ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨਾਲ ਸਬੰਧਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਇਤਿਹਾਸਕ ਖੂਹ ਦੀ ਖੁਦਾਈ ਦੌਰਾਨ ਮਿੱਟੀ ਦੀਆਂ ਬਣੀਆਂ ਟਿੰਡਾਂ ਮਿਲੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਇਹ ਟਿੰਡਾਂ ਬਾਬਾ ਬੁੱਢਾ ਜੀ ਦੇ ਵੇਲੇ ਦੀਆਂ ਹਨ। ਇਨ੍ਹਾਂ ਟਿੰਡਾਂ ਨੂੰ ਇੱਥੇ ਗੁਰਦੁਆਰੇ ਵਿੱਚ ਦਰਸ਼ਨ ਲਈ ਰੱਖਿਆ ਜਾਵੇਗਾ ਅਤੇ ਬੰਦ ਖੂਹ ਨੂੰ ਵੀ ਚਾਲੂ ਕਰਨ ਦੀ ਯੋਜਨਾ ਹੈ।ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣਨ ਅਤੇ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਮੌਕੇ ਤਿਲਕ ਲਾਉਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਆਪਣੇ ਜੀਵਨ ਦਾ ਲੰਮਾ ਹਿੱਸਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਬਿਤਾਇਆ। ਉਸ ਵੇਲੇ ਹੀ ਇੱਥੇ ਇਹ ਖੂਹ ਸਥਾਪਤ ਸੀ। ਖੂਹ ਦੇ ਆਲੇ-ਦੁਆਲੇ ਪਿੱਪਲ ਦੇ ਦੋ ਪੁਰਾਣੇ ਦਰੱਖਤ ਵੀ ਮੌਜੂਦ ਸਨ। ਇਸ ਵੇਲੇ ਇਹ ਖੂਹ ਬੰਦ ਪਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੰਭਾਲਿਆ ਹੋਇਆ ਸੀ। ਹੁਣ ਖੂਹ ਨੂੰ ਚਾਲੂ ਕਰਨ ਦੇ ਮੰਤਵ ਨਾਲ ਇਸ ਦੀ ਖੁਦਾਈ ਕੀਤੀ ਜਾ ਰਹੀ ਸੀ ਕਿ ਲਗਪਗ 40 ਫੁੱਟ ਹੇਠਾਂ ਮਿੱਟੀ ਦੀਆਂ ਟਿੰਡਾਂ ਮਿਲੀਆਂ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਗੁਰਦੁਆਰੇ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਪੁਰਾਤਨ ਖੂਹ ਦਾ ਜਲ ਸੰਗਤ ਨੂੰ ਛਕਾਉਣ ਦੇ ਮੰਤਵ ਨਾਲ ਇਸ ਦੀ ਖੁਦਾਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਸ ਖੂਹ ਨੂੰ ਸੁਰਜੀਤ ਕੀਤਾ ਜਾ ਸਕੇ। ਇਨ੍ਹਾਂ ਵਿੱਚੋਂ ਤਿੰਨ ਟਿੰਡਾਂ ਸਾਬਤ ਹਨ, ਜਦੋਂ ਕਿ ਬਾਕੀ ਟੁੱਟੀਆਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਟਿੰਡਾਂ ਗੁਰੂ ਸਾਹਿਬ ਦੇ ਵੇਲੇ ਨਾਲ ਸਬੰਧਤ ਹਨ। ਸ਼੍ਰੋਮਣੀ ਕਮੇਟੀ ਇਨ੍ਹਾਂ ਟਿੰਡਾਂ ਦੀ ਪੁਰਾਤਨਤਾ ਬਾਰੇ ਮਾਹਰਾਂ ਤੋਂ ਪਤਾ ਲਾਉਣ ਦਾ ਯਤਨ ਕਰੇਗੀ।
ਗੁਰਦੁਆਰਾ ਗਿਆਨ ਗੋਦੜੀ ਸਬੰਧੀ ਸਿੱਖ ਜਥੇਬੰਦੀਆਂ ਦੀ ਅਕਾਲ ਤਖਤ ਸਾਹਿਬ ‘ਤੇ ਹੋਈ ਮੀਟਿੰਗ
ਅੰਮ੍ਰਿਤਸਰ : ਹਰਿਦੁਆਰ ਵਿਖੇ ਸਥਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਸਬੰਧੀ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੀ ਬੈਠਕ ਬੁਲਾਈ ਗਈ। ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਰਾਏ ਦੇਣ ਤੋਂ ਬਾਅਦ ਜਥੇਦਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜ਼ਮੀਨ ਹਾਸਲ ਕਰਨ ਲਈ ਜਲਦ ਹੀ ਰਣਨੀਤੀ ਬਣਾਈ ਜਾਵੇਗੀ। ਇਸ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਬੈਠਕ ਵਿੱਚ ਵਿਚਾਰ ਕੀਤਾ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਤਕਰੀਬਨ 11 ਮੈਂਬਰਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ। ਇਹ ਕਮੇਟੀ ਉੱਥੋਂ ਦੀ ਸਰਕਾਰ ਨਾਲ ਸੰਪਰਕ ਕਰਕੇ ਇਸ ਇਤਿਹਾਸਕ ਗੁਰਦਵਾਰਾ ਸਾਹਿਬ ਦੀ ਜ਼ਮੀਨ ਹਾਸਲ ਕਰਨ ਲਈ ਯਤਨ ਕਰੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਜਾਣ ਵਾਲੇ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ। ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਹਰ ਧਰਮ ਤੇ ਹਰ ਜਥੇਬੰਦੀ ਤੋਂ ਇਲਾਵਾ ਸਾਰੀ ਕੌਮ ਨੂੰ ਸੱਦਾ ਦਿੱਤਾ ਜਾਂਦਾ ਹੈ।