-0.1 C
Toronto
Saturday, January 17, 2026
spot_img
Homeਪੰਜਾਬਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਦੇ ਮਾਮਲੇ ਦੀ ਸੁਣਵਾਈ

ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਦੇ ਮਾਮਲੇ ਦੀ ਸੁਣਵਾਈ

ਬੇਅਦਬੀ ਮਾਮਲਿਆਂ ਸਬੰਧੀ ਫਰੀਦਕੋਟ ਤੋਂ ਤਿੰਨ ਕੇਸ ਚੰਡੀਗੜ੍ਹ ਤਬਦੀਲ
ਫਰੀਦਕੋਟ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਤਿੰਨ ਕੇਸ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀਆਂ ਨੇ 2 ਦਸੰਬਰ 2022 ਨੂੰ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਆਪਣੇ ਖਿਲਾਫ ਚੱਲ ਰਹੇ ਕੇਸਾਂ ਨੂੰ ਭੈਅ-ਮੁਕਤ ਹੋ ਕੇ ਨਹੀਂ ਲੜ ਸਕਦੇ।
ਸੁਪਰੀਮ ਕੋਰਟ ਦੇ ਜੱਜ ਜਸਟਿਸ ਅਨੁਰਾਧਾ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਡੇਰਾ ਪ੍ਰੇਮੀਆਂ ਖਿਲਾਫ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਤਿੰਨਾਂ ਕੇਸਾਂ ਨੂੰ ਚੰਡੀਗੜ੍ਹ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਇਨ੍ਹਾਂ ਕੇਸਾਂ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਵੱਲੋਂ ਕੀਤੀ ਜਾਵੇਗੀ। ਹਾਲਾਂਕਿ ਡੇਰਾ ਪ੍ਰੇਮੀ ਇਨ੍ਹਾਂ ਕੇਸਾਂ ਨੂੰ ਹਰਿਆਣਾ, ਰਾਜਸਥਾਨ, ਦਿੱਲੀ ਜਾਂ ਕਿਸੇ ਹੋਰ ਸੂਬੇ ਵਿੱਚ ਲਿਜਾਣਾ ਚਾਹੁੰਦੇ ਸਨ ਜਿਸ ਦਾ ਪੰਜਾਬ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਸੀ। ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਡੇਰਾ ਪ੍ਰੇਮੀਆਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਅਦਾਲਤੀ ਸੁਣਵਾਈ ਦੌਰਾਨ ਕਦੇ ਕੋਈ ਘਟਨਾ ਨਹੀਂ ਵਾਪਰੀ।
ਬੇਅਦਬੀ ਮਾਮਲੇ ਚੰਡੀਗੜ੍ਹ ਤਬਦੀਲ ਹੋਣ ਕਾਰਨ ਨਿਰਾਸ਼ਾ ਦਾ ਆਲਮ
ਕੋਟਕਪੂਰਾ : ਫਰੀਦਕੋਟ ਅਦਾਲਤ ਵਿੱਚ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਸੁਣਵਾਈ ਛੇਤੀ ਹੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ੁਰੂ ਹੋਵੇਗੀ। ਇਸਦੇ ਚੱਲਦਿਆਂ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਿਖਰਲੀ ਅਦਾਲਤ ਦੇ ਉਕਤ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਢਾਹ ਲਾਈ ਹੈ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਜਬਰ-ਜਨਾਹ ਮਾਮਲੇ ਵਿੱਚ ਕੈਦ ਕੱਟ ਰਹੇ ਡੇਰਾ ਸਿਰਸਾ ਮੁਖੀ ਨੂੰ ਜ਼ਮਾਨਤ ਮਿਲਣ ਨਾਲ ਸਿੱਖ ਕੌਮ ਨੂੰ ਧੱਕਾ ਲੱਗਿਆ ਸੀ, ਉਸੇ ਤਰ੍ਹਾਂ ਬੇਅਦਬੀ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਹੋਣ ਨਾਲ ਸਿੱਖਾਂ ਦੇ ਸਵੈ-ਅਭਿਆਨ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਦਾਲਤ ਵਿਚ ਕੇਸ ਤਬਦੀਲ ਹੋਣ ਕਾਰਨ ਕਈ ਸਿੱਖ ਪੀੜਤਾਂ ਨੂੰ ਆਪਣੀ ਗੱਲ ਅਦਾਲਤ ਵਿੱਚ ਰੱਖਣ ‘ਚ ਪ੍ਰੇਸ਼ਾਨੀ ਹੋਵੇਗੀ।

 

RELATED ARTICLES
POPULAR POSTS