਕਿੱਲਤ ਹੈ। ਇਸ ਵਜ੍ਹਾ ਕਰਕੇ ਲਾਭਕਾਰੀ ਫਸਲਾਂ ਮੋਠ, ਤੋਰੀਆ, ਮਿਰਚਾਂ ਪੈਦਾ ਕਰਨ ਤੋਂ ਜ਼ਮੀਨ ਅਸਮਰਥ ਹੋ ਚੁੱਕੀ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਜ਼ਹਿਰੀਲੇ ਤੱਤਾਂ ਵਾਲਾ ਹੈ। ਕਿਸਾਨ ਮੁੱਖ ਫਸਲਾਂ ਕਣਕ ਤੇ ਝੋਨੇ ‘ਤੇ ਹੀ ਨਿਰਭਰ ਹਨ ਪਰ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਣ ਕਾਰਨ ਇਨ੍ਹਾਂ ਦਾ ਝਾੜ ਵੀ ਬਹੁਤ ਘਟ ਗਿਆ ਹੈ। ਖੇਤੀ ਮਾਹਿਰ ਇਸ ਖਿੱਤੇ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਨਹਿਰੀ ਪਾਣੀ ਦੀ ਘਾਟ ਹੀ ਦੱਸਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜਾਂ ਤੋਂ ਖੇਤਾਂ ਤੱਕ ਪੁੱਜਦੇ ਪਾਣੀ ‘ਚ ਕਈ ਤਰ੍ਹਾਂ ਦੇ ਕੁਦਰਤੀ ਖਣਿਜ ਤੱਤ ਮਿਲੇ ਹੁੰਦੇ ਹਨ, ਜਿਹੜੇ ਜ਼ਮੀਨ ਲਈ ਲਾਹੇਵੰਦ ਹੁੰਦੇ ਹਨ। ਨਿਰਾਸ਼ ਕਿਸਾਨ ਦੱਸਦੇ ਹਨ ਕਿ ਨਹਿਰੀ ਪਾਣੀ ਆਸਰੇ ਖੇਤੀ ਕਰਨੀ ਤਾਂ ਦੂਰ ਦੀ ਗੱਲੀ ਹੈ, ਇਸ ਨਾਲ ਤਾਂ ਚਾਰਾ ਵੀ ਨਹੀਂ ਬੀਜਿਆ ਜਾ ਸਕਦਾ।
ਮਾਝੇ ਦੀਆਂ ਨਹਿਰਾਂ ਤੇ ਰਜਬਾਹਿਆਂ ਦੀ ਲੰਬਾਈ
ਸਭਰਾ ਬ੍ਰਾਂਚ ਜਿਸਦੀ ਲੰਬਾਈ 56.71 ਕਿਲੋਮੀਟਰ ਹੈ। ਇਸ ਵਿਚੋਂ 14 ਰਜਬਾਹੇ, 18 ਮਾਈਨਰ ਨਿਕਲਦੇ ਹਨ। ਅਠਵਾਲ ਰਜਬਾਹੇ ਦੀ ਲੰਬਾਈ 28.41 ਕਿਲੋਮੀਟਰ, ਟਾਂਗਰਾ ਦੀ 31.90 ਕਿਲੋਮੀਟਰ, ਧਰਦਿਓ 17.76 ਕਿਲੋਮੀਟਰ,  ਵਡਾਲਾ 1314 ਕਿਲੋਮੀਟਰ, ਗਗੜਭਾਣਾ 5.76 ਕਿਲੋਮੀਟਰ, ਰਈਆ 10.73 ਕਿਲੋਮੀਟਰ, ਭਿੰਡਰ 23.59 ਕਿਲੋਮੀਟਰ, ਖਾਰਾ 22.54 ਕਿਲੋਮੀਟਰ, ਗੋਇੰਦਵਾਲ 