ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਹੋਏ ਘੁਟਾਲੇ ਦਿੱਲੀ ਨਾਲੋਂ ਵੱਡੇ ਹਨ। ਹੁਣ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਭ੍ਰਿਸ਼ਟ ਮੰਤਰੀਆਂ ਅਤੇ ਅਫ਼ਸਰਾਂ ਖਿਲਾਫ ਮੁਕੱਦਮੇ ਚਲਾਉਣ ਦਾ ਰਾਹ ਖੁੱਲ੍ਹ ਗਿਆ ਹੈ। ਮਜੀਠੀਆ ਨੇ ਮੰਗ ਕੀਤੀ ਕਿ ਪੰਜਾਬ ਵਿੱਚ ‘ਆਪ’ ਦੇ ਭ੍ਰਿਸ਼ਟ ਮੰਤਰੀਆਂ ਦੀਆਂ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਆਬਕਾਰੀ ਘੁਟਾਲੇ ਦੀ ਕੀਤੀ ਜਾ ਰਹੀ ਸੀਬੀਆਈ ਜਾਂਚ ਦਾ ਦਾਇਰਾ ਪੰਜਾਬ ਤੱਕ ਵੀ ਵਧਾਇਆ ਜਾਵੇ। ਉਨ੍ਹਾਂ ਇਹ ਮੰਗ ਕੀਤੀ ਕਿ ‘ਆਪ’ ਵੱਲੋਂ ਪੰਜਾਬ ਦੇ ਸਰਕਾਰੀ ਖ਼ਜ਼ਾਨੇ ‘ਚੋਂ ਪੈਸਾ ਹੋਰ ਰਾਜਾਂ ਵਿਚ ਚੋਣ ਮੁਹਿੰਮਾਂ ‘ਤੇ ਖਰਚ ਕਰਨ ਦੇ ਮਾਮਲੇ ਦੀ ਈਡੀ ਤੋਂ ਜਾਂਚ ਕਰਵਾਈ ਜਾਵੇ।