22.63 ਕਿਲੋਮੀਟਰ ਹੈ। ਇਨ੍ਹਾਂ ਰਜਬਾਹਿਆਂ ਵਿਚੋਂ ਅੱਗੋਂ 18 ਮਾਈਨਰ ਨਿਕਲਦੇ ਹਨ। ਇਸੇ ਤਰ੍ਹਾਂ ਲੋਅਰ ਕਸੂਰ ਬ੍ਰਾਂਚ ਦੀ ਲੰਬਾਈ 62.86 ਕਿਲੋਮੀਟਰ ਹੈ। ਇਸ ‘ਚੋਂ ਨਿਕਲਦੇ ਜੰਡਿਆਲਾ ਰਜਬਾਹਾ 26.52 ਕਿਲੋਮੀਟਰ, ਬਾਗੋਵਾਲ 17.27 ਕਿਲੋਮੀਟਰ, ਰਾਏਪੁਰ 16.42 ਕਿਲੋਮੀਟਰ, ਬਿਸ਼ੰਬਰਪੁਰ 8.20 ਕਿਲੋਮੀਟਰ, ਡਿੱਚ ਨੰਬਰ ਪੰਜ 6.25 ਕਿਲੋਮੀਟਰ, ਕਲਾਵਾਂ 8.25 ਕਿਲੋਮੀਟਰ, ਨੋਨੇ 8 ਕਿਲੋਮੀਟਰ, ਪੱਖੋਕੇ 6.50 ਕਿਲੋਮੀਟਰ, ਪੰਡੋਰੀ 9.67 ਕਿਲੋਮੀਟਰ, ਤਰਨਤਾਰਨ 22.57 ਕਿਲੋਮੀਟਰ, ਰਸੂਲਪੁਰ ਡਿੱਚ 8.13 ਕਿਲੋਮੀਟਰ, ਖੇਮਕਰਨ 29.85 ਕਿਲੋਮੀਟਰ, ਮੱਖੀ 7.30 ਕਿਲੋਮੀਟਰ, ਡਿੱਚ ਨੰਬਰ ਚਾਰ 5.49 ਕਿਲੋਮੀਟਰ, ਪਿੱਦੀ 1.32 ਕਿਲੋਮੀਟਰ, ਰਸੂਲਪੁਰ ਡਿਸਟੀਬਿਊਟਰ 29.78 ਕਿਲੋਮੀਟਰ ਹਨ। ਇਸ ਤੋਂ ਇਲਾਵਾ ਦਲਾਵਰਪੁਰ ਇਸਕੇਪ 20.88 ਕਿਲੋਮੀਟਰ ਲੰਬੀ ਹੈ ਪਰ ਇਨ੍ਹਾਂ ਦੀਆਂ ਟੇਲਾਂ ਤੱਕ ਪਾਣੀ ਹੀ ਨਹੀਂ ਪੁੱਜਦਾ।
9 ਸਾਲ ਤੋਂ ਨਹਿਰੀ ਪਾਣੀ ਨਹੀਂ ਦੇਖਿਆ
ਕਾਮਰੇਡ ਮਹਾਂਵੀਰ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਲਗਭਗ 9 ਸਾਲ ਤੋਂ ਆਪਣੇ ਇਲਾਕੇ ਵਿਚ ਨਹਿਰੀ ਪਾਣੀ ਨਹੀਂ ਵੇਖਿਆ। ਇਸ ਇਲਾਕੇ ਵਿਚ ਮਿਰਚਾਂ ਦੀ ਫਸਲ 25 ਸਾਲ ਪਹਿਲਾਂ ਤੱਕ ਬਹੁਤ ਹੁੰਦੀ ਸੀ, ਪਰ ਨਹਿਰੀ ਪਾਣੀ ਨਾ ਆਉਣ ਕਰਕੇ ਅਜਿਹੀਆਂ ਫਸਲਾਂ ਦੀ ਕਾਸ਼ਤ ਹੋਣੀ ਬੰਦ ਹੋ ਗਈ ਹੈ। ਟਿਊਬਵੈਲ ਦੇ ਪਾਣੀ ਨਾਲ ਆਉਣ ਵਾਲੇ ਜ਼ਹਿਰੀਲੇ ਤੱਤਾਂ ਨੇ ਮਿਰਚ ਦੀ ਕਾਸ਼ਤ ਹੀ ਖਤਮ ਕਰਕੇ ਰੱਖ ਦਿੱਤੀ ਹੈ।
ਸਫਾਈ ਲਈ ਹੈ ਫੰਡਾਂ ਦੀ ਘਾਟ
ਨਹਿਰ ਵਿਭਾਗ ਦੇ ਉਪਮੰਡਲ ਇੰਜੀਨੀਅਰ ਰਾਜੀਵ ਕੁਮਾਰ ਤੇ ਐਕਸੀਅਨ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਤੋਂ ਫੰਡਾਂ ਦੀ ਘਾਟ ਕਰਕੇ ਸਫਾਈ ਨਹੀਂ ਹੋ ਸਕੀ, ਜਿਸ ਕਾਰਨ ਰਜਬਾਹਿਆਂ ਦਾ ਪਾਣੀ ਸਿਰੇ ਤੱਕ ਨਹੀਂ ਪੁੱਜਦਾ। ਤਾਰ ਬਾਬੂ ਰਾਜਿੰਦਰ ਸਿੰਘ ਮੁਤਾਬਕ 1922 ਵਿਚ ਇਨ੍ਹਾਂ ਨਹਿਰਾਂ ਵਿਚ 2600 ਤੇ 2700 ਕਿਊਸਿਕ ਪਾਣੀ ਚੱਲਦਾ ਸੀ। ਹੁਣ ਸਿਰਫ 1500 ਤੋਂ 1700 ਕਿਊਸਿਕ ਪਾਣੀ ਜੂਨ ਤੋਂ ਅਗਸਤ ਵਿਚ ਹੀ ਚੱਲਦਾ ਹੈ। ਬਾਕੀ ਮਹੀਨੇ 300, 400 ਕਿਊਸਿਕ ਦੀ ਹੀ ਡਿਮਾਂਡ ਹੁੰਦੀ ਹੈ।
ਕਿਸਾਨਾਂ ਦੀ ਚਿੰਤਾ : ਕਿਸਾਨ ਹਰਭਜਨ ਸਿੰਘ, ਮੇਘਾ ਸਿੰਘ, ਬਚਿੱਤਰ ਸਿੰਘ, ਬਘੌਰਾ ਸਿੰਘ, ਪ੍ਰਿਥੀਪਾਲ ਸਿੰਘ ਆਦਿ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਹੁਣ ਨਹਿਰੀ ਪਾਣੀ ਆਉਣ ਦੀ ਆਸ ਹੀ ਮੁੱਕ ਗਈ ਹੈ। ਬਹੁਤੀ ਥਾਈਂ ਸਕੀਮੀ ਖਾਲਿਆਂ ਦੀ ਤਾਂ ਹੋਂਦ ਹੀ ਖਤਮ ਹੋ ਗਈ। ਮਾਈਨਰ ਵੀ ਢੱਠ ਗਏ ਹਨ।
ਰਜਬਾਹਿਆਂ ‘ਚ ਉਗਿਆ ਸਰਕੰਡਾ ਕਾਫੀ ਵੱਡਾ ਹੋ ਚੁੱਕਾ ਹੈ। ਇਹ ਅਜਿਹੇ ਤੱਥ ਹਨ, ਜਿਹੜੇ ਗਵਾਹੀ ਭਰਦੇ ਹਨ ਕਿ ਨਹਿਰੀ ਪਾਣੀ ਲੰਬੇ ਸਮੇਂ ਤੋਂ ਨਹੀਂ ਆ ਰਿਹਾ ਹੈ। ਮਹਿਕਮੇ ਦੀ ਪਕੜ ਵੀ ਸੂਇਆਂ ਤੋਂ ਢਿੱਲੀ ਪੈ ਚੁੱਕੀ ਹੈ। ਪਿੰਡਾਂ ਵਿਚ ਲੋਕ ਇਸ ਮਹਿਕਮੇ ਦੇ ਕਿਸੇ ਕਰਮਚਾਰੀ ਦਾ ਨਾ ਤੱਕ ਨਹੀਂ ਜਾਣਦੇ। ਤਾਰ ਬਾਬੂ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਰਿਹਾ। ਇਸ ਨੂੰ ਲੈ ਕੇ ਇਨ੍ਹਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ।
ਜ਼ਿਲ੍ਹਾ ਤਰਨਤਾਰਨ ਤੋਂ ਅੰਮ੍ਰਿਤਸਰ
ਨਹਿਰਾਂ 02, ਰਜਬਾਹੇ 35, ਮਾਈਨਰ 42
5,36,924 ਏਕੜ ਜ਼ਮੀਨ ਪਿਛਲੇ ਇਕ ਦਹਾਕੇ ਤੋਂ ਜਾਰੀ ਨਹਿਰੀ ਪਾਣੀ ਦੀ ਥੁੜ੍ਹ ਕਾਰਨ ਬੰਜਰ ਹੋਣ ਕੰਢੇ ਪਹੁੰਚ ਗਈ ਹੈ।
ਸੰਕਟ : ਪਿਛਲੇ 9 ਸਾਲਾਂ ਤੋਂ ਨਹੀਂ ਮਿਲ ਰਿਹਾ ਨਹਿਰੀ ਪਾਣੀ

ਟਿਊਬਵੈਲ ਦੇ ਪਾਣੀ ਕਾਰਨ ਮਿਰਚਾਂ ਦੀ ਕਾਸ਼ਤ ਹੋਈ ਬੰਦ
ਕਿਸਾਨੀ ਦੇ ਹਰ ਦਰਦ ਲਈ ਚਿੰਤਤ ਹਾਂ ਅਤੇ ਹਰ ਸੰਕਟ ਦਾ ਹੱਲ ਕਰਨ ਲਈ ਉਪਰਾਲੇ ਕਰ ਰਿਹਾ ਹਾਂ।
ਵਿਧਾਇਕ ਡਾ.ਧਰਮਵੀਰ ਅਗਨੀਹੋਤਰੀ, ਵਿਧਾਨ ਸਭਾ ਹਲਕਾ ਤਰਨਤਾਰਨ
ਜਦੋਂ ਮੇਰੇ ਪਿਤਾ ਗੁਰਚੇਤ ਸਿੰਘ ਭੁੱਲਰ ਸਿੰਚਾਈ ਮੰਤਰੀ ਸਨ ਤਾਂ ਉਹਨਾਂ ਨੇ ਪੂਰੇ ਪੰਜਾਬ ਦਾ ਨਹਿਰੀ ਪਾਣੀ ਵਧਾਉਣ ਲਈ ਨਾਮਣਾ ਖੱਟਿਆ। ਮੈਂ ਵੀ ਇਸ ਦੇ ਹੱਲ ਲਈ ਯਤਨ ਕਰਾਂਗਾ। ਵਿਧਾਇਕ, ਸੁਖਪਾਲ ਭੁੱਲਰ, ਹਲਕਾ ਖੇਮਕਰਨ
ਕਿਰਸਾਨੀ ਨੂੰ ਖੋਰਾ ਲੱਗਣ ਵਿਚ ਨਹਿਰੀ ਪਾਣੀ ਦਾ ਨਾ ਆਉਣਾ ਵੀ ਇਕ ਵੱਡਾ ਕਾਰਨ ਹੈ ਅਤੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਜਿਸ ਨੂੰ ਅਸੀਂ ਨਿਭਾਵਾਂਗੇ।
ਵਿਧਾਇਕ ਹਰਮਿੰਦਰ ਸਿੰਘ ਗਿੱਲ, ਪੱਟੀ
ਲੋਕਾਂ ਲਈ ਨਹਿਰੀ ਪਾਣੀ ਦੀਹ ਵੱਡੀ ਜ਼ਰੂਰਤ ਹੈ। ਕੁਝ ਦਿਨਾਂ ਵਿਚ ਨਹਿਰਾਂ, ਖਾਲਾਂ ਵਿਚ ਪਾਣੀ ਜ਼ਰੂਰ ਨਜ਼ਰ ਆਏਗਾ।
ਵਿਧਾਇਕ ਰਮਨਜੀਤ ਸਿੰਘ ਸਿੱਕੀ, ਵਿਧਾਨ ਸਭਾ ਹਲਕਾ ਖਡੂਰ ਸਾਹਿਬ

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …